ਲੁਧਿਆਣਾ, 20 ਜਨਵਰੀ, 2017 : ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਵਿਧਾਨ ਸਭਾ ਹਲਕੇ ਲੁਧਿਆਣਾ ਉੱਤਰੀ 'ਚ ਲੋਕਾਂ ਵੱਲੋਂ ਕਾਂਗਰਸ ਪਾਰਟੀ ਉਮੀਦਵਾਰ ਰਾਕੇਸ਼ ਪਾਂਡੇ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ, ਜਿਹੜੇ ਅਕਾਲੀ-ਭਾਜਪਾ ਸਰਕਾਰ ਦੇ ਬੀਤੇ ਦੱਸ ਸਾਲਾਂ ਦੇ ਕੁਸ਼ਾਸਨ ਤੋਂ ਤੰਗ ਆ ਚੁੱਕੇ ਹਨ ਅਤੇ ਇਨ੍ਹਾਂ ਤੋਂ ਅਜ਼ਾਦੀ ਪਾਉਣਾ ਚਾਹੁੰਦੇ ਹਨ।
ਇਸ ਲੜੀ ਹੇਠ ਸਾਫ ਅਕਸ ਵਾਲੇ, ਇਮਾਨਦਾਰ ਤੇ ਸ਼ਹੀਦ ਪਰਿਵਾਰ ਨਾਲ ਸਬੰਧਤ ਪਾਂਡੇ ਵੱਲੋਂ ਸ਼ੁੱਕਰਵਾਰ ਨੂੰ ਵਾਰਡ ਨੰ. 33 'ਚ ਚਾਂਦ ਸਿਨੇਮਾ ਨੇੜੇ ਘਰ ਘਰ ਜਾ ਕੇ ਪ੍ਰਚਾਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬੀਤੇ ਦੱਸ ਸਾਲਾਂ ਦੌਰਾਨ ਗਠਜੋੜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਸਮਾਜ ਦੇ ਹਰੇਕ ਵਰਗ ਨੂੰ ਹਾਨੀ ਪਹੁੰਚਾਈ ਹੈ।
ਪਾਂਡੇ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ 'ਚ ਦਿਨ ਦੋਗੁਣੀ, ਰਾਤ ਚੋਗੁਣੀ ਤਰੱਕੀ ਕਰਨ ਵਾਲਾ ਲੁਧਿਆਣਾ ਦਾ ਹੌਜ਼ਰੀ ਤੇ ਟੈਕਸਟਾਈਲ ਉਦਯੋਗ ਭਾਰੀ ਮੰਦੀ ਝੇਲ ਰਿਹਾ ਹੈ। ਜਿਸ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਨਾਲ ਸਥਾਨਕ ਲੋਕਾਂ ਦੀ ਰੋਜੀ ਰੋਅੀ 'ਤੇ ਵੀ ਮਾੜਾ ਅਸਰ ਪਿਆ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਕਾਂਗਰਸ ਸਰਕਾਰ ਆਉਣ 'ਤੇ ਇੰਡਸਟਰੀ ਨੂੰ ਮੁੜ ਖੜ੍ਹਾ ਕਰਨ ਅਤੇ ਹੋਰ ਸੁਧਾਰ ਲਿਆਉਣ ਲਈ ਤੁਰੰਤ ਕਦਮ ਚੁੱਕੇ ਜਾਣਗੇ।
ਇਸ ਮੌਕੇ ਪ੍ਰਚਾਰ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਇੰਡੀਅਨ ਓਵਰਸੀਜ਼ ਕਾਂਗਰਸ, ਕਨੇਡਾ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਵਿਕਾਸ ਤੇ ਤਰੱਕੀ ਦੀ ਰਾਹ 'ਤੇ ਲਿਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੂਰਾ ਐਨ.ਆਰ.ਆਈ ਸਮਾਜ ਕਾਂਗਰਸ ਪਾਰਟੀ ਨਾਲ ਹੈ। ਉਨ੍ਹਾਂ ਨੇ ਇਸ ਦੌਰਾਨ ਐਨ.ਆਰ.ਆਈ ਸਮਾਜ ਵੱਲੋਂ ਪਾਂਡੇ ਦੇ ਹੱਕ 'ਚ ਵੋਟਾਂ ਮੰਗੀਆਂ।
ਇਸੇ ਤਰ੍ਹਾਂ, ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਾਰਟੀ ਲੋਕਾਂ ਨੂੰ ਅਕਾਲੀ ਭਾਜਪਾ ਸਰਕਾਰ ਦੇ ਕੁਸ਼ਾਸਨ ਤੋਂ ਮੁਕਤ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਭਰ ਦੇ ਲੋਕ ਬੇਸਬ੍ਰੀ ਨਾਲ 4 ਫਰਵਰੀ ਦਾ ਇੰਤਜ਼ਾਰ ਕਰ ਰਹੇ ਹਨ, ਜਦੋਂ ਉਹ ਗਠਜੋੜ ਸਰਕਾਰ ਖਿਲਾਫ ਆਪਣੇ ਗੁੱਸੇ ਨੂੰ ਵੋਟ ਰਾਹੀਂ ਜਾਹਿਰ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਅਸ਼ੋਕ ਟੰਡਨ, ਧਰਮਿੰਦਰ ਵਰਮਾ, ਦਵਿੰਦਰ ਬਿੱਟਾ, ਰਮੇਸ਼ ਕੌਸ਼ਲ, ਕਮਲੇਸ਼ ਸਿੰਗਲਾ, ਕੀਮਤੀ ਲਾਲ ਜੈਨ, ਮਨੀ ਖੇਵਾ, ਰਾਜ ਕੁਮਾਰ ਸੂਦ, ਪੰਕਜ਼ ਭਨੋਟ, ਸਤਵਿੰਦਰ ਜਵੱਦੀ, ਅਨੂਪ ਸ਼ਰਮਾ, ਬੱਬੂ ਵਾਲੀਆ, ਰਜੀਵ ਗੁਗਲਾਨੀ ਨੇ ਵੀ ਪ੍ਰਚਾਰ 'ਚ ਵੱਧ ਚੜ੍ਹ ਕੇ ਹਿੱਸਾ ਲਿਆ।