ਚੰਡੀਗੜ੍ਹ, 30 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੋਆ ਸਰਕਾਰ ਨੂੰ ਉਨਾਂ ਖਿਲਾਫ ਐਫਆਈਆਰ ਦਰਜ ਕਰਵਾਉਣ ਦੇ ਹੁਕਮਾਂ ਦੇ ਖਿਲਾਫ ਭਾਰਤੀ ਦੇ ਚੋਣ ਕਮਿਸ਼ਨ ਕੋਲ ਆਪਣਾ ਵਿਰੋਧ ਦਰਜ ਕਰਵਾਇਆ, ਜਦਕਿ ਕਾਂਗਰਸ ਅਤੇ ਬੀਜੇਪੀ ਦੇ ਆਗੂ ਵੀ ਅਜਿਹੇ ਬਿਆਨ ਦੇ ਚੁੱਕੇ ਹਨ, ਪਰ ਨਿਸ਼ਾਨਾ ਕੇਵਲ ਉਨਾਂ ਨੂੰ ਹੀ ਬਣਾਇਆ ਗਿਆ ਹੈ।
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੇ ਨਾਂਅ ਪੱਤਰ ਵਿੱਚ ਕੇਜਰੀਵਾਲ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੇ ਉਸਦੇ ਮਾਮਲੇ ਵਿੱਚ ਬਹੁਤ ਹੀ ਜੋਸ਼ ਅਤੇ ਤਾਕਤ ਵਿਖਾਈ ਹੈ ਅਤੇ ਦਿੱਲੀ ਦੀ ਅਦਾਲਤ ਦੇ 2016 ਦੇ ਉਨਾਂ ਹੁਕਮਾਂ ਨੂੰ ਨਜਰ ਅੰਦਾਜ ਕੀਤਾ ਗਿਆ, ਜਿਸ ਵਿੱਚ ਅਦਾਲਤ ਨੇ ਅਜਿਹੇ ਹੀ ਕੇਸ ਵਿੱਚ ਐਫਆਈਆਰ ਕਰਨ ਦੀ ਮੰਗ ਰੱਦ ਕਰ ਦਿੱਤੀ ਸੀ। ਦਿੱਲੀ ਦੇ ਮੁੱਖ ਮੰਤਰੀ ਨੇ ਇਸੇ ਸਬੰਧ ਚ ਪੰਜਾਬ ਅਤੇ ਗੋਆ ਤੋਂ ਮੀਡੀਆ ਰਿਪੋਰਟਾਂ ਈਸੀ ਦੇ ਧਿਆਨ ਵਿੱਚ ਲਿਆਂਦੀਆਂ, ਜਿਨਾਂ ਵਿੱਚ ਵਿੱਚ ਕਾਂਗਰਸੀ ਅਤੇ ਭਾਜਪਾ ਆਗੂ ਵੋਟਰਾਂ ਨੂੰ ਪੈਸਾ ਲੈ ਕੇ ਵੋਟਾਂ ਉਨਾਂ ਨੂੰ ਪਾਉਣ ਦੀ ਗੱਲ ਕਹਿ ਰਹੇ ਹਨ।
ਕੇਜਰੀਵਾਲ ਨੇ ਇਲੈਕਸ਼ਨ ਕਮਿਸ਼ਨ ਨੂੰ ਦੱਸਿਆ ਕਿ 29 ਜਨਵਰੀ ਨੂੰ ਪੀਪੀਸੀਸੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਵਿਖੇ ਇੱਕ ਚੋਣ ਰੈਲੀ ਦੌਰਾਨ ਵੋਟਰਾਂ ਨੂੰ ਪੈਸਾ ਸਵੀਕਾਰ ਕਰਨ ਦੀ ਗੱਲ ਕਹੀ ਸੀ। ਉਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਤੁਹਾਨੂੰ ਕੋਈ ਪੈਸਾ ਦਿੰਦਾ ਹੈ ਤਾਂ ਲੈ ਲਓ, ਪਰ ਵੋਟਾਂ ਕਾਂਗਰਸ ਨੂੰ ਪਾਇਓ।
ਕੇਜਰੀਵਾਲ ਨੇ ਕਿਹਾ ਕਿ ਇੱਕ ਦੂਜੇ ਕੇਸ ਵਿੱਚ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਮਨੋਹਰ ਪਾਰਿਕਰ (ਜੋ ਕਿ ਗੋਆ ਦੇ ਸਾਬਕਾ ਮੁੱਖ ਮੰਤਰੀ ਵੀ ਹਨ) ਨੇ ਆਪਣੀ ਚੋਣ ਮੀਟਿੰਗ ਦੌਰਾਨ ਕਿਹਾ ਸੀ ਕਿ ਉਹ ਸਮਝ ਸਕਦੇ ਹਨ ਕਿ ਕੁੱਝ ਪਾਰਟੀਆਂ ਵੱਲੋਂ ਲੋਕਾਂ ਨੂੰ ਰੈਲੀਆਂ ਵਿੱਚ ਆਉਣ ਲਈ 500-500 ਰੁਪਏ ਦਿੱਤੇ ਜਾਂਦੇ ਹਨ, ਕੋਈ ਐਤਰਾਜ ਨਹੀਂ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਵੋਟ ਪਾਉਣ ਵੇਲੇ ਕਮਲ ਦਾ ਬਟਣ ਹੀ ਦਬਾਉਣਾ।
ਕੇਜਰੀਵਾਲ ਨੇ ਇਨਾਂ ਕਾਂਗਰਸੀ ਅਤੇ ਭਾਜਪਾ ਆਗੂਆਂ ਖਿਲਾਫ ਵੀ ਉਸੇ ਤਰਾਂ ਜਲਦ ਤੋਂ ਜਲਦ ਜੋਸ਼ ਅਤੇ ਤਾਕਤ ਵਿਖਾਉਂਦਿਆਂ ਐਫਆਈਆਰ ਦਰਜ ਕਰਨ ਦੀ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕੀਤੀ। ਕੇਜਰੀਵਾਲ ਨੇ ਉਮੀਦ ਜਤਾਈ ਕਿ ਇਲੈਕਸ਼ਨ ਕਮਿਸ਼ਨ ਜਲਦ ਹੀ ਪੀਐਮਓ ਤੋਂ ਇਨਾਂ ਆਗੂਆਂ ਖਿਲਾਫ ਐਫਆਈਆਰ ਦਰਜ ਕਰਵਾਉਣ ਦੀ ਇਜਾਜਤ ਲੈ ਲਵੇਗਾ।