ਚੰਡੀਗੜ੍ਹ, 4 ਮਾਰਚ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਾਟਰ ਵਰਕਸ ਨੂੰ ਜਾਣ ਵਾਲੀ ਪਾਵਰ ਸਪਲਾਈ ਕੱਟੇ ਜਾਣ ਨਾਲ ਪੰਜਾਬ ਦੇ ਸੈਂਕੜਾਂ ਪਿੰਡਾਂ 'ਚ ਪੈਦਾ ਹੋਈ ਪਾਣੀ ਦੀ ਸਮੱਸਿਆ ਉਪਰ ਗੰਭੀਰ ਚਿੰਤਾ ਪ੍ਰਗਟ ਕਰਦਿਆਂ, ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਲਈ ਦੋਸ਼ੀ ਪੰਚਾਇਤ ਮੈਂਬਰਾਂ ਤੇ ਨਗਰ ਕੌਂਸਲ ਦੇ ਪ੍ਰਧਾਨਾਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਸ਼ਨੀਵਾਰ ਨੂੰ ਇਥੇ ਜ਼ਾਰੀ ਇਕ ਬਿਆਨ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ 650 ਵੱਖੋਂ ਵੱਖ ਪਿੰਡਾਂ ਦੇ ਲੋਕਾਂ, ਜਿਨ੍ਹਾਂ ਦੇ ਵਾਟਰ ਵਰਕਸ ਦੀ ਬਿਜਲੀ ਦੀ ਕੱਟ ਦਿੱਤੀ ਗਈ ਹੈ, ਨੂੰ ਪੰਚਾਇਤ ਤੇ ਨਗਰ ਕੌਂਸਲ ਦੇ ਆਗੂਆਂ ਦੀ ਅਪਰਾਧਿਕ ਲਾਪਰਵਾਹੀ ਕਾਰਨ ਪ੍ਰੇਸ਼ਾਨ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਾਟਰ ਵਰਕਸ ਦੀ ਬਿਜਲੀ ਦੀ ਸਪਲਾਈ ਤੁਰੰਤ ਬਹਾਲ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਜੀਵਨ ਦੇ ਸੰਵਿਧਾਨਿਕ ਅਧਿਕਾਰ ਹੇਠ ਸਾਫ ਸੁਥਰੇ ਪੀਣ ਯੋਗ ਪਾਣੀ 'ਤੇ ਲੋਕਾਂ ਦਾ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਉਸ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ 'ਤੇ ਪੰਚਾਇਤਾਂ ਤੇ ਨਗਰ ਕੌਂਸਲਾਂ ਦੇ ਆਗੂਆਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਪੈਦਾ ਹੋਈ ਇਹ ਸਮੱਸਿਆ, ਸੂਬੇ ਅੰਦਰ ਬਾਦਲ ਸਰਕਾਰ ਦੇ ਕੁਸ਼ਾਸਨ ਦੀ ਇਕ ਹੋਰ ਉਦਾਹਰਨ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਪੀ.ਐਸ.ਪੀ.ਸੀ.ਐਲ ਨੂੰ ਬਕਾਇਆ ਬਿੱਲਾਂ ਦੀ ਵਸੂਲੀ ਕਰਨ ਵਾਸਤੇ ਲੋੜੀਂਦੇ ਕਦਮ ਚੁੱਕਣ ਦਾ ਹੱਕ ਹੈ, ਲੇਕਿਨ ਉਸਨੂੰ ਬੇਕਸੂਰ ਪਿੰਡ ਵਾਲਿਆਂ ਨੂੰ ਪ੍ਰਤਾੜਤ ਨਹੀਂ ਕਰਨ ਦਿੱਤਾ ਜਾ ਸਕਦਾ।
ਇਥੋਂ ਤੱਕ ਕਿ ਕੈਪਟਨ ਅਮਰਿੰਦਰ ਨੇ ਬੀਤੇ ਸਾਲਾਂ ਦੌਰਾਨ ਹਾਲਾਤਾਂ ਨੂੰ ਸੰਭਾਲਣ 'ਚ ਪੂਰੀ ਤਰ੍ਹਾਂ ਲਾਪਰਵਾਹੀ ਵਰਤਣ ਵਾਲੀਆਂ ਅਥਾਰਿਟੀਜ਼ 'ਤੇ ਵੀ ਵਰ੍ਹਦਿਆਂ ਕਿਹਾ ਕਿ ਮਾਨਸਾ ਤੇ ਮੁਕਤਸਰ ਵਰਗੇ ਪ੍ਰਭਾਵਿਤ ਇਲਾਕਿਆਂ ਦਾ ਭੂ ਜਲ ਮਨੁੱਖੀ ਵਰਤੋਂ ਲਈ ਉਚਿਤ ਨਹੀਂ ਹੈ ਅਤੇ ਅਜਿਹੇ 'ਚ ਜੇ ਲੋਕਾਂ ਨੂੰ ਤੁਰੰਤ ਪਾਣੀ ਦੀ ਸਪਲਾਈ ਬਹਾਲ ਨਹੀਂ ਕੀਤੀ ਗਈ, ਤਾਂ ਹਾਲਾਤ ਹੱਥੋਂ ਨਿਕਲ ਸਕਦੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਫ ਪੀਣ ਯੋਗ ਪਾਣੀ, ਭਾਰਤੀ ਸੰਵਿਧਾਨ ਦੇ ਜੀਵਨ ਦੇ ਅਧਿਕਾਰ 'ਚ ਸ਼ਾਮਿਲ ਹੈ ਅਤੇ ਇਸ ਤੋਂ ਲੋਕਾਂ ਨੂੰ ਵਾਂਝਾ ਨਹੀਂ ਕੀਤਾ ਜਾ ਸਕਦਾ ਹੈ। ਇਸ ਦਿਸ਼ਾ 'ਚ, ਕਿਸੇ ਵੀ ਹਾਲਾਤ 'ਚ ਲੋਕਾਂ ਨੂੰ ਲੋੜੀਂਦੀਆਂ ਵਸਤਾਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਹੈ।
ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਪੀ.ਐਸ.ਪੀ.ਸੀ.ਐਲ ਦੀ ਕਾਰਵਾਈ ਕਾਰਨ ਲੋਕਾਂ ਨੂੰ ਲੰਬੇ ਵਕਤ ਤੱਕ ਪਾਣੀ ਤੋਂ ਮਹਿਰੂਮ ਰਹਿਣ ਕਰਕੇ ਹੋਰ ਪ੍ਰੇਸ਼ਾਨ ਹੋਣਾ ਪਿਆ, ਤਾਂ ਹਾਲਾਤ ਖਤਰਨਾਕ ਸਥਿਤੀ 'ਚ ਪਹੁੰਚ ਜਾਣਗੇ। ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਐਸ.ਵਾਈ.ਐਲ ਵਿਵਾਦ ਦੇ ਗੰਭੀਰ ਮੋੜ 'ਤੇ ਪਹੁੰਚ ਜਾਣ ਦੇ ਨਾਲ ਨਾਲ, ਇਹ ਮੁੱਦਾ ਪੰਜਾਬ ਅੰਦਰ ਪਾਣੀ ਨੂੰ ਲੈ ਕੇ ਭਿਆਨਕ ਤਨਾਅ ਪੈਦਾ ਕਰ ਸਕਦਾ ਹੈ। ਜਿਸ 'ਤੇ, ਉਨ੍ਹਾਂ ਨੇ ਪਿੰਡਾਂ ਵੱਲ ਬਕਾਇਆ ਬਿਜਲੀ ਦੇ ਬਿੱਲਾਂ ਦੀ ਸਮੱਸਿਆ ਦਾ ਵੈਕਲਪਿਕ ਹੱਲ ਕੱਢੇ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਨੇ ਦੁਹਰਾਇਆ ਕਿ ਪਾਣੀ ਦੀ ਸਮੱਸਿਆ ਇਸ ਤੋਂ ਪਹਿਲਾਂ ਪੰਜਾਬ ਅੰਦਰ ਅੱਤਵਾਦ ਦੀ ਜੜ੍ਹ ਬਣੀ ਸੀ ਅਤੇ ਇਹ ਇਕ ਵਾਰ ਫਿਰ ਤੋਂ ਹਿੰਸਾ ਨੂੰ ਚਿੰਗਾਰੀ ਦੇ ਸਕਦੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਇਸ ਸਮੱਸਿਆ ਦਾ ਹੱਲ ਕਰਨਾ, ਉਨ੍ਹਾਂ ਦੀ ਸਰਕਾਰ ਦੀ ਪਹਿਲ ਹੋਵੇਗੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਸਮੱਸਿਆ ਦਾ ਪੱਕੇ ਤੌਰ 'ਤੇ ਹੱਲ ਕੱਢਦਿਆਂ, ਪੰਜਾਬ ਦੇ ਲੋਕਾਂ ਦੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਇਕ ਵਿਆਪਕ ਨੀਤੀ ਬਣਾਈ ਜਾਵੇਗੀ ਅਤੇ ਪੀ.ਐਸ.ਪੀ.ਸੀ.ਐਲ ਦੀਆਂ ਬਕਾਇਆ ਅਦਾਇਗੀਆਂ ਨੂੰ ਸਹੀ ਦਿਸ਼ਾ 'ਚ ਲਿਜਾਂਦਿਆਂ ਹਰ ਮੁਮਕਿਨ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬਿਜਲੀ ਦੇ ਬਿੱਲਾਂ ਦੀਆਂ ਅਦਾਇਗੀਆਂ ਦੀ ਰਕਮ ਨੂੰ ਦੂਜੇ ਕੰਮਾਂ 'ਚ ਵਰਤਣ ਲਈ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਨਿਆਂ ਦਾ ਸਾਹਮਣਾ ਕਰਵਾਇਆ ਜਾਵੇਗਾ।
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਐਸ.ਵਾਈ.ਐਲ ਦੀ ਸਮੱਸਿਆ ਦਾ ਇਕ ਕਾਨੂੰਨੀ ਹੱਲ ਕੱਢਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਪੁਖਤਾ ਕਰਨ ਦਾ ਵਾਅਦਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਅਤਿ ਜ਼ਰੂਰੀ ਪਾਣੀ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੂਬੇ ਅੰਦਰ ਪਾਣੀ ਦੀ ਕਮੀ ਦੇ ਮੱਦੇਨਜ਼ਰ, ਅਤੇ ਇਸ ਕਾਰਨ ਹਿੰਸਾ ਪੈਦਾ ਹੋਣ ਦੀ ਸ਼ੰਕਾ ਕਰਕੇ, ਪਾਣੀ ਦੇ ਸੰਕਟ ਨੂੰ ਜ਼ਲਦੀ ਹੱਲ ਕੀਤਾ ਜਾਣਾ ਜ਼ਰੂਰੀ ਹੈ ਅਤੇ ਇਸ ਮੁੱਦੇ 'ਤੇ ਉਨ੍ਹਾਂ ਦੀ ਸਰਕਾਰ ਪਹਿਲ ਦੇ ਅਧਾਰ 'ਤੇ ਕੰਮ ਕਰੇਗੀ।