ਚੰਡੀਗੜ੍ਹ, 21 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅੱਜ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਉਹਨਾਂ ਦੀ ਸੁਰੱਖਿਆ ਵਾਪਸ ਲਏ ਜਾਣ ਦੀ ਕੀਤੇ ਡਰਾਮੇ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਘਟੀਆ ਤੇ ਗੰਦੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਮੋੜਵੇਂ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਜਿਹਨਾਂ ਨੂੰ ਉਚ ਦਰਜੇ ਦੀ ਸੁਰੱਖਿਆ ਪ੍ਰਾਪਤ ਹੈ, ਵੱਲੋਂ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਕਈ ਵਾਰ ਰਾਜ ਸਰਕਾਰ ਨੂੰ ਪੱਤਰ ਲਿਖੇ ਗਏ ਕਿ ਜਦੋਂ ਵੀ ਉਹ ਪੰਜਾਬ ਦਾ ਦੌਰਾ ਕਰਨ ਤਾਂ ਉਹਨਾਂ ਦੀ ਸੁਰੱਖਿਆ ਵਿਚ ਵਾਧਾ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸਦੇ ਮੱਦੇਨਜ਼ਰ ਉਹਨਾਂ ਦੀ ਸੁਰੱਖਿਆ ਵਧਾਈ ਗਈ ਤੇ ਇਸਦੀ ਸੂਚਨਾ ਦਿੱਲੀ ਸਰਕਾਰ ਨੂੰ ਵੀ ਦਿੱਤੀ ਗਈ।
ਉਹਨਾ ਕਿਹਾ ਕਿ ਹੁਣ ਜਦੋਂ ਰਾਜ ਵਿਚ ਚੋਣ ਪ੍ਰਕਿਰਿਆ ਚਲ ਰਹੀ ਹੈ ਤਾਂ ਉਹ ਆਪਣੀ ਸੁਰੱਖਿਆ ਵਾਪਸ ਲੈਣ ਦੀ ਅਪੀਲ ਕਰ ਕੇ ਘਟੀਆ ਤੇ ਗੰਦੀ ਰਾਜਨੀਤੀ ਕਰ ਰਹੇ ਹਨ ਅਤੇ ਗੈਰ ਮੁੱਦਿਆਂ 'ਤੇ ਰਾਜ ਦਾ ਅਕਸ ਖਰਾਬ ਕਰਨਾ ਚਾਹੁੰਦੇ ਹਨ।
ਡਾ. ਚੀਮਾ ਨੇ ਕਿਹਾ ਕਿ ਡਰਾਮੇ ਕਰ ਕੇ ਲੋਕਾਂ ਦਾ ਧਿਆਨ ਆਕਰਸ਼ਤ ਕਰਨ ਲਈ ਗੈਰ ਮੁੱਦੇ ਚੁੱਕਣ ਦੀ ਥਾਂ ਉਹਨਾਂ ਨੂੰ ਪ੍ਰਚਾਰ ਦੌਰਾਨ ਵੋਟਾਂ ਮੰਗਣ 'ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿਆਪ ਦੇ ਆਗੂ ਨੇ ਕਿਉਂਕਿ ਮਹਿਸੂਸ ਕਰ ਲਿਆ ਹੈ ਕਿ ਪੰਜਾਬੀਆਂ ਹੱਥੋਂ ਉਹਨਾਂ ਦੀ ਪਾਰਟੀ ਦੀ ਹਾਰ ਯਕੀਨੀ ਹੈ, ਇਸ ਲਈ ਹੁਣ ਉਹ ਦਿੱਲੀ ਵਾਂਗ ਰਾਜਨੀਤਕ ਡਰਾਮੇਬਾਜ਼ੀ ਕਰਨ ਲੱਗ ਪਏ ਹਨ। ਉਹਨਾਂ ਨੇ ਆਪ ਆਗੂ ਨੂੰ ਚੇਤੇ ਕਰਵਾਇਆ ਕਿ ਦਿੱਲੀ ਤੇ ਆਪ ਦੋ ਵੱਖ ਵੱਖ ਸਮਾਜਿਕ ਮਾਹੌਲ ਵਾਲੀਆਂ ਥਾਵਾਂ ਹਨ ਤੇ ਉਹਨਾਂ ਦੇ ਦਿੱਲੀ ਵਾਲੇ ਪੈਂਤੜੇ ਉਹਨਾਂ ਨੂੰ ਪੰਜਾਬ ਵਿਚ ਲਾਭ ਨਹੀਂ ਦੁਆ ਸਕਦੇ।