ਚੰਡੀਗੜ੍ਹ, 29 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੂੰ ਆਪਣੀ ਭਾਸ਼ਾ ਉੱਤੇ ਲਗਾਮ ਲਾਉਣ ਦੀ ਸਲਾਹ ਦਿੱਤੀ ਹੈ। ਪਾਰਟੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਉਮਰ ਬਾਰੇ ਘਟੀਆ ਸ਼ਬਦਾਵਲੀ ਵਰਤਣ ਵਾਲੇ ਅਮਰਿੰਦਰ ਨੂੰ ਆਪਣੇ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ, ਜਿਸ ਨੂੰ ਦੋ ਜਣੇ ਫੜ ਕੇ ਉਠਾਉਂਦੇ ਹਨ। ਦੂਜੇ ਪਾਸੇ ਵੱਡੀ ਉਮਰ ਵਿਚ ਵੀ ਸ਼ ਬਾਦਲ ਪੰਜਾਬ ਅਤੇ ਪਾਰਟੀ ਦੋਵਾਂ ਨੂੰ ਸੰਭਾਲਣ ਦੀ ਸਮਰੱਥਾ ਰੱਖਦੇ ਹਨ।
ਪਾਰਟੀ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾ ਨੇ ਕਿਹਾ ਕਿ ਜਲਾਲਾਬਾਦ ਵਿਚ ਅਮਰਿੰਦਰ ਵੱਲੋਂ ਬਾਦਲ ਸਾਹਿਬ ਦੀ ਉਮਰ ਬਾਰੇ ਕੀਤੀ ਟਿੱਪਣੀ ਤੋਂ ਉਸ ਦੇ ਬੇਹੂਦਾ ਸੰਸਕਾਰਾਂ ਦੀ ਬਦਬੂ ਆਉਂਦੀ ਹੈ। ਉਹਨਾਂ ਕਿਹਾ ਕਿ ਵਧਦੀ ਉਮਰ ਦੇ ਨਾਲ ਅਮਰਿੰਦਰ ਦਾ ਮਾਨਸਿਕ ਸਤੁੰਲਨ ਵਿਗੜ ਗਿਆ ਹੈ। ਜ਼ਿਆਦਾ ਸ਼ਰਾਬ ਪੀਣ ਕਰਕੇ ਉਸ ਦੀ ਜ਼ੁਬਾਨ ਲੜਖੜਾਉਣ ਲੱਗੀ ਹੈ ਅਤੇ ਉਹ ਅਵਾ ਤਵਾ ਬੋਲਣ ਲੱਗਿਆ ਹੈ। ਉਹਨਾਂ ਕਿਹਾ ਬਜ਼ੁਰਗ ਬਾਦਲ ਬਾਰੇ ਅਜਿਹੀ ਟਿੱਪਣੀ ਕਰਕੇ ਅਮਰਿੰਦਰ ਨੇ ਆਪਣੇ ਸ਼ਾਹੀ ਪਰਿਵਾਰ ਦਾ ਅਪਮਾਨ ਕੀਤਾ ਹੈ।
ਸ਼ ਢੀਂਡਸਾ ਨੇ ਕਿਹਾ ਕਿ ਜੇ ਅਮਰਿੰਦਰ ਨੂੰ ਇਹ ਲੱਗਦਾ ਹੈ ਕਿ ਸ਼ ਬਾਦਲ ਵਿਰੁੱਧ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਸੱਤਾ ਮਿਲ ਜਾਵੇਗੀ ਤਾਂ ਉਹ ਭਰਮ ਦਾ ਸ਼ਿਕਾਰ ਹਨ। ਪੰਜਾਬ ਦਾ ਸੱਭਿਆਚਾਰ ਇਹ ਹੈ ਕਿ ਉੱਥੇ ਬਜ਼ੁਰਗਾਂ ਦਾ ਸਨਮਾਨ ਕੀਤਾ ਜਾਂਦਾ ਹੈ। ਜਿਸ ਵਿਅਕਤੀ ਨੂੰ ਪੰਜਾਬ ਦੇ ਸੱਭਿਆਚਾਰ ਦੀ ਹੀ ਪਰਵਾਹ ਨਾ ਹੋਵੇ, ਅਜਿਹੇ ਵਿਅਕਤੀ ਨੂੰ ਪੰਜਾਬ ਦੇ ਲੋਕ ਆਪਣੇ ਉੱਤੇ ਹਕੂਮਤ ਕਰਨ ਦਾ ਹੱਕ ਕਦੇ ਨਹੀਂ ਦੇਣਗੇ।