ਚੰਡੀਗੜ੍ਹ, 3 ਫਰਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਕ ਹੋਰ ਬਾਗੀ ਉਮੀਦਵਾਰ ਉਪਰ ਕਾਰਵਾਈ ਕੀਤੀ ਹੈ।
ਇਸ ਲੜੀ ਹੇਠ, ਸੂਬਾ ਕਾਂਗਰਸ ਜਨਰਲ ਸਕੱਤਰ ਲਖਵਿੰਦਰ ਕੌਰ ਗਰਚਾ ਨੂੰ ਖਰੜ 'ਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਹਮੇਸ਼ਾ ਲਈ ਕਾਂਗਰਸ ਦੀ ਪ੍ਰਾਇਮਰੀ ਮੈਂਬਰਸ਼ਿਪ 'ਚੋਂ ਕੱਢ ਦਿੱਤਾ ਗਿਆ ਹੈ, ਜਿਥੋਂ ਵਿਧਾਨ ਸਭਾ ਚੋਣਾਂ ਲਈ ਜਗਮੋਹਨ ਸਿੰਘ ਕੰਗ ਨੂੰ ਕਾਂਗਰਸ ਦਾ ਅਧਿਕਾਰਿਕ ਉਮੀਦਵਾਰ ਬਣਾਇਆ ਗਿਆ ਹੈ।
ਪੰਜਾਬ ਵੱਲੋਂ ਆਪਣੀ ਨਵੀਂ ਵਿਧਾਨ ਸਭਾ ਚੁਣਨ ਤੋਂ ਸਿਰਫ ਕੁਝ ਘੰਟਿਆਂ ਪਹਿਲਾਂ ਸ਼ੁੱਕਰਵਾਰ ਨੂੰ ਜ਼ਾਰੀ ਕੱਢਣ ਸਬੰਧੀ ਆਦੇਸ਼ 'ਚ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਲਖਵਿੰਦਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਅਤੇ ਖਰੜ ਤੋਂ ਪਾਰਟੀ ਉਮੀਦਵਾਰ ਦੇ ਵਿਰੋਧ 'ਚ ਕੰਮ ਕਰਨ ਕਰਕੇ ਜ਼ਿੰਦਗੀ ਭਰ ਲਈ ਕੱਢ ਦਿੱਤਾ ਗਿਆ ਹੈ।
ਗਰਚਾ ਨੂੰ ਕੱਢੇ ਜਾਣ ਨਾਲ, ਚੋਣ ਮੁਕਾਬਲੇ ਤੋਂ ਹੱਟਣ ਤੋਂ ਇਨਕਾਰ ਕਰਨ ਕਰਕੇ ਪਾਰਟੀ ਤੋਂ ਬਾਹਰ ਕੀਤੇ ਗਏ ਬਾਗੀ ਉਮੀਦਵਾਰਾਂ ਦੀ ਕੁੱਲ ਗਿਣਤੀ 22 ਨੂੰ ਪਹੁੰਚ ਗਈ ਹੈ, ਜਿਹੜੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਦੇ ਅਧਿਕਾਰਿਕ ਉਮੀਦਵਾਰਾਂ ਖਿਲਾਫ ਕੰਮ ਕਰ ਰਹੇ ਸਨ।