ਮਜੀਠਾ, 27 ਜਨਵਰੀ, 2017 : ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਉਪਰ ਭ੍ਰਿਸ਼ਟਾਚਾਰ ਤੇ ਸੰਪ੍ਰਦਾਇਕ ਏਕਤਾ ਨੂੰ ਲੈ ਕੇ ਦੋਹਰੇਪਨ ਲਈ ਵਰ੍ਹੇ ਤੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਕਿ ਉਹ ਭ੍ਰਿਸ਼ਟਾਚਾਰ ਖਿਲਾਫ ਲੜਨ ਦਾ ਦਾਅਵਿਆਂ ਕਰਦਿਆਂ ਭ੍ਰਿਸ਼ਟ ਅਕਾਲੀਆਂ ਨਾਲ ਕਿਵੇਂ ਮੰਚ ਸਾਂਝਾਂ ਕਰ ਸਕਦੇ ਹਨ।
ਇਥੇ ਪੰਜਾਬ 'ਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ, ਰਾਹੁਲ ਗਾਂਧੀ ਨੋਟਬੰਦੀ ਰਾਹੀਂ ਭ੍ਰਿਸ਼ਟਾਚਾਰ ਖਿਲਾਫ ਲੜਨ ਦਾ ਦਾਅਵਾ ਕਰਨ ਤੇ ਬਾਅਦ 'ਚ ਬਾਦਲਾਂ ਨਾਲ ਮੰਚ ਸਾਂਝਾ ਕਰਨ ਲੂੰ ਲੈ ਕੇ ਮੋਦੀ 'ਤੇ ਵਰ੍ਹੇ, ਜਿਹੜੇ ਪੰਜਾਬ 'ਚ ਪੂਰੀ ਤਰ੍ਹਾਂ ਨਾਲ ਭ੍ਰਿਸ਼ਟਾਚਾਰ 'ਚ ਡੁੱਬੇ ਹੋਏ ਹਨ।
ਇਸ ਦੌਰਾਨ ਪੰਜਾਬ 'ਚ ਧਾਰਮਿਕ ਗ੍ਰੰਥਾਂ ਤੇ ਸੰਸਥਾਵਾਂ ਦੀ ਬੇਅਦਬੀਆਂ ਤੇ ਈਸ਼ਨਿੰਦਾ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ, ਰਾਹੁਲ ਨੇ ਕਿਹਾ ਕਿ ਇਕ ਪਾਸੇ ਮੋਦੀ ਖੁਦ ਨੂੰ ਕਿਸੇ ਵੀ ਤਰ੍ਹਾਂ ਦੀ ਸੰਪ੍ਰਦਾਇਕਤਾ ਖਿਲਾਫ ਦੱਸਦੇ ਹਨ ਤੇ ਦੂਜੀ ਵੱਲ ਪੰਜਾਬ 'ਚ ਸੰਪ੍ਰਦਾਇਕ ਅਧਾਰ 'ਤੇ ਲੋਕਾਂ ਨੂੰ ਵੰਡ ਰਹੀ ਪਾਰਟੀ ਦਾ ਸਮਰਥਨ ਕਰ ਰਹੇ ਹਨ।
ਰਾਹੁਲ ਨੇ ਆਮ ਆਦਮੀ ਪਾਰਟੀ ਦੇ ਵੱਡੇ ਵਾਅਦਿਆਂ ਉਪਰ ਵੀ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਨੇ ਦਿੱਲੀ 'ਚ ਅਜਿਹੇ ਹੀ ਵਾਅਦੇ ਕੀਤੇ ਸਨ, ਲੇਕਿਨ ਇਕ ਵੀ ਪੂਰਾ ਕਰਨ 'ਚ ਨਾਕਾਮ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਦਿੱਲੀ 'ਚ ਰਹਿਣ ਵਾਲੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਤੋਂ ਉਥੇ ਕਾਂਗਰਸ ਤੇ ਆਪ ਦੇ ਸ਼ਾਸਨ 'ਚ ਅੰਤਰ ਬਾਰੇ ਪੁੱਛਣ ਦੀ ਅਪੀਲ ਕੀਤੀ।
ਜਦਕਿ ਐਸ.ਵਾਈ.ਐਲ ਦਾ ਜ਼ਿਕਰ ਕਰਦਿਆਂ, ਰਾਹੁਲ ਨੇ ਕਿਹਾ ਕਿ ਆਪ ਆਗੂ ਦਿੱਲੀ, ਹਰਿਆਣਾ ਤੇ ਪੰਜਾਬ ਅੰਦਰ ਵੱਖ ਵੱਖ ਗੱਲਾਂ ਕਰਦੇ ਹਨ। ਇਸ ਤੋਂ ਸਾਫ ਹੁੰਦਾ ਹੈ ਕਿ ਇਨ੍ਹਾਂ ਦੇ ਦਿਲਾਂ ਅੰਦਰ ਸਿਰਫ ਇਨ੍ਹਾਂ ਦੇ ਵਿਅਕਤੀਗਤ ਹਿੱਤ ਹਨ ਤੇ ਇਹ ਆਪਣੇ ਵਾਅਦਿਆਂ ਦਾ ਪਾਲਣ ਕਰਨ ਦੀ ਕਿਸੇ ਵੀ ਸੋਚ ਬਗੈਰ ਹਾਲਾਤਾਂ ਮੁਤਾਬਿਕ ਬਿਆਨ ਦਿੰਦੇ ਹਨ।
ਰਾਹੁਲ ਨੇ ਭੀੜ ਦੀ ਵਾਹ ਵਾਹ ਵਿੱਚ ਕਿਹਾ ਕਿ ਆਪ ਬਾਹਰੀ ਵਿਅਕਤੀਆਂ ਦੀ ਪਾਰਟੀ ਹੈ ਤੇ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀ।
ਮਜੀਠਾ ਦੀ ਇਹ ਰੈਲੀ ਰਾਹੁਲ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਇਕੱਠੇ ਕੀਤੀ ਜਾਣ ਵਾਲੀ ਤਿੰਨ ਪਬਲਿਕ ਮੀਟਿੰਗਾਂ 'ਚੋਂ ਪਹਿਲੀ ਸੀ।