ਪਟਿਆਲਾ, 14 ਜਨਵਰੀ, 2017 : ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਨੂੰ ਇਕ ਵੱਡਾ ਝਟਕਾ ਲੱਗਿਆ ਹੈ, ਜਿਸਦੇ ਮੁੱਖ ਯੂਥ ਲੀਡਰਾਂ 'ਚੋਂ ਇਕ ਹਰਮੀਤ ਸਿੰਘ ਪਠਾਨਮਾਜ਼ਰਾ ਸ਼ਨੀਵਾਰ ਨੂੰ ਪਟਿਆਲਾ ਤੋਂ ਵਿਧਾਇਕ ਪਰਨੀਤ ਕੌਰ ਦੀ ਮੌਜ਼ੂਦਗੀ ਹੇਠ ਇਥੇ ਕਾਂਗਰਸ 'ਚ ਸ਼ਾਮਿਲ ਹੋ ਗਏ।
ਪਠਾਨਮਾਜ਼ਰਾ ਦਾ ਪਾਰਟੀ 'ਚ ਸਵਾਗਤ ਕਰਦਿਆਂ, ਪਰਨੀਤ ਨੇ ਭਰੋਸਾ ਪ੍ਰਗਟਾਹਿਆ ਕਿ ਪਟਿਆਲਾ ਜ਼ਿਲ੍ਹੇ ਤੇ ਖਾਸ ਕਰਕੇ ਸਨੌਰ ਵਿਧਾਨ ਸਭਾ ਹਲਕੇ ਅੰਦਰ ਮਜ਼ਬੂਤ ਅਧਾਰ ਰੱਖਣ ਵਾਲੇ ਇਸ ਨੌਜ਼ਵਾਨ ਆਗੂ ਦਾ ਕਾਂਗਰਸ 'ਚ ਸ਼ਾਮਿਲ ਹੋਣਾ ਪਟਿਆਲਾ 'ਚ ਉਸਦੇ ਚੋਣ ਪ੍ਰਚਾਰ ਨੂੰ ਹੋਰ ਉਤਸਹ ਦੇਵੇਗਾ।
ਪਰਨੀਤ ਨੇ ਕਿਹਾ ਕਿ ਇਹ ਇਸ ਗੱਲ ਦਾ ਲੱਛਣ ਹੈ ਕਿ ਨਾ ਸਿਰਫ ਪੰਜਾਬ ਦੇ ਲੋਕ, ਸਗੋਂ ਸਹੀ ਅਕਾਲੀ ਆਗੂ ਤੇ ਵਰਕਰ ਵੀ ਬਾਦਲ ਦੇ ਕੁਸ਼ਾਸਨ ਹੇਠਾਂ ਘੁਟਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੀਨੀਅਰ ਅਕਾਲੀ ਆਗੂ ਕਾਂਗਰਸ 'ਚ ਸ਼ਾਮਿਲ ਹੋਣ ਲਈ ਪਾਰਟੀ ਨੂੰ ਛੱਡ ਰਹੇ ਹਨ, ਇਹ ਖੁਦ ਸਾਬਤ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਿਰਫ ਕਾਂਗਰਸ ਹੀ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਵਾਪਿਸ ਲਿਆ ਸਕਦੀ ਹੈ।
ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਉਪਰ ਪੂਰਾ ਭਰੋਸਾ ਪ੍ਰਗਟਾਉਂਦਿਆਂ, ਪਠਾਨਮਾਜ਼ਰਾ ਨੇ ਕਿਹਾ ਕਿ ਉਹ ਬਗੈਰ ਕਿਸੇ ਸ਼ਰਤ ਤੋਂ ਪਾਰਟੀ 'ਚ ਸ਼ਾਮਿਲ ਹੋਏ ਹਨ। ਬੀਤੇ ਸਾਲ ਸਤੰਬਰ 'ਚ ਪਾਰਟੀ ਨੂੰ ਛੱਡਣ ਤੋਂ ਪਹਿਲਾਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਪਠਾਨਮਾਜ਼ਰਾ ਨੇ ਕਿਹਾ ਕਿ ਬਾਦਲ ਦੋਨਾਂ ਹੱਥਾਂ ਨਾਲ ਪੰਜਾਬ ਨੂੰ ਲੁੱਟ ਰਹੇ ਹਨ।
ਇਥੇ ਮੋਤੀ ਬਾਗ ਮਹਿਲ ਵਿਖੇ ਰਸਮੀ ਤੌਰ 'ਤੇ ਕਾਂਗਰਸ 'ਚ ਸ਼ਾਮਿਲ ਹੋਣ ਤੋਂ ਬਾਅਦ, ਉਨ੍ਹਾਂ ਨੇ ਕਿਹਾ ਕਿ ਸਿਰਫ ਕੈਪਟਨ ਅਮਰਿੰਦਰ ਹੀ ਪੰਜਾਬ ਦੇ ਵਧੀਆ ਦਿਨ ਵਾਪਿਸ ਲਿਆ ਸਕਦੇ ਹਨ। ਇਸ ਮੌਕੇ ਪਠਾਨਮਾਜ਼ਰਾ ਨਾਲ ਉਨ੍ਹਾਂ ਦੇ ਸਮਰਥਕ ਵੀ ਕਾਂਗਰਸ 'ਚ ਸ਼ਾਮਿਲ ਹੋ ਗਏ।
ਦੋ ਦਹਾਕਿਆਂ ਤੱਕ ਅਕਾਲੀ ਦਲ ਨਾਲ ਜੁੜੇ ਰਹੇ ਪਠਾਨਮਾਜ਼ਰਾ, ਪਾਰਟੀ ਛੱਡਣ ਤੋਂ ਪਹਿਲਾਂ ਯੂਥ ਅਕਾਲੀ ਦਲ ਪਟਿਆਲਾ ਦੇ ਸਾਬਕਾ ਪ੍ਰਧਾਨ ਤੇ ਭੁਨੇਰਹੇਰੀ ਬਲਾਕ ਸੰਮਤੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।