ਖਰੜ ਤੋਂ ਅਕਾਲੀ ਬੀ ਜੇ ਪੀ ਉਮੀਦਵਾਰ ਰਣਜੀਤ ਸਿੰਘ ਗਿੱਲ ਨੁੱਕੜ ਮੀਟਿੰਗ ਕਰਦੇ ਹੋਏ।
ਖਰੜ, 13 ਜਨਵਰੀ 2017 : ਖਰੜ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਹਲਕੇ ਦੇ ਵੱਖ ਵੱਖ ਖੇਤਰਾਂ ਵਿਚ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਖਰੜ ਦੇ ਵਾਰਡ ਨੰਬਰ 20 ਦਾ ਦੌਰਾ ਕਰਦੇ ਹੋਏ ਖਰੜ ਵਾਸੀਆਂ ਦੀਆਂ ਸਥਾਨਕ ਸਮੱਸਿਆਵਾਂ ਸੁਣੀਆਂ। ਅਕਾਲੀ ਦਲ ਦੇ ਕੌਂਸਲਰ ਮਾਨ ਸਿੰਘ ਵੱਲੋਂ ਕਰਵਾਈ ਗਈ ਨੁੱਕੜ ਮੀਟਿੰਗ ਵਿਚ ਵਾਰਡ 20 ਸਮੇਤ ਇਲਾਕੇ ਦੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕਰਦੇ ਹੋਏ ਉਮੀਦਵਾਰ ਗਿੱਲ ਦੇ ਵਿਚਾਰ ਸੁਣੇ। ਇਸ ਮੌਕੇ ਤੇ ਰਣਜੀਤ ਸਿੰਘ ਗਿੱਲ ਨੇ ਖਰੜ ਹਲਕਾ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਤਰਜ਼ੀਹ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਇਸ ਹਲਕੇ ਦੀ ਚਿਰ ਤੋਂ ਲਟਕ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਕੰਜੋਲੀ ਵਾਟਰ ਵਰਕਸ ਨਾਲ ਜੋੜ ਕੇ ਕਰਨਗੇ। ਗਿੱਲ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਖਰੜ ਹਲਕੇ ਦੀ ਤਰੱਕੀ ਹੈ ਅਤੇ ਉਹ ਖਰੜ ਨੂੰ ਚੰਡੀਗੜ੍ਹ ਅਤੇ ਮੁਹਾਲੀ ਵਾਂਗ ਇਕ ਖ਼ੂਬਸੂਰਤ ਹਲਕੇ ਵਜੋਂ ਵਿਕਸਤ ਕਰਨਗੇ । ਗਿੱਲ ਨੇ ਅੱਗੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਹੀ ਹੁਣ ਤੱਕ ਖਰੜ ਵਿਚ ਭਾਰੀ ਵਿਕਾਸ ਕੀਤਾ ਹੈ ਭਾਵੇਂ ਕਿ ਇਸ ਹਲਕੇ ਵਿਚ ਵਿਰੋਧੀ ਧਿਰ ਦਾ ਐਮ ਐਲ ਏ ਸੀ ।
ਇਸ ਮੌਕੇ ਵਾਰਡ 20 ਦੇ ਨਿਵਾਸੀਆਂ ਨੇ ਗਿੱਲ ਨਾਲ ਹੋਰ ਕਈ ਲੋਕਲ ਮਸਲੇ ਵੀ ਸਾਂਝੇ ਕੀਤੇ ਜਿਨ੍ਹਾਂ ਦਾ ਉਨ੍ਹਾਂ ਅਕਾਲੀ ਭਾਜਪਾ ਸਰਕਾਰ ਆਉਣ ਤੇ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿਤਾ। ਇਸ ਮੌਕੇ ਤੇ ਦਰਸ਼ਨ ਸਿੰਘ ਸ਼ਿਵਜੋਤ, ਨਰਿੰਦਰ ਪਾਲ ਸਿੰਘ, ਹਰੀਸ਼ ਚੰਦਰ, ਸੁਖਦੇਵ ਰਾਜ, ਪਰਮ ਦੇਵ ,ਮੋਹਨ ਸਿੰਘ, ਤਰਸੇਮ, ਸੋਨੂੰ ਸੈਣੀ, ਮਾਸਟਰ ਪਾਲ ਸਿੰਘ, ਬੀਰਦਵਿੰਦਰ ਸਿੰਘ ਹੈਪੀ ਸਮੇਤ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।