← ਪਿਛੇ ਪਰਤੋ
ਮਹਿਲ ਕਲਾਂ, 2 ਮਾਰਚ, 2017 (ਗੁਰਭਿੰਦਰ ਗੁਰੀ) : 11 ਮਾਰਚ ਨੂੰ ਪੰਜਾਬ ਦੀ ਸਿਆਸਤ ਪ੍ਰਤੀ ਅਹਿਮ ਫੈਸਲਾ ਹੋਣਾ ਹੈ। ਜਿਸ ਦੌਰਾਨ ਲੋਕਾਂ ਦੇ ਫੈਸਲੇ ਅਨੁਸਾਰ ਨਵੀ ਪਾਰਟੀ ਦੀ ਸਰਕਾਰ ਬਨਣ ਦੇ ਰਾਹ ਖੁੱਲ੍ਹਣ ਦਾ ਕੰਮ ਸ਼ੁਰੂ ਹੋ ਜਾਵੇਗਾ । ਭਾਵੇ ਸੂਬੇ ਵਿੱਚ ਅਨੇਕਾਂ ਪਾਰਟੀਆਂ ਦੇ ਆਗੂਆਂ ਵੱਲੋਂ ਵੱਖਰੇ ਤੌਰ ਤੇ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਅਤੇ ਪੰਜਾਬ ਵਿੱਚ ਸੱਤਾ ਸੰਭਾਲਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਹਾਲੇ ਤੱਕ ਕਿਸੇ ਵੀ ਪਾਰਟੀ ਦੇ ਆਗੂ ਲੋਕਾਂ ਦੀ ਨਬਜ਼ ਟਟੋਲਣ ਵਿੱਚ ਅਸਫ਼ਲ ਹੀ ਰਹੇ ਹਨ। ਸ਼ਹਿਰੀ ਤੇ ਪੇਂਡੂ ਹਲਕਿਆਂ ਵਿੱਚ ਲੋਕਾਂ ਦੀ ਚੁੱਪ ਚੁਪੀਤੀ ਜ਼ਿਆਦਾਤਰ ਵੋਟ ਨੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਬੇਚੈਨੀ ਵਿੱਚ ਪਾ ਦਿੱਤਾ ਹੈ ਜਿਸ ਦਾ ਕਾਰਨ ਵੋਟਾਂ ਪੈਣ ਦੇ ਇਨ੍ਹੇ ਦਿਨਾਂ ਬਾਅਦ ਵੀ ਕੋਈ ਸਹੀ ਟਿਕਾਣਾ ਨਹੀ ਮਿਲ ਸਕਿਆ ਹੈ। ਜਿਸ ਨਾਲ ਹਰ ਵਿਧਾਨ ਸਭਾ ਹਲਕੇ ਵਿੱਚ ਤਿਕੋਣੇ ਤੇ ਚੌਗੁਣੇ ਮੁਕਾਬਲਿਆਂ ਨਾਲ ਸਥਿਤੀ ਗੁੰਝਲਦਾਰ ਬਣ ਗਈ ਹੈ। ਪਿਛਲੀ ਵਾਰ ਲੋਕ ਕਹਿੰਦੇ ਸਨ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਪਰ ਸਰਕਾਰ ਅਕਾਲੀ-ਭਾਜਪਾ ਗੱਠਜੋੜ ਦੀ ਦੂਸਰੀ ਵਾਰ ਬਣ ਗਈ ਸੀ। ਇਸ ਵਾਰ ਫਿਰ ਤੋਂ ਤਿਕੋਣੇ ਮੁਕਾਬਲੇ ਵਿੱਚ ਕਿਸੇ ਦੀ ਪੱਕੀ ਸਰਕਾਰ ਦੇ ਦਾਅਵੇ ਪੱਕੇ ਹੁੰਦੇ ਘੱਟ ਹੀ ਨਜ਼ਰ ਆ ਰਹੇ ਹਨ ,ਪਰ ਇਸ ਵਾਰ ਅਕਾਲੀ-ਭਾਜਪਾ ਗੱਠਜੋੜ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਤੇ ਹੋਰ ਕਈ ਧਾਰਮਿਕ ਸੰਸਥਾਵਾਂ ਦੀ ਹਮਾਇਤ ਪ੍ਰਾਪਤ ਸੀ ਤੇ ਲੋਕਾਂ ਚ ਚਰਚਾ ਚੱਲ ਰਹੀ ਹੈ ਕਿ ਫਿਰ ਨਾ ਅਕਾਲੀ ਭਾਜਪਾ ਗੱਠਜੋੜ ਤੀਸਰੀ ਵਾਰ ਬਾਜੀ ਮਾਰ ਜਾਵੇ। ਇਨ੍ਹਾਂ ਵਿਧਾਨ ਸਭਾ ਚੋਣਾਂ ਚ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਜਗਾਂ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਇਨ੍ਹਾ ਦੇ ਉਮੀਦਵਾਰਾਂ ਨੇ ਦੋਨਾਂ ਪਾਰਟੀਆਂ ਨੂੰ ਚੰਗੀ ਟੱਕਰ ਦਿੱਤੀ ਹੈ ਜਿਸ ਨਾਲ ਸੂਬੇ ਵਿੱਚ ਅਕਾਲੀ ਭਾਜਪਾ ਗੱਠਜੋੜ ਸਰਕਾਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਲਈ ਘਟਾਓ ਜੋੜ ਦੀ ਗਿਣਤੀ ਕਰਨੀ ਮੁਸਕਲ ਕਰ ਦਿੱਤੀ ਹੈ। ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਤੀਸਰੀ ਵਾਰ ਸਰਕਾਰ ਬਣਾਉਣ ਦੇ ਦਾਅਵੇ ਕਰਦੀ ਥੱਕਦੀ ਨਹੀ ਜਦਕਿ ਕਾਂਗਰਸ ਪਾਰਟੀ ਪਿਛਲੇ 10 ਸਾਲਾਂ ਤੋਂ ਅਕਾਲੀ ਭਾਜਪਾ ਗੱਠਜੋੜ ਦੀਆਂ ਵਧੀਕੀਆਂ ਤੋਂ ਤੰਗ ਹੋਏ ਲੋਕਾਂ ਦਾ ਸਮਰਥਨ ਉਨ੍ਹਾਂ ਨੂੰ ਮਿਲਿਆ ਦੱਸ ਕੇ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੋਹਾਂ ਪਾਰਟੀਆਂ ਤੋਂ ਅੱਕੇ ਲੋਕਾਂ ਦਾ ਸਹਾਰਾ ਬਣ ਕੇ 117 ਸੀਟਾਂ ਚੋ 100 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ। ਪਰ ਇਹ ਤਾਂ ਪਤਾ 11 ਮਾਰਚ ਨੂੰ ਹੀ ਲੱਗਣਾ ਹੈ ਕਿ ਕਿਹੜੀ ਪਾਰਟੀ ਪੰਜਾਬ ਦਾ ਰਾਜ ਭਾਗ ਸੰਭਾਲਦੀ ਹੈ। ਪਰ ਦਿੱਲੀ ਚੋਣਾਂ ਨੇ ਅਕਾਲੀ ਦਲ ਵਰਕਰਾਂ ਦੇ ਹੌਸਲੇ ਵਧਾਉਣ ਸਮੇਤ ਆਮ ਆਦਮੀ ਪਾਰਟੀ ਦੇ ਵਰਕਰ ਮਾਯੂਸ ਜਰੂਰ ਹੋਏ ਹਨ।
Total Responses : 267