ਚੰਡੀਗੜ੍ਹ, 22 ਮਾਰਚ, 2017 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਡਿਪਟੀ ਕਮਿਸ਼ਨਰਾਂ ਤੇ ਐੱਸ.ਐੱਸ.ਪੀ. ਨੂੰ ਸੂਬੇ ਅੰਦਰ ਵੀ.ਆਈ.ਪੀਜ਼ ਆਗੂਆਂ ਤੇ ਹੋਰ ਲੋਕਾਂ ਨੂੰ ਦਿੱਤੀ ਗਈ ਬੇਲੋੜੀ ਸਕਿਓਰਿਟੀ ਵਾਪਸ ਲੈਣ ਦੇ ਦਿੱਤੇ ਹੁਕਮਾਂ 'ਤੇ ਅਮਲ ਸ਼ੁਰੂ ਹੋ ਗਿਆ ਹੈ। ਜਾਰੀ ਸਰਕਾਰੀ ਹੁਕਮਾਂ ਮੁਤਾਬਕ 12 ਸਾਬਕਾ ਅਕਾਲੀ ਮੰਤਰੀਆਂ ਦੀ ਸਕਿਓਰਿਟੀ ਵਿਚ ਵੱਡੀ ਕਟੌਤੀ ਕਰਦਿਆਂ ਬਹੁਤਿਆਂ ਕੋਲ 2-2 ਗੰਨਮੈਨ ਹੀ ਛੱਡੇ ਗਏ ਹਨ, ਜਦਕਿ ਪਹਿਲਾਂ ਇਨ੍ਹਾਂ ਦੀ ਗਿਣਤੀ 9 ਤੋਂ ਲੈ ਕੇ 31 ਤੱਕ ਸੀ।
ਜਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਸਾਬਕਾ ਮੰਤਰੀਆਂ ਦੀ ਸਕਿਓਰਿਟੀ 'ਚ ਕਟੌਤੀ ਕੀਤੀ ਗਈ ਹੈ, ਉਨ੍ਹਾਂ ਵਿਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ 14 'ਚੋਂ 10, ਦਲਜੀਤ ਸਿੰਘ ਚੀਮਾ ਦੇ 11 'ਚੋਂ 9, ਗੁਲਜ਼ਾਰ ਸਿੰਘ ਰਣੀਕੇ ਦੇ 18 'ਚੋਂ 16, ਜਨਮੇਜਾ ਸਿੰਘ ਸੇਖੋਂ ਦੇ 18 'ਚੋਂ 16, ਸੋਹਣ ਸਿੰਘ ਠੰਢਲ ਦੇ 9 'ਚੋਂ 7, ਸੁਰਜੀਤ ਸਿੰਘ ਰੱਖੜਾ ਦੇ 17 'ਚੋਂ 15, ਤੋਤਾ ਸਿੰਘ ਤੇ 21 'ਚੋਂ 19 ਅਤੇ ਸਿਕੰਦਰ ਸਿੰਘ ਮਲੂਕਾ ਦੇ 31 'ਚੋਂ 27 ਸਰਕਾਰੀ ਗੰਨਮੈਨ ਵਾਪਸ ਲੈ ਲਏ ਗਏ ਹਨ। ਭਾਜਪਾ ਮੰਤਰੀਆਂ 'ਚ ਅਨਿਲ ਜੋਸ਼ੀ ਦੇ 16 'ਚੋਂ 12, ਭਗਤ ਚੂਨੀ ਲਾਲ ਦੇ 17 'ਚੋਂ 15, ਮਦਨ ਮੋਹਨ ਮਿੱਤਲ ਦੇ 13 'ਚੋਂ 11, ਸੁਰਜੀਤ ਕੁਮਾਰ ਜਿਆਣੀ ਦੇ 17 'ਚੋਂ 15 ਸਰਕਾਰੀ ਗੰਨਮੈਨ ਵਾਪਸ ਲਏ ਗਏ ਹਨ।