ਚੰਡੀਗੜ੍ਹ, 15 ਫਰਵਰੀ 2017 : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਾਭਾ ਜੇਲ ਕਾਂਡ ਵਿੱਚ ਪੁਲਿਸ-ਸਿਆਸੀ-ਅਪਰਾਧਿਕ ਗਠਜੋੜ ਦਾ ਪਰਦਾਫਾਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ. ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜੇਲ ਬ੍ਰੇਕ ਸਾਜਿਸ਼ ਦਾ ਪੁਲਿਸ ਨੂੰ ਪਹਿਲਾਂ ਤੋਂ ਹੀ ਪਤਾ ਸੀ ਅਤੇ ਬਿਨਾਂ ਕਿਸੇ ਵਿਰੋਧ ਦੇ ਅਪਰਾਧੀਆਂ ਨੂੰ ਜੇਲ ਵਿੱਚੋਂ ਭੱਜਣ ਦਿੱਤਾ ਗਿਆ.
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਸਿਆਸੀ ਸਰਪ੍ਰਸਤੀ ਹੇਠ ਗੈਂਗਸਟਰਾਂ ਦਾ ਜੇਲ ਵਿੱਚੋਂ ਭੱਜਣਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ. ਮਾਨ ਨੇ ਕਿਹਾ ਕਿ ਫੜੇ ਗਏ ਮੁੱਖ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਉਹ ਜੇਲ ਵਿੱਚੋਂ ਭੱਜਣ ਤੋਂ ਬਾਅਦ ਵੀ ਸਰਗਰਮ ਰਹੇ. ਉਨਾਂ ਕਿਹਾ ਕਿ ਪੁਲਿਸ ਦਬਾਅ ਵਿਚ ਸੀ, ਜਿਸ ਕਾਰਨ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ. ਉਨਾਂ ਕਿਹਾ ਕਿ ਪੁਲਿਸ ਨੇ ਸਿਰਫ ਉਸ ਵੇਲੇ ਕਾਰਵਾਈ ਸੁਰੂ ਕੀਤੀ, ਜਦੋਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਦਬਦਬਾ ਖਤਮ ਹੋ ਗਿਆ.
ਮਾਨ ਨੇ ਕਿਹਾ ਕਿ ਪੁਲਿਸ ਨੇ ਸਿੰਗਾਪੁਰ ਬੇਸਡ ਅਪਰਾਧੀ ਰਮਨਜੀਤ ਸਿੰਘ ਉਰਫ ਰੋਮੀ ਖਿਲਾਫ ਐਫਆਈਆਰ ਦਰਜ ਕੀਤੀ ਅਤੇ ਉਸਨੂੰ ਨਾਭਾ ਜੇਲ ਵਿਚ ਰੱਖਿਆ. ਉਨਾਂ ਕਿਹਾ ਕਿ ਹੋ ਸਕਦਾ ਹੈ ਰੋਮੀ ਨੂੰ ਨਾਭਾ ਜੇਲ ਵਿਚ ਗੈਂਗਸਟਰਾਂ ਨਾਲ ਮੁਲਾਕਾਤ ਕਰਵਾਈ ਜਾ ਸਕੇ ਅਤੇ ਜਮਾਨਤ ਮਿਲਣ ਮਗਰੋਂ ਉਸ ਨੂੰ ਸਿੰਗਾਪੁਰ ਜਾਣ ਦਿੱਤਾ. ਮਾਨ ਨੇ ਕਿਹਾ ਕਿ ਰੋਮੀ ਨੇ ਹੀ ਜੇਲ ਬ੍ਰੇਕ ਕਾਂਡ ਨੂੰ ਸਿੰਗਾਪੁਰ ਬੈਠਿਆ ਹੀ ਓਪਰੇਟ ਕੀਤਾ ਅਤੇ ਪੁਲਿਸ ਸਬੂਤ ਹੀ ਲੱਭਦੀ ਰਹੀ. ਉਨਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਬਿਨਾਂ ਕਿਸੇ ਵੱਡੀਆਂ ਹਸਤੀਆਂ ਦੇ ਅਜਿਹਾ ਹੋਣਾ ਸੰਭਵ ਨਹੀਂ ਹੈ.
ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੇ ਅਪਰਾਧੀ ਗੈਂਗਾਂ ਨੂੰ ਸਰਪ੍ਰਸਤੀ ਦਿੱਤੀ ਹੋਈ ਹੈ ਅਤੇ ਉਨਾਂ ਨੂੰ ਮਨਮਰਜੀਆਂ ਕਰਨ ਲਈ ਛੱਡਿਆ ਹੋਇਆ ਹੈ. ਉਨਾਂ ਕਿਹਾ ਕਿ ਅਪਰਾਧੀ ਗੈਂਗ ਬਾਦਲ ਪਰਿਵਾਰ ਵੱਲੋਂ ਚਲਾਏ ਜਾ ਰਹੇ ਮਾਫੀਆ ਦਾ ਹਿੱਸਾ ਹਨ. ਮਾਨ ਨੇ ਮੁੜ ਦੋਹਰਾਇਆ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਹਾਲਤ ਬਹੁਤ ਖਰਾਬ ਹੈ. ਉਨਾਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਉਨਾਂ ਨੂੰ ਸ਼ਾਂਤਮਈ ਮਾਹੌਲ ਮਿਲੇਗਾ.