ਚੰਡੀਗੜ੍ਹ, 30 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਆਪ ਕਨਵੀਨਰ ਅਰਵਿਦ ਕੇਜਰੀਵਾਲ ਦਾ ਪੂਰੀ ਦੁਨੀਆਂ ਸਾਹਮਣੇ ਪਰਦਾਫਾਸ਼ ਹੋ ਗਿਆ ਹੈ ਕਿ ਉਹ ਸੱਤਾ ਹਾਸਿਲ ਕਰਨ ਲਈ ਅਜਿਹੇ ਗਰਮ ਖਿਆਲੀਆਂ ਅਤੇ ਅਪਰਾਧੀਆਂ ਦੀ ਨੁੰਮਾਇਦਗੀ ਕਰ ਰਿਹਾ ਹੈ, ਜਿਹੜੇ ਪੰਜਾਬ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨਾ ਚਾਹੁੰਦੇ ਹਨ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਸ਼ਨੀਵਾਰ ਨੰੂੰ ਕੇਜਰੀਵਾਲ ਦਾ ਖਾਲਿਸਤਾਨ ਕਮਾਂਡੋ ਫੋਰਸ ਦੇ ਨਾਮੀ ਖਾੜਕੂ ਗੁਰਿੰਦਰ ਸਿੰਘ ਦੇ ਮੋਗਾ ਵਿਚਲੇ ਘਰ ਵਿਚ ਰਾਤ ਕੱਟਣਾ ਸਾਬਿਤ ਕਰਦਾ ਹੈ ਕਿ ਕੇਜਰੀਵਾਲ ਨੂੰ ਦੇਸ਼ ਵਿਰੋਧੀ ਅਤੇ ਗਰਮ ਖਿਆਲੀਆਂ ਨਾਲ ਗੰਢਤੁਪ ਕਰਨ ਵਿਚ ਕੋਈ ਝਿਜਕ ਨਹੀਂ ਹੈ। ਉਹਨਾਂ ਕਿਹਾ ਕਿ ਇਸ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਇਹਨਾਂ ਗਰਮ ਖਿਆਲੀਆਂ ਨੂੰ ਸਰਹੱਦ ਪਾਰੋਂ ਸਮਰਥਨ ਮਿਲਦਾ ਸੀ।
ਸ਼ ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਅੱਗ ਨਾਲ ਖੇਡ ਰਿਹਾ ਹੈ। ਖਾਲਿਸਤਾਨੀਆਂ ਅਤੇ ਵੱਖਵਾਦੀਆਂ ਨੂੰ ਸਿਆਸੀ ਸ਼ਹਿ ਦੇ ਕੇ ਕੇਜਰੀਵਾਲ ਪੰਜਾਬ ਨੂੰ ਮੁੜ ਤੋਂ ਉਸ ਦਹਿਸ਼ਤਵਾਦੀ ਦੌਰ ਵੱਲ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਗਈ ਸੀ। ਪੰਜਾਬੀ ਉਸ ਨੂੰ ਅਜਿਹਾ ਕਰਨ ਦੀ ਕਦੇ ਆਗਿਆ ਨਹੀਂ ਦੇਣਗੇ।
ਅਕਾਲੀ ਆਗੂ ਨੇ ਕਿਹਾ ਕਿ ਖਾਲਿਸਤਾਨੀ ਧਿਰਾਂ ਨਾਲ ਗੰਢਤੁਪ ਕਰਨ ਤੋਂ ਪਹਿਲਾਂ ਕੇਜਰੀਵਾਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿਚ ਭਰੋਸਾ ਰੱਖਦਾ ਹੈ ਜਾਂ ਨਹੀਂ?