ਸੰਗਰੂਰ, 28 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਪੰਜਾਬ ਦੀ ਸਿਆਸਤ ਵਿੱਚ ਮਜਬੂਤ ਧੜੇ ਵਜੋਂ ਜਾਣੇ ਜਾਂਦੇ ਸਵ. ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨੇ ਆਪਣੇ ਸਮੂਹ ਸਮਰੱਥਕਾਂ ਸਮੇਤ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਦੇ ਹੋਏ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਪੂਰਨ ਹਿਮਾਇਤ ਦੇਣ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਸੰਗਰੂਰ ਦੇ ਸੁਨਾਮ ਰੋਡ ਉੱਪਰ ਸਥਿੱਤ ਕੈਲਫੌਰਨੀਆ ਪੈਲੇਸ ਵਿਖੇ ਹੋਏ ਇੱਕ ਵਿਸ਼ਾਲ ਸਮਾਗਮ ਦੌਰਾਨ ਬਰਨਾਲਾ ਪਰਿਵਾਰ ਵੱਲੋਂ ਬੀਬੀ ਸੁਰਜੀਤ ਕੌਰ ਬਰਨਾਲਾ, ਸਾਬਕਾ ਵਿਧਾਇਕ ਗਗਨਦੀਪ ਸਿੰਘ ਬਰਨਾਲਾ ਅਤੇ ਸਿਮਰਪ੍ਰਤਾਪ ਸਿੰਘ ਬਰਨਾਲਾ ਤੋਂ ਇਲਾਵਾ ਬਲਦੇਵ ਸਿੰਘ ਮਾਨ ਨੇ ਆਪਣੇ ਸੈਂਕੜੇ ਸਮਰੱਥਕਾਂ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਦੀ ਹਾਜਰੀ ਵਿੱਚ ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਪੰਜਾਬ ਹਿੱਤ ਲਈ ਸ਼੍ਰੋ.ਅ.ਦ. ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਬਰਨਾਲਾ ਪਰਿਵਾਰ ਦੇ ਸਮਰੱਥਕਾਂ ਦੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਰਨਾਲਾ ਪਰਿਵਾਰ ਦੀ ਘਰ ਵਾਪਸੀ ਨਾਲ ਸ਼੍ਰੋ.ਅ.ਦ. ਅਤੇ ਭਾਜਪਾ ਗਠਜੋੜ ਨੂੰ ਬਹੁਤ ਜਿਆਦਾ ਮਜਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋ.ਅ.ਦ. ਬਹੁਤ ਵੱਡਾ ਪਰਿਵਾਰ ਹੈ ਅਤੇ ਪਰਿਵਾਰਾਂ ਵਿੱਚ ਅਕਸਰ ਗਿਲੇ ਸ਼ਿਕਵੇ ਹੋ ਜਾਂਦੇ ਹਨ, ਪਰ ਜਦੋਂ ਗੱਲ ਪੰਜਾਬ ਦੇ ਹਿੱਤਾਂ ਦੀ ਹੋਵੇ ਤਾਂ ਸਮੂਹ ਅਕਾਲੀ ਆਗੂ ਅਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇੱਕਜੁਟ ਹੋ ਜਾਂਦੇ ਹਨ। ਅੱਜ ਸਾਡੇ ਪੰਜਾਬ ਨੂੰ ਲੋਕ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਪ ਤੋਂ ਬਚਾਉਣਾ ਵੀ ਸਮੇਂ ਹੀ ਅਹਿਮ ਲੋੜ ਹੈ। ਇਸ ਲਈ ਸੂਬੇ ਦੇ ਭਲਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂ ਅਤੇ ਵਰਕਰ ਇੱਕ ਮੰਚ 'ਤੇ ਇਕੱਠੇ ਹੋ ਚੁੱਕੇ ਹਨ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇੱਕਜੁਟ ਹੋਏ ਅਕਾਲੀ-ਭਾਜਪਾ ਗਠਜੋੜ ਨੂੰ ਹਰਾਉਣਾ ਮੁਸ਼ਕਿਲ ਹੀ ਨਹੀਂ. ਸਗੋਂ ਨਾਮੁਮਕਿਨ ਹੈ।
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਨੂੰ ਪੰਜਾਬੀਆਂ ਉੱਪਰ ਭਰੋਸਾ ਹੈ। ਇਸੇ ਕਰਕੇ ਉਸਨੇ ਪੰਜਾਬ ਦੇ ਦੋ ਇੰਚਾਰਜ਼ ਲਗਾਏ, ਜਿਨ੍ਹਾਂ ਵਿੱਚੋਂ ਇੱਕ ਯੂ.ਪੀ. ਤੋਂ ਹੈ ਅਤੇ ਦੂਜਾ ਬਿਹਾਰ ਤੋਂ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਪੰਜਾਬ ਦੀ ਅਮਨ-ਸ਼ਾਂਤੀ ਤੇ ਖੁਸ਼ਹਾਲੀ ਰਾਸ ਨਹੀਂ ਆ ਰਹੀ। ਇਹ ਸਿਰਫ ਕਾਂਗਰਸ ਪਾਰਟੀ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਪੰਜਾਬ ਦੀ ਖੁਸ਼ਹਾਲੀ ਭੰਗ ਕਰਨਾ ਚਾਹੁੰਦੇ ਹਨ। ਇਨ੍ਹਾਂ ਕੋਲ ਪੰਜਾਬ ਦੇ ਹਿੱਤ ਵਿੱਚ ਕੋਈ ਪ੍ਰੋਗਰਾਮ ਨਹੀਂ ਹੈ। ਸਿਰਫ ਗੁੰਮਰਾਹਕੁੰਨ ਪ੍ਰਚਾਰ ਕਰਕੇ ਵੋਟ ਬੈਂਕ ਲੁੱਟਣਾ ਚਾਹੁੰਦੇ ਹਨ।
ਹਲਕਾ ਸੰਗਰੂਰ ਤੋਂ ਗਠਜੋੜ ਦੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਬਰਨਾਲਾ ਪਰਿਵਾਰ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ। ਸ਼੍ਰੋ.ਅ.ਦ. ਵਿੱਚ ਰਹਿੰਦਿਆਂ ਇਸ ਪਰਿਵਾਰ ਨੇ ਸੂਬੇ ਦੇ ਲੋਕਾਂ ਦੇ ਹਿੱਤਾਂ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਹਨ, ਜਿਸ ਕਾਰਨ ਪੂਰੇ ਸੂਬੇ ਵਿੱਚ ਲੋਕਾਂ ਦਾ ਬਰਨਾਲਾ ਪਰਿਵਾਰ ਨਾਲ ਅਥਾਹ ਪਿਆਰ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਪਰਿਵਾਰ ਦੀ ਘਰ ਵਾਪਸੀ ਨਾਲ ਸਿਰਫ ਹਲਕਾ ਸੰਗਰੂਰ ਹੀ ਨਹੀਂ, ਸਗੋਂ ਪੂਰੇ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਰ ਵਧੇਰੇ ਮਜਬੂਤ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਅਕਾਲੀ-ਭਾਜਪਾ ਗਠਜੋੜ ਲੋਕਾਂ ਦੇ ਸਹਿਯੋਗ ਨਾਲ ਪਹਿਲਾਂ ਨਾਲੋਂ ਵੀ ਕਿਤੇ ਵੱਧ ਸੀਟਾਂ ਜਿੱਤ ਕੇ ਤੀਜੀ ਵਾਰ ਸਰਕਾਰ ਬਣਾਉਣ ਦਾ ਸੁਨਹਿਰੀ ਇਤਿਹਾਸ ਰਚੇਗਾ।
ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਸਮੂਹ ਬਰਨਾਲਾ ਪਰਿਵਾਰ ਅਤੇ ਸਮਰੱਥਕਾਂ ਵੱਲੋਂ ਸ. ਬਾਦਲ ਨੂੰ ਭਰੋਸਾ ਦੁਆਇਆ ਕਿ ਉਹ ਸੂਬੇ ਦੇ ਹਿੱਤ ਲਈ ਸ਼੍ਰੋ.ਅ.ਦ. ਅਤੇ ਭਾਜਪਾ ਗਠਜੋੜ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਅੱਜ ਸਮਾਂ ਆ ਗਿਆ ਕਿ ਨਿੱਜੀ ਹਿੱਤਾਂ ਨੂੰ ਭੁਲਾ ਕੇ ਪੰਜਾਬ ਦੀ ਭਲਾਈ ਲਈ ਇੱਕਜੁਟ ਹੋ ਕੇ ਲੜਾਈ ਲੜੀਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਧੂਰੀ ਤੋਂ ਗਠਜੋੜ ਦੇ ਉਮੀਦਵਾਰ ਹਰੀ ਸਿੰਘ, ਪ੍ਰਸਿੱਧ ਗਾਇਕ ਕੇ.ਐਸ. ਮੱਖਣ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਵਿਨਰਜੀਤ ਸਿੰਘ ਗੋਲਡੀ, ਕਰਨ ਘੁਮਾਣ ਕੈਨੇਡਾ, ਰਾਗੀ ਗ੍ਰੰਥੀ ਸਭਾ ਦੇ ਸੂਬਾ ਪ੍ਰਧਾਨ ਜਗਮੇਲ ਸਿੰਘ ਛਾਜਲਾ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ-ਸਰਪੰਚ, ਐਸ.ਜੀ.ਪੀ.ਸੀ. ਮੈਂਬਰ, ਵਾਰਡਾਂ ਦੇ ਐਮ.ਸੀ. ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜਿਰ ਸਨ।