ਚੰਡੀਗੜ੍ਹ, 3 ਫਰਵਰੀ, 2017 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਅਨਸਰਾਂ ਨੂੰ ਵਿਭਿੰਨ ਤਖਤਾਂ ਦੇ ਸਿੰਘ ਸਾਹਿਬਾਨ ਦੇ ਨਾਂ ਤੇ ਸਿੱਖ ਸੰਗਤ ਨੂੰ ਇੱਕ ਝੂਠੀ ਚਿੱਠੀ ਜਾਰੀ ਕਰਨ ਵਾਸਤੇ ਝਾੜ ਪਾਈ ਹੈ।
ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਐਸਜੀਪੀਸੀ ਦੇ ਜਨਰਲ ਸਕੱਤਰ ਸ਼ ਅਮਰਜੀਤ ਸਿੰਘ ਚਾਵਾਲ ਨੇ ਕਿਹਾ ਕਿ ਇਹ ਜਾਅਲਸਾਜ਼ੀ ਇਸ ਗੱਲ ਦਾ ਸਬੂਤ ਹੈ ਕਿ ਵੋਟਰਾਂ ਨੂੰ ਭਰਮਾਉਣ ਲਈ ਆਪ ਕਿਸ ਹੱਦ ਤਕ ਡਿੱਗ ਸਕਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਆਪ ਲਈ ਕੋਈ ਵੀ ਚੀਜ਼ ਪਵਿੱਤਰ ਨਹੀਂ ਹੈ, ਇੱਥੋਂ ਤਕ ਕਿ ਧਰਮ ਵੀ ਨਹੀਂ।
ਸ਼ ਅਮਰਜੀਤ ਚਾਵਲਾ ਨੇ ਕਿਹਾ ਕਿ ਇੱਕ ਜਾਅਲੀ ਚਿੱਠੀ ਜਾਰੀ ਕਰਕੇ ਆਪ ਦੇ ਹਮਦਰਦ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡੇ ਹਨ। ਉਹਨਾਂ ਕਿਹਾ ਕਿ ਆਪ ਦਾ ਵੱਖਵਾਦੀਆਂ ਨਾਲ ਸਾਂਝ ਪਾਉਣਾ, ਉਹਨਾਂ ਨੂੰ ਗੜਬੜ ਕਰਨ ਲਈ ਹੱਲਾਸ਼ੇਰੀ ਦੇਣਾ ਅਤੇ ਦੋਸ਼ ਅਕਾਲੀ ਦਲ ਦੇ ਸਿਰ ਮੜ੍ਹਣ ਦੀ ਸਾਰੀ ਸਾਜਿਸ਼ ਸਾਹਮਣੇ ਆ ਗਈ ਹੈ। ਇਸ ਤੋਂ ਬਾਅਦ ਉਹਨਾਂ ਨੇ ਸਿੰਘ ਸਾਹਿਬਾਨ ਦੇ ਨਾਂ ਉੱਤੇ ਅਕਾਲੀ ਦਲ ਦਾ ਬਾਈਕਾਟ ਕਰਨ ਵਾਲੀ ਜਾਅਲੀ ਚਿੱਠੀ ਜਾਰੀ ਕਰ ਦਿੱਤੀ। ਉਹਨਾਂ ਕਿਹਾ ਕਿ ਇਹ ਸਾਜਿਸ਼ ਕਾਮਯਾਬ ਨਹੀਂ ਹੋਵੇਗੀ, ਕਿਉਂਕਿ ਸਿੱਖ ਭਾਈਚਾਰਾ ਆਪ ਮੁਖੀ ਅਰਵਿੰਦ ਕੇਜਰੀਵਾਲ ਦੀ ਰਗ ਰਗ ਤੋਂ ਵਾਕਿਫ ਹੋ ਚੁੱਕਿਆ ਹੈ। ਸਿੱਖ ਚੰਗੀ ਤਰ੍ਹਾਂ ਸਮਝਦੇ ਹਨ ਕਿ ਕੇਜਰੀਵਾਲ ਇੱਕ ਠੱਗ ਵਿਅਕਤੀ ਹੈ ਜੋ ਕਿ ਆਪਣੇ ਨਾਪਾਕ ਮੰਤਵ ਲਈ ਝੂਠ ਬੋਲ ਸਕਦਾ ਹੈ ਅਤੇ ਧੋਖਾ ਦੇ ਸਕਦਾ ਹੈ। ਉਹਨਾਂ ਕਿਹਾ ਕਿ ਸਿੱਖ ਕੱਲ੍ਹ ਨੂੰ ਇਹਨਾਂ ਪੰਜਾਬ ਵਿਰੋਧੀ ਤੱਤਾਂ ਨੂੰ ਕਰਾਰਾ ਜੁਆਬ ਦੇਣਗੇ।
ਸ਼ ਚਾਵਲਾ ਨੇ ਕਿਹਾ ਕਿ ਜਾਅਲੀ ਚਿੱਠੀ ਤਿਆਰ ਕਰਨ ਵਾਲਿਆਂ ਨੇ ਸਿੰਘ ਸਾਹਿਬਾਨ ਦੇ ਨਾਂ ਵੀ ਗਲਤ ਪਾਏ ਹਨ। ਉਹਨਾਂ ਨੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦਾ ਨਾਂ ਸਿੰਘ ਸਾਹਿਬ ਬਲਵੰਤ ਸਿੰਘ ਲਿਖਿਆ ਹੈ ਜਦਕਿ ਮੋਜੂਦਾ ਜਥੇਦਾਰ ਦਾ ਨਾਂ ਸਿੰਘ ਸਾਹਿਬ ਗੁਰਮੁਖ ਸਿੰਘ ਹੈ। ਇੱਥੋਂ ਤਕ ਕਿ ਤਾਰੀਖ ਵੀ ਗਲਤ ਪਾਈ ਗਈ ਹੈ।