ਚੰਡੀਗੜ੍ਹ, 21 ਜਨਵਰੀ, 2017 : ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਸ਼ਨੀਵਾਰ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤਰਸੇਮ ਸਿੰਘ ਗੰਧਰ ਕੁਝ ਹੋਰ ਆਗੂਆਂ ਸਮੇਤ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ।
ਅਨੰਦਪੁਰ ਤੇ ਹੁਸ਼ਿਆਰਪੁਰ ਦੇ ਜੋਨਲ ਇੰਚਾਰਜ਼ ਗੰਧਰ ਤਿੰਨ ਸਾਲ ਪਹਿਲਾਂ ਆਪ ਨਾਲ ਜੁੜੇ ਸਨ ਅਤੇ ਉਨ੍ਹਾਂ ਨੇ ਪੰਜਾਬ ਅੰਦਰ ਪਾਰਟੀ ਦਾ ਅਧਾਰ ਕਾਇਮ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਲੇਕਿਨ ਵਿਧਾਨ ਸਭਾ ਚੋਣਾਂ ਲੜਨ ਲਈ ਪਾਰਟੀ ਦੀ ਟਿਕਟ ਨੂੰ ਲੈ ਕੇ ਉਨ੍ਹਾਂ ਤੋਂ 1 ਕਰੋੜ ਰੁਪਏ ਮੰਗੇ ਜਾਣ 'ਤੇ ਗੰਧਰ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਗੰਧਰ ਦਾ ਹੋਰ ਆਪ ਆਗੂਆਂ ਜਸਪਾਲ ਸਿੰਘ (ਸਰਪੰਚ, ਬ੍ਰਜਵਾਲਾ), ਸਤਨਾਮ ਸਿੰਘ ਤੇ ਹਰਜਿੰਦਰ ਸਿੰਘ ਸਮੇਤ ਸਵਾਗਤ ਕੀਤਾ।
ਪਾਰਟੀ 'ਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਟੁਕੜੇ-ਟੁਕੜੇ ਹੋ ਰਹੀ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਉਸਨੂੰ ਇਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਆਪ ਆਗੂ ਅਰਵਿੰਦ ਕੇਜਰੀਵਾਲ ਦਾ ਇਕ ਲਾਲਚੀ ਤੇ ਭ੍ਰਿਸ਼ਟ ਵਿਅਕਤੀ ਵਜੋਂ ਪੂਰੀ ਤਰ੍ਹਾਂ ਨਾਲ ਭਾਂਡਾਫੋੜ ਹੋ ਚੁੱਕਾ ਹੈ ਅਤੇ ਉਨ੍ਹਾਂ ਦਾ ਟੀਚਾ ਸਿਰਫ ਆਪਣੇ ਵਿਅਕਤੀਗਤ ਹਿੱਤਾਂ ਦੀ ਪੂਰਤੀ ਕਰਨਾ ਹੈ।
ਇਸ ਦੌਰਾਨ ਹੋਰ ਜਥੇਬੰਦੀਆਂ ਨਾਲ ਸਬੰਧਤ ਕਈ ਆਗੂ ਵੀ ਕਾਂਗਰਸ 'ਚ ਸ਼ਾਮਿਲ ਹੋ ਗਏ। ਇਨ੍ਹਾਂ ਆਗੂਆਂ 'ਚ ਮੁੱਖ ਤੌਰ 'ਤੇ ਪੰਜਾਬ ਪੁਲਿਸ ਤੋਂ ਰਿਟਾਇਰਡ ਇੰਸਪੈਕਟਰ ਤੇ ਗੁਰਦੁਆਰਾ ਸੁਖਮਨੀ ਸਾਹਿਬ, ਜਲੰਧਰ ਦੇ ਚੇਅਰਮੈਨ ਕਸ਼ਮੀਰ ਸਿੰਘ ਘੁੰਮਣ, ਗੁਰਦੁਆਰਾ ਸੁਖਮਨੀ ਸਾਹਿਬ ਦੇ ਮੀਤ ਪ੍ਰਧਾਨ ਹਰਦੇਵ ਸਿੰਘ, ਲਖਵਿੰਦਰ ਸਿੰਘ ਸਿੱਧੂ ਤੇ ਲਾਭ ਸਿੰਘ ਬਾਜਵਾ, ਪ੍ਰਧਾਨ, ਗੁਰੂ ਨਾਨਕਪੁਰਾ ਮਾਰਕੀਟ ਜਲੰਧਰ, ਜਸਵਿੰਦਰ ਸਿੰਘ ਬਿੱਲਾ ਤੇ ਰਣਵੀਰ ਸਿੰਘ ਪਨੂੰ ਵੀ ਸ਼ਾਮਿਲ ਸਨ।