ਚੰਡੀਗੜ੍ਹ, 27 ਜਨਵਰੀ, 2017 : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ, ਚੰਡੀਗੜ੍ਹ ਵਿਖੇ ਸੱਦੀ ਪ੍ਰੈਸ ਮਿਲਣੀ ਵਿਚ ਅਕਾਲੀ ਦਲ ਦੇ ਐਨ ਆਰ ਆਈ ਵਿੰਗ ਦੇ ਅਹੁਦੇਦਾਰ ਸਨਮੁੱਖ ਹੋਏ। ਇਸ ਮੀਟਿੰਗ ਅਤੇ ਪੱਤਰਕਾਰ ਮਿਲਣੀ ਦਾ ਸੰਚਾਲਨ ਅਕਾਲੀ ਦਲ ਦੇ ਦਫਤਰ ਸਕੱਤਰ ਅਤੇ ਐਨ ਆਰ ਆਈ ਕੋਆਡੀਨੇਟਰ ਚਰਨਜੀਤ ਬਰਾੜ ਨੇ ਕੀਤਾ। ਇਸ ਮਿਲਣੀ ਦਾ ਮਕਸਦ ਇਹ ਦੱਸਣਾ ਸੀ ਕਿ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਹਿਮਾਇਤ ਅਤੇ ਪ੍ਰਚਾਰ ਕਰਨ ਆ ਰਹੇ ਨੇ। ਆਮ ਆਦਮੀ ਪਾਰਟੀ ਉੱਤੇ ਹਮਲਾ ਕਰਦੇ ਹੋਏ ਚਰਨਜੀਤ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਗੱਲ ਦਾ ਝੂਠਾ ਪ੍ਰਚਾਰ ਕਰ ਰਹੀ ਹੈ ਕਿ ਵਿਦੇਸ਼ਾਂ ਚ ਵੱਸਦੇ ਪੰਜਾਬੀ ਸਿਰਫ ਉਹਨਾਂ ਦੀ ਹੀ ਸਪੋਰਟ ਕਰਦੇ ਨੇ। ਉਹਨਾਂ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇ ਨਜ਼ਰ ਅਕਾਲੀ ਦਲ ਦੇ ਪ੍ਰਚਾਰ ਲਈ ਅਮਰੀਕਾ, ਕੈਨੇਡਾ, ਯੂਰਪ ਆਦਿ ਤੋਂ ਲੋਕੀਂ ਪਿਛਲੇ 2 ਮਹੀਨਿਆਂ ਤੋਂ ਪਿੰਡਾਂ ਵਿਚ ਪੁੱਜ ਰਹੇ ਹਨ ਤਾਂਕਿ ਪੰਜਾਬ ਦੇ ਵਿਕਾਸ ਵਿਚ ਕੋਈ ਰੁਕਾਵਟ ਨਾ ਪਾਵੇ ਅਤੇ ਪੰਜਾਬ ਤਰੱਕੀ ਦੇ ਰਾਹ ਤੇ ਚਲਦਾ ਰਹੇ। ਸਤਪਾਲ ਸਿੰਘ ਬਰਾੜ, ਕੁਲਵੰਤ ਸਿੰਘ ਖਹਿਰਾ ਅਤੇ ਮੋਹਨ ਸਿੰਘ ਖੱਟੜਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਦੱਸਿਆ ਕਿ ਅਮਰੀਕਾ ਵਿਚ ਵੱਸਦੇ ਤਰੱਕੀ ਪਸੰਦ ਲੋਕੀਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਚਾਹੁੰਦੇ ਨੇ। ਨਿਊਜ਼ੀਲੈਂਡ ਤੋਂ ਆਏ ਇੱਕ ਐਨ ਆਰ ਆਈ ਨੇ ਕਿਹਾ ਉਹਨਾਂ ਨੇ ਜੋ ਵਿਦੇਸ਼ਾਂ ਵਿਚ ਪ੍ਰਚਾਰ ਸੁਣਿਆ ਸੀ ਪੰਜਾਬ ਦੀ ਤਸਵੀਰ ਉਸ ਤੋਂ ਉੱਕਾ ਹੀ ਅਲੱਗ ਹੈ। ਅਮਰੀਕ ਸਿੰਘ ਸ਼ਿਕਾਗੋ ਨੇ ਆਮ ਆਦਮੀ ਪਾਰਟੀ ਉੱਤੇ ਵਰਦੇ ਹੋਏ ਕਿਹਾ ਕਿ ਪੰਜਾਬ ਪੰਜਾਬੀਆਂ ਦਾ ਹੈ ਅਤੇ ਕੇਜਰੀਵਾਲ ਕੋਲ ਪੰਜਾਬ ਲਈ ਕੋਈ ਵੀ ਸਕਾਰਤਮਕ ਵਿਓਂਤ ਨਹੀਂ। ਸਤਪਾਲ ਬਰਾੜ ਨੇ ਕਿਹਾ ਕਿ ਇਹ ਇਕੱਠ ਸਿਰਫ ਸਾਡੇ ਅਹੁਦੇਦਾਰਾਂ ਦਾ ਹੈ, ਵਿਦੇਸ਼ਾਂ ਤੋਂ ਆਏ ਅਕਾਲੀ ਵਰਕਰ ਪਿੰਡ ਪਿੰਡ ਵਿਚ ਡਟੇ ਹੋਏ ਨੇ ਅਤੇ ਅਕਾਲੀ ਦਲ ਲਈ ਚੋਣ ਪ੍ਰਚਾਰ ਕਰ ਰਹੇ ਨੇ।
ਇਸ ਮੌਕੇ ਕੈਨੇਡਾ ਦੀ ਜੰਮਪਲ ਅਤੇ ਸਾਬਕਾ ਸੰਸਦ ਮੈਂਬਰ ਡਾ. ਰੂਬੀ ਢਾਲਾ ਨੇ ਵੀ ਸ਼ਿਰਕਤ ਕੀਤੀ ਅਤੇ ਆਖਰੀ ਟਿੱਪਣੀਆਂ ਕੀਤੀਆਂ, ਉਹਨਾਂ ਦੱਸਿਆ ਕਿ ਪੰਜਾਬ ਕੋਲ ਮੌਕਾ ਹੈ ਹੋਰ ਅੱਗੇ ਵੱਧਣ ਦਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਸਾਂਝ ਇਸ ਵਿਚ ਸਹਾਈ ਹੋਵੇਗੀ। ਉਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਜਾਬੀਅਤ ਦੇ ਭਵਿੱਖ ਲਈ ਅਕਾਲੀ ਭਾਜਪਾ ਸਰਕਾਰ ਬਣਾਉਣੀ ਜ਼ਰੂਰੀ ਹੈ। ਇਸ ਮਿਲਣੀ ਵਿਚ ਕਾਂਗਰਸ ਦੇ ਇਤਿਹਾਸ ਨੂੰ ਵੀ ਫਰੋਲਿਆ ਗਿਆ ਅਤੇ ਚਰਨਜੀਤ ਬਰਾੜ ਨੇ ਕਿਹਾ ਕਿ ਅਕਾਲੀ ਦਲ ਦੇ ਵਿਦੇਸ਼ਾਂ ਚ ਵੱਸਣ ਵਾਲੇ ਪੰਜਾਬ ਆ ਕੇ ਕੰਮ ਕਰਦੇ ਨੇ, 'ਆਪ' ਦੇ ਸਮਰਥਕਾਂ ਵਾਂਗ ਖਾਲੀ ਢੋਲ ਨਹੀਂ ਵਜਾਉਂਦੇ I ਇਸ ਮੌਕੇ ਵਿਦੇਸ਼ੀ ਪੰਜਾਬੀਆਂ ਵੱਲੋਂ ਮੀਡੀਆ ਦਾ ਵੀ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਬੇਨਤੀ ਕੀਤੀ ਕਿ ਪੰਜਾਬ ਅਤੇ ਦੇਸ਼ ਦੀ ਸੁੱਖ-ਸ਼ਾਂਤੀ ਬਰਕਰਾਰ ਰੱਖਣ ਲਈ ਪੰਜਾਬ ਦੀ ਅਸਲ ਤਸਵੀਰ ਹੀ ਵਿਦੇਸ਼ਾਂ ਵਿਚ ਪੇਸ਼ ਕਰਨੀ ਚਾਹੀਦੀ ਹੈ।
ਇਸ ਮੌਕੇ ਅਮਰੀਕਾ ਤੋਂ ਰਵਿੰਦਰ ਸਿੰਘ ਬੌਲ, ਹਰਪ੍ਰੀਤ ਸਿੱਧੂ, ਜਸਵੀਰ ਸਿੰਘ, ਪ੍ਰਭਪਾਲ ਬਾਜਵਾ, ਗੁਰਸੇਵਕ ਸਿੰਘ ਭੰਗੂ , ਪਰਵਿੰਦਰ ਸਿੰਘ ਰਾਠੌੜ, ਨਰਦੇਵ ਰਾਣਾ, ਦਲਜੀਤ ਸਿੰਘ ਨਿਉਜ਼ੀਲੈਂਡ ਤੋਂ ਸੁਖਜਿੰਦਰ ਸਿੰਘ, ਕੁਲਦੀਪ ਸਹੋਤਾ, ਜਗਮੋਹਨ ਸਿੰਘ, ਰਸ਼ਪਾਲ ਸਿੰਘ, ਦਰਸ਼ਨ ਸਿੰਘ ਭਿੰਡਰ ਗੁਰਜੰਟ ਸਿੰਘ, ਜਗਜੀਤ ਸਿੰਘ ਬਰਾੜ, ਆਸਟ੍ਰੇਲੀਆ ਤੋਂ ਮਨਦੀਪ ਸਿੰਘ ਸੋਹਲ, ਹਰਜੀਤ ਸਿੰਘ, ਪ੍ਰਿਤਪਾਲ ਸਿੰਘ ਕਪੂਰ, ਅਮਰਜੀਤ ਸਿੰਘ ਸਹੋਤਾ, ਰਵਿੰਦਰ ਲੋਪੋਂ, ਕੈਨੇਡਾ ਤੋਂ ਬਚਿਤ੍ਰ ਸਿੰਘ ਘੋਲੀਆ, ਮਨਜੀਤ ਸਿੰਘ, ਕਰਨਜੀਤ ਸਿੰਘ ਹੁੰਦਲ, ਬਲਜਿੰਦਰ ਸਿੰਘ, ਅਜੀਤ ਬਰਾੜ, ਜੋਤੀ ਸਿੰਘ ਮਾਨ, ਗਿਆਨ ਸਿੰਘ ਲਂਗੇੜੀ ਗੁਰਨਾਮ ਸਿੰਘ ਗਿੱਲ ਆਦਿ ਨੇ ਸ਼ਿਰਕਤ ਕੀਤੀ