ਅੰਮ੍ਰਿਤਸਰ, 14 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਅਕਾਲੀ ਅਗਵਾਈ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਲੰਬੀ ਤੋਂ ਚੋਣ ਲੜਨ ਵਾਸਤੇ ਪਾਰਟੀ ਹਾਈ ਕਮਾਂਡ ਤੋਂ ਇਜ਼ਾਜਤ ਮੰਗੀ ਹੈ।
ਇਹ ਖੁਲਾਸਾ ਕੈਪਟਨ ਅਮਰਿੰਦਰ ਨੇ ਮੁੱਖ ਆਪ ਆਗੂ ਡਾ. ਦਲਜੀਤ ਸਿੰਘ ਦਾ ਕਾਂਗਰਸ 'ਚ ਸਵਾਗਤ ਕਰਨ ਵਾਸਤੇ ਇਥੇ ਅਯੋਜਿਤ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਖਿਲਾਫ ਉਨ੍ਹਾਂ ਦੇ ਘਰ ਲੰਬੀ ਤੋਂ ਲੜਨਾ ਚਾਹੁੰਦੇ ਹਨ, ਕਿਉਂਕਿ ਉਹ ਨਸ਼ਿਆਂ, ਮਾਫੀਆ ਤੇ ਗੁੰਡਾਰਾਜ ਰਾਹੀਂ ਸੂਬੇ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ, ਅਤੇ ਇਸਦੇ ਵਪਾਰ, ਉਦਯੋਗਾਂ ਤੇ ਖੇਤੀਬਾੜੀ ਨੂੰ ਤਬਾਹ ਕਰਨ ਲਈ ਦੋਸ਼ੀ ਸਾਰੇ ਮੁੱਖ ਅਕਾਲੀ ਆਗੂਆਂ ਨੂੰ ਹਰਾਉਣਾ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਉਨ੍ਹਾਂ ਨੂੰ ਲੰਬੀ ਤੋਂ ਚੋਣ ਲੜਨ ਦੀ ਇਜ਼ਾਜਤ ਦੇਣ ਵਾਸਤੇ ਕਿਹਾ ਸੀ, ਤਾਂ ਜੋ ਉਹ ਪੰਜਾਬ ਨੂੰ ਬਾਦਲਾਂ ਦੇ ਅਨੈਤਿਕ ਤੇ ਵਿਨਾਸ਼ਕਾਰੀ ਸ਼ਾਸਨ ਤੋਂ ਅਜ਼ਾਦ ਕਰਵਾ ਸਕਣ।
ਇਸ ਦੌਰਾਨ ਇਕ ਸਵਾਲ ਦੇ ਜਵਾਬ 'ਚ, ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇਜ਼ਾਜਤ ਮਿੱਲੀ, ਤਾਂ ਉਹ ਲੰਬੀ ਤੇ ਪਟਿਆਲਾ ਦੋਨਾਂ ਸੀਟਾਂ ਤੋਂ ਚੋਣ ਲੜਨਗੇ।
ਕੈਪਟਨ ਅਮਰਿੰਦਰ ਨੇ ਪੰਜਾਬ ਲਈ ਅਜਿਹੇ ਅਪਮਾਨਜਨਕ ਹਾਲਾਤ ਪੈਦਾ ਕਰਨ ਵਾਸਤੇ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਅਤੇ ਸਾਥੀਆਂ ਉਪਰ ਵਰ੍ਹਦਿਆਂ ਕਿਹਾ ਕਿ ਪੂਰੇ ਸੂਬੇ ਅੰਦਰ ਅਵਿਵਸਥਾ ਫੈਲ੍ਹ ਚੁੱਕੀ ਹੈ। ਇਸਨੂੰ ਲੈ ਕੇ ਉਨ੍ਹਾਂ ਨੇ ਨਾਭਾ ਜੇਲ੍ਹ ਬ੍ਰੇਕ ਦੀ ਘਟਨਾ ਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਗੁੰਡਿਆਂ ਨੂੰ ਸੂਬੇ ਤੋਂ ਭੱਜਣ ਦੀ ਅਜ਼ਾਦੀ ਦਿੱਤੀ ਗਈ, ਤਾਂ ਉਹ ਚਣਾਂ ਦੌਰਾਨ ਅਕਾਲੀਆਂ ਦੀ ਸਹਾਇਤਾ ਕਰ ਸਕਣ।
ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਅਕਾਲੀਆਂ ਦੇ ਸਾਰੇ ਘੁਟਾਲਿਆਂ ਦੀ ਜਾਂਚ ਕਰਵਾਏਗੀ ਤੇ ਕਿਸੇ ਵੀ ਅਪਰਾਧਿਕ ਹਰਕਤ, ਖਾਸ ਕਰਕੇ ਨਸ਼ੇ ਵਪਾਰ ਲਈ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇਗੀ।
ਜਦਕਿ ਬਾਦਲਾਂ ਖਿਲਾਫ ਹਿੰਸਾ ਦੇ ਇਸਤੇਮਾਲ ਖਿਲਾਫ ਆਪਣੇ ਵਿਰੋਧ ਨੂੰ ਦੁਹਰਾਉਂਦਿਆਂ, ਉਨ੍ਹਾਂ ਨੇ ਇਕ ਵਾਰ ਫਿਰ ਤੋਂ ਲੋਕਾਂ ਨੂੰ ਅਕਾਲੀਆਂ ਖਿਲਾਫ ਆਪਣੀ ਨਿਰਾਸ਼ਾ ਤੇ ਗੁੱਸੇ ਨੂੰ ਵੋਟ ਰਾਹੀਂ ਜਾਹਿਰ ਕਰਨ ਦੀ ਅਪੀਲ ਕੀਤੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਲੋਕ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਤਿੰਨੋਂ ਸਕੀਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ ਅਤੇ ਉਹ ਸੂਬੇ ਦੇ ਨਾਲ ਕੀਤੇ ਗਏ ਹਰੇਕ ਵਾਅਦੇ ਨੂੰ ਪੂਰਾ ਕਰਨਗੇ, ਜਿਸ 'ਚ ਕਿਸਾਨਾਂ ਦੇ ਲੋਨ ਮੁਆਫ ਕਰਨਾ, ਹਰੇਕ ਘਰ 'ਚੋਂ ਇਕ ਵਿਅਕਤੀ ਨੂੰ ਨੌਕਰੀ ਦੇਣਾ ਤੇ ਨੌਜ਼ਵਾਨਾਂ ਨੂੰ ਵਿਸ਼ਵ ਨਾਲ ਜੋੜਨ ਲਈ ਉਨ੍ਹਾਂ ਨੂੰ ਮੋਬਾਇਲ ਫੋਨ ਮੁਹੱਈਆ ਕਰਵਾਉਣਾ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਤੀ ਲੋਨਾਂ ਉਪਰ ਵਿਆਜ਼ ਦਰਾਂ 'ਤੇ ਫਿਰ ਤੋਂ ਗੱਲਬਾਤ ਕਰੇਗੀ ਅਤੇ ਉਨ੍ਹਾਂ ਲੋਨਾਂ ਨੂੰ ਇਸ ਤਰ੍ਹਾਂ ਸੈਟਲ ਕੀਤਾ ਜਾਵੇਗਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਆਪਣੀ ਜੇਬ੍ਹ ਤੋਂ ਇਕ ਵੀ ਪੈਸੇ ਦੀ ਅਦਾਇਗੀ ਨਾ ਕਰਨੀ ਪਵੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੀ ਭਲਾਈ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦਿਸ਼ਾ 'ਚ ਪੰਜਾਬ ਦੇ ਪਾਣੀਆਂ ਲਈ ਉਨ੍ਹਾਂ ਨੇ ਖੁਦ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਭਲਾਈ ਤਹਿਤ ਆਪਣੇ ਟਾਰਗੇਟਾਂ ਨੂੰ ਪੁਖਤਾ ਕਰਨ ਵਾਸਤੇ ਉਨ੍ਹਾਂ ਨੂੰ ਦੋ-ਤਿਹਾਈ ਬਹੁਮਤ ਦੀ ਲੋੜ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਦੇ ਹਿੱਤ 'ਚ ਆਪਣੀਆਂ ਵੋਟਾਂ ਦਾ ਸੋਚ ਸਮਝ ਕੇ ਇਸਤੇਮਾਲ ਕਰਨ ਵਾਸਤੇ ਕਿਹਾ।
ਇਕ ਸਵਾਲ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਬਾਦਲ ਦੇ ਉਲਟ ਪੰਜਾਬ ਪੁਲਿਸ 'ਤੇ ਪੂਰਾ ਭਰੋਸਾ ਹੈ, ਜਿਹੜੇ ਆਪਣੀ ਸੁਰੱਖਿਆ ਵਾਸਤੇ ਕੇਂਦਰੀ ਫੋਰਸਾਂ ਦਾ ਇਸਤੇਮਾਲ ਕਰਦੇ ਹਨ।
ਇਕ ਹੋਰ ਸਵਾਲ ਦੇ ਜਵਾਬ 'ਚ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਕਦੇ ਵੀ ਭਾਰਤੀ ਕਰੰਸੀ ਦੇ ਨੋਟਾਂ ਉਪਰ ਗਾਂਧੀ ਦੀ ਤਸਵੀਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਦਲਣ ਦੀ ਇਜ਼ਾਜਤ ਨਹੀਂ ਦੇਵੇਗਾ ਤੇ ਇਸ ਬਾਰੇ ਦਿੱਤਾ ਗਿਆ ਕੋਈ ਵੀ ਸੁਝਾਅ ਚਾਪਲੂਸੀ ਦਾ ਲੱਛਣ ਹੈ।