ਚੰਡੀਗੜ੍ਹ, 15 ਫਰਵਰੀ, 2017 : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਸਾਫ ਲਫਜ਼ਾਂ ਵਿਚ ਆਖਿਆ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਲੈ ਕੇ ਚਿੰਤਾ ਹੋਣ ਲੱਗੀ ਹੈ ਕਿਉਂਕਿ ਸੱਤਾ ਭੁੱਖ ਲਈ ਆਮ ਆਦਮੀ ਪਾਰਟੀ ਸਭ ਹੱਦ ਬੰਨ੍ਹੇ ਤੋੜਦਿਆਂ ਗੈਂਗਸਟਰਾਂ ਦੀ ਪਨਾਹਗਾਹ ਬਣਦੀ ਜਾ ਰਹੀ ਹੈ। ਵਿਜੇ ਸਾਂਪਲਾ ਨੇ ਨਾਭਾ ਜੇਲ੍ਹ ਬਰੇਕ ਕਾਂਡ ਦਾ ਜ਼ਿਕਰ ਕਰਦਿਆਂ ਆਖਿਆ ਕਿ ਜਿਹੜੀ ਆਮ ਆਦਮੀ ਪਾਰਟੀ ਨਾਭਾ ਜੇਲ੍ਹ ਬਰੇਕ ਕਾਂਡ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਤਾਬੜਤੋੜ ਹਮਲੇ ਕਰ ਰਹੀ ਸੀ, ਹੁਣ ਜਦੋਂ ਸੱਚਾਈ ਸਾਹਮਣੇ ਆਈ ਕਿ ਇਨ੍ਹਾਂ ਗੈਂਗਸਟਰਾਂ ਨੂੰ ਲੁਕਾਉਣ ਲਈ ਅਤੇ ਪੰਜਾਬ ਵਿਚੋਂ ਸੁਰੱਖਿਅਤ ਵਿਦੇਸ਼ਾਂ ਨੂੰ ਭਜਾਉਣ ਲਈ ਇਸ ਪਾਰਟੀ ਦੇ ਹੀ ਸਮਰਥਕ ਲੱਗੇ ਹੋਏ ਸਨ ਤਦ ਉਹਨਾਂ ਕੋਲ ਹੁਣ ਮੂੰਹ ਲੁਕਾਉਣ ਲਈ ਵੀ ਥਾਂ ਨਹੀਂ ਮਿਲ ਰਹੀ। ਇਕ ਪਾਸੇ ਵਿਜੇ ਸਾਂਪਲਾ ਨੇ ਗੈਂਗਸਟਰਾਂ ਨੂੰ ਪਨਾਹ ਦੇਣ ਦਾ ਜਿੱਥੇ ਮੁੱਦਾ ਚੁੱਕਿਆ, ਉਥੇ ਉਨ੍ਹਾਂ ਕੇਜਰੀਵਾਲ ਦਾ ਇਕ ਖਾਲਿਸਤਾਨ ਪੱਖੀ ਐਨ ਆਰ ਆਈਜ਼ ਦੇ ਘਰ ਠਹਿਰਨਾ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਮਹਿਲਾ ਲੀਡਰ ਪ੍ਰੋ. ਬਲਜਿੰਦਰ ਕੌਰ ਦੇ ਪਰਿਵਾਰਕ ਪਿਛੋਕੜ ਦਾ ਵੀ ਖਾਲਿਸਤਾਨੀ ਹੋਣ ਦਾ ਵੀ ਜ਼ਿਕਰ ਕੀਤਾ।
ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਆਖਿਆ ਕਿ ਮੀਡੀਆ ਵਿਚ ਸਾਫ ਹੋ ਚੁੱਕਿਆ ਹੈ ਅਤੇ ਜਿਸ ਪਿੰਡ ਢੁੱਡੀਕੇ ਵਿਚੋਂ ਗੈਂਗਸਟਰ ਸੇਖੋਂ ਅਤੇ ਉਸਦੇ ਸਾਥੀ ਫੜੇ ਗਏ ਹਨ, ਉਸ ਪਿੰਡ ਦੇ ਸਰਪੰਚ ਗੈਰੀ ਸਿੰਘ ਦਾ ਕਹਿਣਾ ਹੈ ਕਿ ਇਹ ਗੈਂਗਸਟਰ ਜਿਸ ਐਨ ਆਰ ਆਈ ਗੋਲਡੀ ਦੀ ਕੋਠੀ ਵਿਚ ਰੁਕੇ ਹੋਏ ਸਨ, ਉਹ ਆਮ ਆਦਮੀ ਪਾਰਟੀ ਦੇ ਲਈ ਪਿੰਡਾਂ ਵਿਚ ਜਾ ਕੇ ਚੋਣ ਪ੍ਰਚਾਰ ਕਰਦਾ ਰਿਹਾ ਹੈ। ਸਾਂਪਲਾ ਨੇ ਆਖਿਆ ਕਿ ਐਨ ਆਰ ਆਈ ਗੋਲਡੀ ਜੋ ਹੁਣ ਸ਼ਾਇਦ ਵਾਪਸ ਆਸਟਰੇਲੀਆ ਭੱਜ ਗਿਆ ਹੈ, ਉਸਦੀ ਕੋਠੀ ਨੂੰ ਅਜਿਹੇ ਅਪਰਾਧੀ ਲੋਕ ਵਰਤਦੇ ਰਹੇ ਤੇ ਉਹ ਇਕ ਪਾਸੇ ਉਨ੍ਹਾਂ ਨੂੰ ਪਨਾਹ ਦੇ ਰਿਹਾ ਸੀ, ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਝੰਡਾ ਚੁੱਕ ਕੇ ਬਦਲਾਅ ਲਿਆਉਣ ਦੀਆਂ ਗੱਲਾਂ ਕਰ ਰਿਹਾ ਸੀ।
ਵਿਜੇ ਸਾਂਪਲਾ ਨੇ ਆਖਿਆ ਕਿ ਕਦੀ ਇਨ੍ਹਾਂ ਦਾ ਪਾਰਟੀ ਪ੍ਰਮੁਖ ਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਾੜਕੂ ਧਿਰਾਂ ਨਾਲ ਸਬੰਧ ਰੱਖਣ ਵਾਲੇ ਐਨ ਆਰ ਆਈਜ਼ ਦੇ ਘਰ ਰੁਕਦਾ ਹੈ ਤੇ ਕਦੀ 'ਆਪ' ਸਮਰਥਕ ਐਨ ਆਰ ਆਈ ਦੀ ਕੋਠੀ ਵਿਚ ਜੇਲ੍ਹੋਂ ਫਰਾਰ ਗੈਂਗਸਟਰ ਰੁਕਦੇ ਹਨ, ਅਜਿਹੇ ਵਿਚ ਲੋਕਾਂ ਤੋਂ ਹੁਣ ਇਹ ਆਪਣਾ ਅਸਲ ਚਿਹਰਾ ਲੁਕਾ ਨਹੀਂ ਸਕਦੇ।
ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਇਕ ਪਾਸੇ ਜਿੱਥੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਆਖਿਆ ਕਿ ਪੜਤਾਲ ਕਰਕੇ ਇਹ ਸਭ ਦੇ ਸਾਹਮਣੇ ਲਿਆਂਦਾ ਜਾਣਾ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਚਾਰਕ ਤੇ ਆਗੂ ਬਣੇ ਇਹ ਲੋਕ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਨਾਲ-ਨਾਲ ਪੰਜਾਬ ਤੋਂ ਬਾਹਰ ਜਾਂ ਇਥੋਂ ਸੁਰੱਖਿਅਤ ਵਿਦੇਸ਼ ਭਜਾਉਣ ਵਿਚ ਵੀ ਕਿਸ ਹੱਦ ਤੱਕ ਅਪਰਾਧੀਆਂ ਦੀ ਮੱਦਦ ਕਰ ਰਹੇ ਹਨ। ਨਾਲ ਹੀ ਉਹਨਾਂ ਇਹ ਵੀ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਵੱਡੀ ਆਗੂ ਕਹਾਉਣ ਵਾਲੀ ਪ੍ਰੋ. ਬਲਜਿੰਦਰ ਕੌਰ ਦਾ ਵੀ ਖਾਲਿਸਤਾਨ ਪੱਖੀ ਭਰਿਆ ਜੀਵਨ ਸਫਰ ਅਤੇ ਪਰਿਵਾਰਕ ਪਿਛੋਕੜ ਸਭ ਸਾਹਮਣੇ ਲਿਆਂਦਾ ਜਾਣਾ ਜ਼ਰੂਰੀ ਹੈ।