ਲਖਨਊ, 11 ਮਾਰਚ, 2017 : ਉੱਤਰ ਪ੍ਰਦੇਸ਼ (ਯੂ. ਪੀ.) ਵਿਧਾਨ ਸਭਾ ਚੋਣਾਂ ਦੀਆਂ 403 ਸੀਟਾਂ 'ਤੇ ਹੋਈਆਂ ਵੋਟਾਂ ਦੇ ਨਤੀਜੇ ਲਗਭਗ ਆ ਗਏ ਹਨ ਅਤੇ ਇਨ੍ਹਾਂ ਵਿਚ ਭਾਜਪਾ ਨੇ ਇਤਿਹਾਸਕ ਜਿੱਤ ਦਰਜ ਕਰਦੇ ਹੋਏ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਸਾਈਕਲ ਨੂੰ ਪੂਰੀ ਤਰ੍ਹਾਂ ਪੈਂਚਰ ਕਰ ਦਿੱਤਾ ਹੈ ਅਤੇ ਕਾਂਗਰਸ ਦੇ ਪੰਜੇ ਤੋੜ ਦਿੱਤੇ ਹਨ। ਜ਼ਿਕਰਯੋਗ ਹੈ ਕਿ ਦੋਹਾਂ ਪਾਰਟੀਆਂ ਨੇ ਯੂ. ਪੀ. ਦੀ ਸੱਤਾ ਲਈ ਹੱਥ ਮਿਲਾਏ ਸਨ ਪਰ ਇਹ ਗੱਠਜੋੜ ਲੋਕਾਂ ਨੂੰ ਜ਼ਿਆਦਾ ਰਾਸ ਨਹੀਂ ਆਇਆ। ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਇਨ੍ਹਾਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਮਿਲੀ ਹੈ ਅਤੇ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਇਨ੍ਹਾਂ ਚੋਣਾਂ ਨੇ ਲਗਭਗ ਖਤਮ ਕਰ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਯੂ. ਪੀ. ਵਿਚ ਭਾਜਪਾ ਦਾ ਬਨਵਾਸ ਖਤਮ ਹੋ ਗਿਆ ਹੈ। ਯੂ. ਪੀ. ਵੋਟਾਂ ਦੀ ਗਿਣਤੀ ਦਾ ਕੰਮ 75 ਜ਼ਿਲਿਆਂ ਦੇ 78 ਕੇਂਦਰਾਂ 'ਤੇ ਚੱਲਿਆ। ਇਨ੍ਹਾਂ ਕੇਂਦਰਾਂ 'ਤੇ 20000 ਕੇਂਦਰੀ ਫੋਰਸਾਂ ਦੀ ਤਾਇਨਾਤੀ ਕੀਤੀ ਗਈ ਸੀ।
403 ਸੀਟਾਂ 'ਚੋਂ ਭਾਜਪਾ ਨੇ 324 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ, ਜਦੋਂ ਕਿ ਪਾਰਟੀ ਨੂੰ ਬਹੁਤਮ ਲਈ ਸਿਰਫ 202 ਸੀਟਾਂ ਦੀ ਲੋਜ਼ ਸੀ। ਇਸ ਲਿਹਾਜ਼ ਨਾਲ ਭਾਜਪਾ ਨੇ ਯੂ. ਪੀ. ਵਿਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਦੇ ਗੱਠਜੋੜ ਨੇ 54 ਸੀਟਾਂ ਜਿੱਤੀਆਂ ਹਨ। ਸੱਤਾ ਵਿਚ ਵਾਪਸੀ ਦੀ ਤਿਆਰੀ ਕਰੀ ਬੈਠੀ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬਸਪਾ) 20 ਸੀਟਾਂ 'ਤੇ ਸਿਮਟ ਕੇ ਰਹਿ ਗਈ ਅਤੇ ਹੋਰ ਪਾਰਟੀਆਂ ਨੂੰ ਸਿਰਫ 5 ਸੀਟਾਂ ਹਾਸਲ ਹੋਈਆਂ।