ਚੰਡੀਗੜ੍ਹ, 18 ਜਨਵਰੀ, 2017 : ਪੰਜਾਬ ਕਾਂਗਰਸ ਉੱਤੇ ਸਿਆਸੀ ਰਣਨੀਤੀਘੜੇ ਪ੍ਰਸ਼ਾਂਤ ਕਿਸ਼ੋਰ ਉਰਫ ਪੀਕੇ ਨੇ ਕਬਜ਼ਾ ਹੋ ਚੁੱਕਿਆ ਹੈ। ਪਾਰਟੀ ਦਾ ਰਸਮੀ ਪ੍ਰਧਾਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਦਾ ਆਗੂ ਚਰਨਜੀਤ ਸਿੰਘ ਚੰਨੀ, ਬਹੁਤ ਸਾਰੇ ਸਕੱਤਰ ਅਤੇ 20 ਜ਼ਿਲ੍ਹਾ ਪਾਰਟੀ ਪ੍ਰਧਾਨ ਹੋਣ ਦੇ ਬਾਵਜੂਦ ਹੁਣ ਸਾਰੇ ਫੈਸਲੇ ਪੀਕੇ ਵੱਲੋਂ ਹੀ ਲਏ ਜਾਂਦੇ ਹਨ। ਕਾਂਗਰਸ ਦੀ ਡੁੱਬਦੀ ਬੇੜੀ ਦਾ 'ਪੀਕ'ੇ ਮੱਲਾਹ ਬਣ ਚੁੱਕਿਆ ਹੈ।
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ 130 ਸਾਲ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਨਕਲੀ ਆਗੂਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਕਾਂਗਰਸ ਨੇ ਆਪਣੇ ਸਾਰੇ ਕੰਮ-ਕਾਜ ਇੰਡੀਅਨ ਪੋਲੀਟੀਕਲ ਐਕਸ਼ਨ ਕਮੇਟੀ (ਆਈਪੀਏਸੀ) ਰਾਹੀਂ ਆਊਟਸੋਰਸ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ, ਜੋ ਕਿ ਪੀਕੇ ਦੀ ਕੰਪਨੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਵਿਚ ਸਾਰੇ ਸਿਆਸੀ ਕੰਮ -ਉਮੀਦਵਾਰਾਂ ਦੀ ਚੋਣ, ਚੋਣ ਰਣਨੀਤੀ ਤਿਆਰ ਕਰਨਾ, ਸਿਆਸੀ ਪ੍ਰਚਾਰ ਅਤੇ ਪ੍ਰਚਾਰ ਮੈਨੇਜਰਾਂ ਦੀ ਚੋਣ- ਪੀਕੇ ਦੁਆਰਾ ਕੀਤੇ ਜਾਣ ਲੱਗੇ ਹਨ। ਉਹ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਅਤੇ ਉਸ ਚੇਲੇ ਚਪਾਟਿਆਂ ਨੂੰ ਆਪਣੇ ਇਸ਼ਾਰਿਆਂ ਉੱਤੇ ਨਚਾ ਰਿਹਾ ਹੈ।
ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਪੀਕੇ ਫੈਸਲਾ ਕਰਦਾ ਹੈ ਕਿ ਅਮਰਿੰਦਰ ਸਿੰਘ ਲੰਬੀ ਤੋਂ ਚੋਣ ਲੜੇਗਾ ਅਤੇ ਰਵਨੀਤ ਬਿੱਟੂ ਜਲਾਲਾਬਾਦ ਤੋਂ ਮੈਦਾਨ ਵਿਚ ਉਤਰੇਗਾ। ਇਸੇ ਤਰ੍ਹਾਂ ਪੀਕੇ ਫੈਸਲਾ ਕਰਦਾ ਹੈ ਕਿ ਅਮਰਿੰਦਰ ਨੂੰ 'ਕੌਫੀ ਵਿਦ ਕੈਪਟਨ' ਪ੍ਰੋਗਰਾਮ ਕਰਨਾ ਚਾਹੀਦਾ ਹੈ ਜਾਂ ਫਿਰ 'ਲੱਸੀ ਵਿਦ ਕੈਪਟਨ'। ਇੰਨਾ ਹੀ ਨਹੀਂ ਕਾਂਗਰਸ ਦੀ ਸਾਰੀਆਂ ਲੋਕ ਲੁਭਾਊ ਸਕੀਮਾਂ- ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ,ਹਰ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣਾ ਜਾਂ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਵਾਸਤੇ ਰਜਿਸਟਰੇਸ਼ਨ ਕਰਨਾ ਆਦਿ ਨੂੰ ਵੀ ਪੀਕੇ ਨੇ ਤਿਆਰ ਕੀਤਾ ਹੈ। ਇਹ ਸਾਰੀਆਂ ਸਕੀਮਾਂ ਬਿਨਾਂ ਸਿਆਸੀ ਅਤੇ ਆਰਥਿਕ ਪਹਿਲੂਆਂ ਨੂੰ ਵਿਚਾਰੇ ਸਿਰਫ ਚੋਣ ਪ੍ਰਚਾਰ ਨੂੰ ਤਿੱਖਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ, ਜਿਹਨਾਂ ਨੂੰ ਲਾਗੂ ਕਰਨਾ ਸੰਭਵ ਹੀ ਨਹੀਂ ਹੈ।
ਢੀਂਡਸਾ ਨੇ ਕਿਹਾ ਕਿ ਪੀਕੇ ਦੇ ਆਉਣ ਮਗਰੋਂ ਕਾਂਗਰਸ ਇੱਕ ਬੰਦੇ ਦੀ ਫੌਜ ਵਾਲੀ ਪਾਰਟੀ ਬਣ ਗਈ ਹੈ। ਇਸ ਪਾਰਟੀ ਅੰਦਰ ਬਾਕੀ ਸਾਰੇ ਅਹੁਦੇ ਸਿਰਫ ਰਸਮੀ ਬਣ ਕੇ ਰਹਿ ਗਏ ਹਨ, ਜਿਸ ਦਾ ਖਮਿਆਜ਼ਾ ਪਾਰਟੀ ਨੂੰ 4 ਫਰਵਰੀ ਨੂੰ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਪਾਰਟੀ ਦਾ ਉਤਸ਼ਾਹ ਵਧਾਉਣ ਲਈ ਪੀਕੇ ਨੇ ਟਿਕਟ ਦੇ ਸਾਰੇ ਦਾਅਵੇਦਾਰਾਂ ਨੂੰ ਅਮਰਿੰਦਰ ਸਿੰਘ ਦੀ ਮੀਟਿੰਗਾਂ ਵਿਚ ਵੱਧ ਤੋਂ ਵੱਧ ਇੱਕਠ ਕਰਨ ਦਾ ਹੁਕਮ ਦਿੱਤਾ ਸੀ। ਪਰ ਟਿਕਟਾਂ ਦੀ ਵੰਡ ਤੋਂ ਬਾਅਦ ਇੱਕਠ ਕਰਨ ਵਾਲੇ ਹੀ ਬਾਗੀਆਂ ਵਿਚ ਤਬਦੀਲ ਹੋ ਕੇ ਪਾਰਟੀ ਦੇ ਨੱਕ ਵਿਚ ਦਮ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਕੋਲ ਕੋਈ ਏਜੰਡਾ ਅਤੇ ਵਿਚਾਰਧਾਰਾ ਨਹੀਂ ਹੈ। ਇਸ ਲਈ ਉਸ ਨੇ ਡੁੱਬਦੀ ਬੇੜੀ ਨੂੰ ਬਚਾਉਣ ਲਈ ਪੀਕੇ ਨੂੰ ਮੱਲਾਹ ਬਣਾਇਆ ਹੋਇਆ ਹੈ।