ਚੰਡੀਗੜ੍ਹ, 18 ਜਨਵਰੀ, 2017 : ਕਾਂਗਰਸ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਚੋਣਾਂ ਤੋਂ ਪਹਿਲਾਂ ਹੀ ਪੋਲ ਖੁੱਲ੍ਹਣੀ ਸ਼ੁਰੂ ਹੋ ਗਈ ਹੈ। ਪਾਰਟੀ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਜਿਹੇ ਵਾਅਦਿਆਂ ਪਿੱਛੇ ਲੁਕੀ ਸਿਆਸਤ ਨੇ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਦਿੱਤਾ ਹੈ।
ਇਹ ਸ਼ਬਦ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕਾਂਗਰਸ ਨੇ -ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਸੰਬੰਧੀ -ਯੋਜਨਾਵਾਂ ਤਹਿਤ ਵੱਡੀ ਗਿਣਤੀ ਵਿਚ ਪੰਜਾਬ ਦੇ ਲੋਕਾਂ ਦੀ ਰਜਿਸਟਰੇਸ਼ਨ ਕੀਤੀ ਹੈ, ਜਿਸ ਤਹਿਤ ਪਾਰਟੀ ਵਰਕਰਾਂ ਵੱਲੋਂ ਲੋਕਾਂ ਦੇ ਮੋਬਾਇਲ ਨੰਬਰ ਅਤੇ ਹੋਰ ਨਿੱਜੀ ਵੇਰਵੇ ਇਕੱਤਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਲੋਕਾਂ ਦੇ ਨਿੱਜੀ ਵੇਰਵੇ ਅਤੇ ਮੋਬਾਇਲ ਨੰਬਰ ਇਕੱਠੇ ਦਾ ਮਕਸਦ ਉਹਨਾਂ ਦੇ ਕਰਜ਼ੇ ਮੁਆਫ ਕਰਨਾ ਜਾਂ ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ ਨਹੀਂ ਸੀ, ਸਗੋਂ ਲੋਕਾਂ ਨੂੰ ਵਾਰ ਵਾਰ ਫੋਨ ਕਰਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਲਈ ਕਹਿਣਾ ਸੀ।
ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕਿੰਨੀ ਕੁ ਸਮਰੱਥ ਹੈ, ਇਸ ਦਾ ਖੁਲਾਸਾ ਉਸੇ ਦਿਨ ਹੋ ਗਿਆ ਸੀ, ਜਦੋਂ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾ ਕੇ ਝੋਲੀ ਅੱਡੀ ਸੀ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦੇਵੇ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਸੀ ਆ ਰਹੀ ਕਿ ਜੇਕਰ ਕਰਜ਼ੇ ਮੁਆਫ ਕਰਨ ਸ਼ਕਤੀ ਕੇਂਦਰ ਸਰਕਾਰ ਦੇ ਹੱਥ ਵਿਚ ਹੈ ਤਾਂ ਫਿਰ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਤੋਂ ਕਰਜ਼ਾ ਮੁਆਫੀ ਦੇ ਫਾਰਮ ਕਿਉਂ ਭਰਵਾਏ ਸਨ? ਪਰ ਹੁਣ ਕਿਸਾਨਾਂ ਨੂੰ ਕਾਂਗਰਸ ਪਾਰਟੀ ਦਾ ਸਮਰਥਨ ਕਰਨ ਵਾਸਤੇ ਵਾਰ ਵਾਰ ਆ ਫੋਨਾਂ ਨੇ ਸਾਰੀ ਗੁੰਝਲ ਖੋਲ੍ਹ ਦਿੱਤੀ ਹੈ। ਕਿਸਾਨਾਂ ਤੋਂ ਕਰਜ਼ੇ ਦੀ ਮੁਆਫੀ ਲਈ ਫਾਰਮ ਭਰਵਾਉਣੇ ਕਾਂਗਰਸ ਦੀ ਚੋਣ-ਪ੍ਰਚਾਰ ਦੀ ਰਣਨੀਤੀ ਦਾ ਹਿੱਸਾ ਸੀ। ਕਾਂਗਰਸ ਕਰਜ਼ਾ ਮੁਆਫੀ ਦਾ ਚੋਗਾ ਪਾ ਕੇ ਕਿਸਾਨਾਂ ਦੀ ਵੋਟ ਹੜੱਪਣਾ ਚਾਹੁੰਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਨੇ ਇਹੀ ਖੇਡ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਲਾਲਚ ਦੇ ਕੇ ਖੇਡੀ ਹੈ। ਜਿਹਨਾਂ ਨੌਜਵਾਨਾਂ ਨੇ ਫੋਨ ਵਾਸਤੇ ਰਜਿਸਟਰੇਸ਼ਨ ਕਰਵਾਈ ਹੈ, ਉਹਨਾਂ ਨੂੰ ਸਵੇਰੇ ਤੋਂ ਹੀ ਕਾਂਗਰਸ ਦੇ ਫੋਨ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਤੁਸੀਂ ਆਪਣੀ ਵੋਟ ਸਾਡੀ ਪਾਰਟੀ ਨੂੰ ਹੀ ਪਾਉਣੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਅਤੇ ਨੌਜਵਾਨ ਕਾਂਗਰਸ ਪਾਰਟੀ ਵੱਲੋਂ ਖੇਡੀ ਇਸ ਚਾਲ ਤੋਂ ਬਹੁਤ ਗੁੱਸੇ ਵਿਚ ਹਨ। ਉਹ ਕਾਂਗਰਸ ਖਿਲਾਫ ਆਪਣਾ ਸਾਰਾ ਗੁੱਸਾ 4 ਫਰਵਰੀ ਨੂੰ ਕੱਢਣਗੇ।
ਡਾæ ਚੀਮਾ ਨੇ ਕਿਹਾ ਕਿ ਕਾਂਗਰਸ ਦਾ ਇਹ ਰਿਕਾਰਡ ਹੈ ਕਿ ਇਸ ਨੇ ਲੋਕਾਂ ਨਾਲ ਕੀਤੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ। ਉਲਟਾ 2002-07 ਦੇ ਕਾਰਜਕਾਲ ਦੌਰਾਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਦੁਆਰਾ ਚਲਾਈਆਂ ਸਾਰੀਆਂ ਲੋਕ-ਭਲਾਈ ਦੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਸੀ। ਇੱਥੋਂ ਤੱਕ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਵਾਪਸ ਲੈ ਲਈ ਸੀ। ਉਹਨਾਂ ਕਿਹਾ ਕਿ ਅਮਰਿੰਦਰ ਦੀ ਕਾਂਗਰਸ ਵਿਚ ਕੋਈ ਪੁੱਛ-ਦੱਸ ਨਹੀਂ ਰਹੀ। ਪੰਜਾਬ ਵਿਚ ਕਾਂਗਰਸ ਨੂੰ ਸਿੱਧਾ ਰਾਹੁਲ ਗਾਂਧੀ ਕੰਟਰੋਲ ਕਰ ਰਿਹਾ ਹੈ, ਜਿਸ ਦੇ ਪਰਿਵਾਰ ਨੇ ਪੰਜਾਬ ਅਤੇ ਸਿੱਖਾਂ ਨਾਲ ਹਮੇਸ਼ਾ ਦੁਸ਼ਮਣੀ ਨਿਭਾਈ ਹੈ।