ਲੁਧਿਆਣਾ, 22 ਜਨਵਰੀ, 2017 : ਵਿਧਾਨ ਸਭਾ ਚੋਣਾਂ ਲਈ ਹਲਕਾ ਆਤਮ ਨਗਰ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੇ ਮੌਜੂਦਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਆਤਮ ਨਗਰ ਦੇ ਵਿਕਾਸ ਪ੍ਰੋਜੈਕਟਾਂ ਰਾਹੀਂ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਧਾਇਕ ਲੋਕਾਂ ਦੇ ਸਾਹਮਣੇ ਵਿਕਾਸ ਦਾ ਰਾਗ਼ ਅਲਾਪ ਰਹੇ ਹਨ, ਪਰ ਪਿਛਲੇਂ ਪੰਜ ਸਾਲਾਂ ਤੋਂ ਹਲਕੇ ਦਾ ਵਿਕਾਸ ਨਹੀਂ ਹੋਇਆ, ਸਿਰਫ਼ ਖੋਖਲੇ ਵਾਅਦੇ ਕੀਤੇ ਜਾਂਦੇ ਰਹੇ ਹਨ।
ਕੜਵਲ ਨੇ ਕਿਹਾ ਕਿ ਪਿਛਲੇਂ 5 ਸਾਲਾਂ 'ਚ ਬੈਂਸ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹਨ ਤੇ ਆਪਣੀ ਆਪਣੀ ਘਟੀਆ ਰਾਜਨੀਤੀ 'ਚ ਵਿਅਸਥ ਰਹੇ ਹਨ। ਜਿਸ ਕਾਰਨ ਆਤਮ ਨਗਰ ਹਲਕੇ ਦੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਖੇਤਰ 'ਚ ਇੱਕ ਵੀ ਵਿਕਾਸ ਪ੍ਰੋਜੈਕਟ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਂਦੇ ਹੀ ਇਸ ਹਲਕੇ ਦੇ ਵਿਕਾਸ ਲਈ ਵਧੀਆਂ ਯੋਜਨਾਵਾਂ ਤਿਆਰ ਕਰਕੇ, ਉਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ। ਆਪਣੇ ਚੋਣ ਪ੍ਰਚਾਰ ਦੌਰਾਨ ਕਮਲਜੀਤ ਸਿੰਘ ਕੜਵਲ ਨੇ ਵਾਰਡ ਨੰ. 63 'ਚ ਮੀਟਿੰਗ ਕੀਤੀ, ਜਿਸ 'ਚ ਕਾਂਗਰਸੀ ਲੀਡਰ ਜਗਮੋਹਨ ਸ਼ਰਮਾ, ਓਕਾਂਰ ਸ਼ਰਮਾ, ਅਵਤਾਰ ਕੰਡਾ ਤੇ ਕਈ ਹੋਰ ਨੇਤਾ ਹਾਜ਼ਰ ਸਨ।
ਯੂਥ ਕਾਂਗਰਸੀ ਲੀਡਰ ਪਰਵਿੰਦਰ ਲਾਪਰਾਂ ਤੇ ਉਨ੍ਹਾਂ ਦੀ ਟੀਮ ਨੇ ਕਮਲਜੀਤ ਸਿੰਘ ਕੜਵਲ ਦੇ ਸਮਰਥਨ 'ਚ ਡੋਰ-ਟੂ-ਡੋਰ ਜਾ ਕੇ ਲੋਕਾਂ ਨੂੰ ਕਾਂਗਰਸ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਮਾਡਲ ਟਾਊਨ, ਦੁੱਗਰੀ ਸਮੇਤ ਕਈ ਇਲਾਕਿਆਂ ਦੇ ਲੋਕਾਂ ਨੂੰ ਕਾਂਗਰਸ ਦੀ ਵਿਕਾਸ ਨੀਤੀ ਤੋਂ ਜਾਣੂ ਕਰਵਾਇਆ। ਪਰਵਿੰਦਰ ਲਾਪਰਾਂ ਨੇ ਕਿਹਾ ਕਿ ਕੜਵਲ ਪਾਰਟੀ ਦੇ ਮਜ਼ਬੂਤ ਉਮੀਦਵਾਰ ਹਨ ਤੇ ਉਨ੍ਹਾਂ ਦੀ ਜਿੱਤ ਯਕੀਨੀ ਹੈ। ਲੋਕ ਅਜਿਹਾ ਵਿਧਾਇਕ ਚਾਹੁੰਦੇ ਹਨ, ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰ ਸਕੇ ਤੇ ਕੜਵਲ ਉਨ੍ਹਾਂ ਦੀਆਂ ਇੰਨ੍ਹਾਂ ਉਮੀਦਾਂ 'ਤੇ ਖਰੇ ਉਤਰਨਗੇ।