ਚੰਡੀਗੜ੍ਹ, 8 ਜਨਵਰੀ, 2017 : ਆਲ ਇੰਡੀਆ ਐਕਸ ਸਰਵਿਸਮੈਨ ਜੁਆਇੰਟ ਐਕਸ਼ਨ ਫਰੰਟ ਸਾਂਝਾ ਮੋਰਚਾ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਨਿੰਦਣਯੋਗ, ਅਨੁਚਿਤ ਤੇ ਨਿਰਾਧਾਰ ਟਿੱਪਣੀਆਂ ਕਰਨ ਨੂੰ ਲੈ ਕੇ ਪਟਿਆਲਾ ਤੋਂ ਅਕਾਲੀ ਉਮੀਦਵਾਰ ਜਨਰਲ ਜੇ.ਜੇ ਸਿੰਘ ਦੀ ਫੌਜ਼ ਤੇ ਗਵਰਨਰ ਪੱਧਰ ਦੇ ਉੱਚ ਅਹੁਦੇ ਦੀ ਛੋਟੇ ਸਿਆਸੀ ਹਿੱਤਾਂ ਖਾਤਿਰ ਬੇਇਜੱਤ ਕਰਨ 'ਤੇ ਨਿੰਦਾ ਕੀਤੀ ਹੈ।
ਇਥੇ ਜ਼ਾਰੀ ਬਿਆਨ 'ਚ ਸਾਬਕਾ ਫੌਜ਼ੀ, ਇਕ ਮੌਕਾਪ੍ਰਸਤ ਅਫਸਰ ਵਜੋਂ ਜਨਰਲ ਸਿੰਘ 'ਤੇ ਵਰ੍ਹੇ ਹਨ, ਜਿਹੜੇ ਹਮੇਸ਼ਾ ਤੋਂ ਪਬਲੀਸਿਟੀ ਦੇ ਭੁੱਖੇ ਰਹੇ ਹਨ ਅਤੇ ਇਸ ਦਿਸ਼ਾ 'ਚ ਉਨ੍ਹਾਂ ਨੇ ਆਪਣੇ ਅਹੁਦੇ ਨੂੰ ਸ਼ਰਮਸਾਰ ਕਰਦਿਆਂ ਆਪਣੇ ਗੋਲਫ ਬੈਗ ਤੇ ਕਾਰਟ 'ਤੇ ਵੀ ਆਪਣੇ ਜਨਰਲ ਰੈਂਕ ਦੇ ਚਾਰ ਸਿਤਾਰਿਆਂ ਨੂੰ ਲਗਾ ਦਿੱਤਾ ਸੀ।
ਸਾਂਝਾ ਮੋਰਚਾ ਦੇ ਚੀਫ ਪੈਟਰਨ ਲੈਫਟੀਨੈਂਟ ਜਨਰਲ ਜੇ.ਐਸ ਧਾਲੀਵਾਲ ਦੀ ਅਗਵਾਈ ਹੇਠ ਸਾਬਕਾ ਫੌਜ਼ੀਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਲੈ ਕੇ ਜਨਰਲ ਨੇ ਨਾ ਸਿਰਫ ਫੌਜ਼ ਮੁਖੀ ਦੇ ਅਹੁਦੇ ਨੂੰ ਛੋਟਾ ਕਰ ਦਿੱਤਾ ਹੈ, ਸਗੋਂ ਉਨ੍ਹਾਂ ਨੇ ਗਵਰਨਰ ਪੱਧਰ ਦੇ ਉੱਚੇ ਅਹੁਦੇ ਦੇ ਸਨਮਾਨ ਨੂੰ ਸ਼ਰਮਸਰ ਕਰ ਦਿੱਤਾ ਹੈ, ਜਿਹੜੇ ਦੋਵੇਂ ਅਹੁਦੇ ਉਨ੍ਹਾਂ ਨੂੰ ਯੂ.ਪੀ.ਏ ਸਰਕਾਰ ਵੱਲੋਂ ਦਿੱਤੇ ਗਏ ਸਨ।
ਇਸ ਬਿਆਨ 'ਚ ਦਸਤਖਤ ਕਰਨ ਵਾਲਿਆਂ 'ਚ ਲੈਫਟੀਨੇਂਅ ਜਨਰਲ ਟੀ.ਐਸ ਬਰਾੜ, ਲੈਫਟੀਨੇਂਟ ਜਨਰਲ ਕੇ.ਐਸ ਡੋਗਰਾ, ਮੇਜਰ ਜਨਰਲ ਐਸ.ਪੀ.ਐਸ ਗਰੇਵਾਲ, ਬ੍ਰਿਗੇਡੀਅਰ ਇੰਦਰ ਮੋਹਨ ਸਿੰਘ, ਕਰਨਲ ਆਰ.ਐਸ ਬੋਪਾਰਾਏ (ਪ੍ਰਧਾਨ ਸਾਂਝਾ ਮੋਰਚਾ), ਕਰਨਲ ਸੀ.ਐਸ ਖੇੜਾ (ਜਨਰਲ ਸਕੱਤਰ ਸਾਂਝਾ ਮੋਰਚਾ), ਕਰਨਲ ਭਾਗ ਸਿੰਘ (ਕਾਂਗਰਸ ਪਾਰਟੀ ਦੇ ਐਕਸ ਸਰਵਿਸਮੈਨ ਸੈੱਲ ਪੰਜਾਬ ਦੇ ਚੇਅਰਮੈਨ) ਤੇ ਮੇਜਰ ਅਮਰਦੀਪ ਸਿੰਘ ਸ਼ਾਮਿਲ ਸਨ।
ਬਿਆਨ 'ਚ ਕਿਹਾ ਗਿਆ ਹੈ ਕਿ ਬਤੌਰ ਸਾਬਕਾ ਫੌਜ਼ ਮੁਖੀ ਜਨਰਲ ਸਿੰਘ ਨੂੰ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇ ਉਨ੍ਹਾਂ ਨੇ ਆਪਣੇ ਵਿਸ਼ੇਸ਼ ਤੇ ਮੌਕਾਪ੍ਰਸਤ ਸਿਆਸੀ ਹਿੱਤਾਂ ਦੀ ਪੂਰਤੀ ਕਰਨੀ ਹੈ, ਤਾਂ ਉਨ੍ਹਾਂ ਨੂੰ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲੜਨੀ ਚਾਹੀਦੀ ਹੈ, ਨਾ ਕਿ ਚੋਣ ਜੰਗ ਦੇ ਸੱਭ ਤੋਂ ਛੋਟੇ ਅਖਾੜੇ ਵਜੋਂ ਵਿਧਾਨ ਸਭਾ ਚੋਣਾਂ ਨੂੰ ਲੜਨ ਲਈ ਆਪਣਾ ਪੱਧਰ ਡੇਗਣਾ ਚਾਹੀਦਾ ਹੈ।
ਸਾਬਕਾ ਫੌਜ਼ੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਦੀ ਭਰੋਸੇਮੰਦੀ ਤੇ ਫੌਜ਼ 'ਚ ਉਨ੍ਹਾਂ ਦੀ ਭੂਮਿਕਾ ਉਪਰ ਸਵਾਲ ਕਰਨ ਵਾਲੇ ਜਨਰਲ ਸਿੰਘ 'ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪੱਧਰ ਦੇ ਫੌਜ਼ ਦੇ ਇਕ ਸਾਬਕਾ ਸੀਨੀਅਰ ਅਫਸਰ ਨੂੰ ਸਿਰਫ ਇਕ ਵਿਧਾਨ ਸਭਾ ਸੀਟ ਲਈ ਅਜਿਹੇ ਨਿੰਦਣਯੋਗ ਪੱਧਰ 'ਤੇ ਡਿੱਗਣਾ ਸ਼ੋਭਾ ਨਹੀਂ ਦਿੰਦਾ।
ਸਾਬਕਾ ਫੌਜ਼ੀਆਂ ਨੇ ਅਕਾਲੀ ਉਮੀਦਵਾਰ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਪੰਜਾਬ ਦੀ ਮਿੱਟੀ ਦੇ ਇਕ ਪੁੱਤਰ ਕੈਪਟਨ ਅਮਰਿੰਦਰ 1965 ਦੀ ਜੰਗ 'ਚ ਆਪਣੇ ਸਾਰੇ ਰਾਜਸ਼ਾਹੀ ਅਰਾਮਾਂ ਨੂੰ ਤਿਆਗ ਕੇ ਮੁੜ ਫੌਜ਼ 'ਚ ਸ਼ਾਮਿਲ ਹੋ ਗਏ ਸਨ, ਜਦਕਿ ਜਨਰਲ ਸਿੰਘ ਨੇ ਕਦੇ ਵੀ ਕਿਸੇ ਜੰਗ 'ਚ ਹਾਈ ਕਮਾਂਡ ਨਹੀਂ ਸੰਭਾਲੀ ਅਤੇ ਉਹ ਖੁਦ ਹੀ ਜਵਾਨਾਂ ਦੇ ਜਨਰਲ ਬਣ ਗਏ ਸਨ, ਜਿਸ ਕਾਰਨ ਉਨ੍ਹਾਂ ਦਾ ਸਾਥੀਆਂ ਨੇ ਮਜ਼ਾਕ ਉਡਾਇਆ ਸੀ। ਜਿਹੜੇ ਜਨਰਲ ਸਿੰਘ ਸਵ. ਫੀਲਡ ਮਾਰਸ਼ਲ ਐਸ.ਐਚ.ਐਫ ਜੇ. ਮਾਨੇਕਸ਼ਾ ਐਮ.ਸੀ ਦੀ ਸਾਰੇ ਫੌਜ਼ ਦੇ ਅਫਸਰਾਂ ਨੂੰ ਆਪਣੇ ਤਜ਼ੁਰਬੇ ਉਪਰ ਲਿੱਖਣ ਤੋਂ ਪਹਿਲਾਂ 20 ਸਾਲ ਤੱਕ ਇੰਤਜ਼ਾਰ ਕਰਨ ਦੀ ਸਲਾਹ ਨੂੰ ਨਜ਼ਰਅੰਦਾਜ ਕਰਦਿਆਂ, ਰਿਟਾਇਰਮੈਂਟ ਤੋਂ ਤੁਰੰਤ ਬਾਅਦ ਆਪਣੇ ਤਜ਼ੁਰਬਿਆਂ ਨੂੰ ਛਪਵਾਉਣ ਲਈ ਚੱਲ ਪਏ ਸਨ।
ਇਸ ਦੌਰਾਨ ਜਨਰਲ ਸਿੰਘ ਦੀਆਂ ਗੁਸਤਾਖਪੂਰਨ ਤੇ ਅਪਮਾਨਜਨਕ ਟਿੱਪਣੀਆਂ 'ਤੇ ਵਰ੍ਹਦਿਆਂ, ਸਾਬਕਾ ਫੌਜ਼ੀਆਂ ਨੇ ਉਨ੍ਹਾਂ ਵੱਲੋਂ ਪਿਛਲੀ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਤੋਂ ਫੌਜ਼ ਮੁਖੀ ਤੇ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਵਰਗੇ ਪ੍ਰਮੁੱਖ ਅਹੁਦੇ ਸਵੀਕਾਰ ਕਰਨ ਨੂੰ ਲੈ ਕੇ ਸਵਾਲ ਕੀਤਾ ਹੈ। ਜਦਕਿ ਜਨਰਲ ਸਿੰਘ ਹੁਣ ਇਹ ਕਹਿ ਰਹੇ ਹਨ ਕਿ ਉਹ ਸ੍ਰੋਅਦ 'ਚ ਇਸ ਵਾਸਤੇ ਸ਼ਾਮਿਲ ਹੋਏ, ਕਿਉਂਕਿ ਉਹ ਆਪ੍ਰੇਸ਼ਨ ਬਲੂਸਟਾਰ ਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ ਦੇ ਮਾਮਲੇ 'ਚ ਕਾਂਗਰਸ ਦੀ ਭੂਮਿਕਾ ਖਿਲਾਫ ਹਨ।
ਹਾਲਾਂਕਿ ਹੁਣ ਹਾਲੇ 'ਚ ਹੀ ਉਨ੍ਹਾਂ ਤੋਂ ਜਦੋਂ ਇਹ ਪੁੱਛਿਆ ਗਿਆ ਸੀ ਕਿ ਕਿਉਂ ਉਨ੍ਹਾਂ ਨੇ ਵੀ ਕੈਪਟਨ ਅਮਰਿੰਦਰ ਦੀ ਤਰਜ਼ 'ਤੇ ਰੋਸ ਪ੍ਰਗਟਾਉਂਦਿਆਂ ਆਪਣੀ ਕਮਿਸ਼ਨ ਤੋਂ ਅਸਤੀਫਾ ਨਹੀਂ ਦਿੱਤਾ ਸੀ, ਜਿਵੇਂ ਕੈਪਟਨ ਅਮਰਿੰਦਰ ਨੇ ਆਪ੍ਰੇਸ਼ਨ ਬਲੂਸਟਾਰ ਕਾਰਨ ਲੋਕ ਸਭਾ ਤੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ, ਤਾਂ ਮੌਕਾਪ੍ਰਸਤ ਜਨਰਲ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨਿਯੁਕਤੀਆਂ 'ਤੇ ਪਹੁੰਚਣਾ ਉਨ੍ਹਾਂ ਦੀ ਕਿਸਮਤ ਸੀ।
ਸਾਬਕਾ ਫੌਜ਼ੀਆਂ ਨੇ ਕਿਹਾ ਕਿ ਸ਼ਰਮਨਾਕ ਸੱਚਾਈ ਹੈ ਕਿ ਕੁਝ ਹੀ ਸਾਲਾਂ ਪਹਿਲਾਂ ਅਜਿਹੇ ਉੱਚ ਅਹੁਦਿਆਂ 'ਤੇ ਰਹਿਣ ਵਾਲੇ ਜਨਰਲ ਸਿੰਘ ਆਪਣੀ ਜ਼ਿੰਦਗੀ ਦੇ ਇਸ ਆਖਿਰੀ ਪੜਾਅ 'ਚ ਸੱਤਾ 'ਚ ਕਾਬਿਜ ਹੋਣ ਲਈ ਅਜਿਹੇ ਘਟੀਆ ਪੱਧਰ 'ਤੇ ਡਿੱਗ ਗਏ ਹਨ।
ਸਾਬਕਾ ਫੌਜ਼ੀਆਂ ਨੇ ਸਵਾਲ ਕੀਤਾ ਕਿ ਇਸ ਤੋਂ ਵੱਧ ਹੋਰ ਨਿੰਦਣਯੋਗ ਕੀ ਹੋ ਸਕਦਾ ਹੈ ਕਿ ਫੌਜ਼ ਮੁਖੀ ਵਰਗੇ ਉੱਚ ਅਹੁਦੇ 'ਤੇ ਰਹਿਣ ਵਾਲੇ ਜਨਰਲ ਸਿੰਘ ਦਾ ਇਸ ਅਹੁਦੇ ਲਈ ਤੁੱਕਾ ਲੱਗ ਗਿਆ ਸੀ।
ਸਾਬਕਾ ਫੌਜ਼ੀਆਂ ਨੇ ਕਿਹਾ ਕਿ ਜਨਰਲ ਸਿੰਘ ਹਰ ਮਾਮਲੇ 'ਚ ਇਕ ਔਸਤ ਕੈਡਿਟ ਰਹੇ ਸਨ, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਜਨਰਲ ਸਿੰਘ ਨੇ ਨੈਸ਼ਨਲ ਡਿਫੈਂਸ ਅਕੈਡਮੀ ਤੇ ਇੰਡੀਅਨ ਮਿਲਟ੍ਰੀ ਅਕੈਡਮੀ 'ਚ ਬੇਹਤਰ ਪ੍ਰਦਰਸ਼ਨ ਨਹੀਂ ਕੀਤਾ ਸੀ ਅਤੇ ਉਨ੍ਹਾਂ ਤੋਂ ਘੱਟ ਉਮਰ ਦੇ ਕੈਡਿਟਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ। ਲੇਕਿਨ ਜਨਰਲ ਸਿੰਘ ਨੂੰ ਸਿਰਫ ਇਸ ਲਈ ਫਾਇਦਾ ਮਿਲਿਆ ਕਿਉਂਕਿ ਉਹ ਬਹੁਤ ਨੌਜ਼ਵਾਨ ਸਨ।
ਇਸੇ ਤਰ੍ਹਾਂ, ਜਨਰਲ ਸਿੰਘ ਬਤੌਰ ਫੌਜ਼ ਮੁਖੀ ਇਸ ਲਈ ਰਿਟਾਇਰ ਹੋਏ, ਕਿਉਂਕਿ ਇਸ ਦੌੜ 'ਚ ਸ਼ਾਮਿਲ ਉਨ੍ਹਾਂ ਤੋਂ ਜ਼ਿਆਦਾ ਕਾਬਿਲ ਸਾਥੀ ਜਨਰਲ ਸਿੰਘ ਤੋਂ ਉਮਰ 'ਚ ਵੱਡੇ ਸਨ ਅਤੇ ਉਸ ਵਕਤ ਦੇ ਨਿਯਮ ਮੁਤਾਬਿਕ ਉਹ ਉਸ ਅਹੁਦੇ ਲਈ ਫਿਟ ਨਹੀਂ ਬੈਠਦੇ ਸਨ। ਅਜਿਹੇ 'ਚ ਅਕਾਲੀ ਉਮੀਦਾਰ ਬਰਥਡੇ ਜਨਰਲਾਂ ਦੀ ਇਕ ਉਦਾਹਰਨ ਹਨ, ਜਿਨ੍ਹਾਂ ਨੇ ਆਪਣੀ ਮੈਰਿਟ ਕਾਰਨ ਨਹੀਂ, ਸਗੋਂ ਜਨਮ ਦੀ ਤਰੀਕ ਕਾਰਨ ਤਰੱਕੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੇ ਉਲਟ ਜਨਰਲ ਸਿੰਘ ਜ਼ਮੀਨ ਨਾਲ ਜੁੜੇ ਹੋਏ ਨਹੀਂ ਹਨ ਅਤੇ ਉਨ੍ਹਾਂ ਦਾ ਕੋਈ ਸਿਆਸੀ ਤੇ ਸਮਾਜਿਕ ਅਧਾਰ ਨਹੀਂ ਹੈ। ਜਦਕਿ ਕੈਪਟਨ ਅਮਰਿੰਦਰ ਨੇ 30 ਸਾਲਾਂ ਦੇ ਲੰਬੇ ਸਿਆਸੀ ਕਰਿਅਰ ਦੌਰਾਨ ਲੋਕਾਂ ਲਈ ਤੇ ਲੋਕਾਂ ਵਿੱਚ ਰਹਿ ਕੇ ਕੰਮ ਕੀਤਾ ਹੈ, ਲੇਕਿਨ ਜਨਰਲ ਸਿੰਘ ਹੁਣ ਸਿਆਸੀ ਫਾਇਦਾ ਚੁੱਕਣ ਦੀ ਕੋਸ਼ਿਸ਼ ਹੇਠ ਪ੍ਰਦੇਸ਼ ਕਾਂਗਰਸ ਪ੍ਰਧਾਨ 'ਤੇ ਨਿਰਾਸ਼ਾਪੂਰਨ ਹਮਲੇ ਕਰ ਰਹੇ ਹਨ, ਜਿਹੜੀ ਲੜਾਈ ਉਹ ਸਪੱਸ਼ਟ ਤੌਰ 'ਤੇ ਹਾਰ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਪੰਜਾਬ ਦੀ ਗੱਲ ਤਾਂ ਦੂਰ ਦੀ ਹੈ, ਪਟਿਆਲਾ ਦੇ ਮੁੱਦਿਆਂ ਬਾਰੇ ਨਹੀਂ ਪਤਾ ਹੈ, ਉਹ ਕੈਪਟਨ ਅਮਰਿੰਦਰ ਖਿਲਾਫ ਵਿਅਕਤੀਗਤ ਹਮਲੇ ਕਰਕੇ ਤੇ ਗੈਰ ਮੁੱਦਿਆਂ ਦੀਆਂ ਗੱਲਾਂ ਕਰਕੇ ਸਿਰਫ ਆਪਣੀ ਅਗਿਆਨਤਾ ਨੂੰ ਛਿਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਨਰਲ ਸਿੰਘ ਨੂੰ ਪਟਿਆਲਾ ਦੇ ਲੋਕ ਕਰਾਰਾ ਜਵਾਬ ਦੇਣਗੇ।