ਦਿੜਬਾ/ਸੰਗਰੂਰ/ਅਮਰਗੜ੍ਹ, 30 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਰਗੀਆਂ ਸੰਪ੍ਰਦਾਇਕ ਤੇ ਫਾਸੀਵਾਦੀ ਤਾਕਤਾਂ ਨੂੰ ਵੇਟ ਦੇਣ ਖਿਲਾਫ ਚੇਤਾਵਨੀ ਦਿੰਦਿਆਂ, ਸੋਮਵਾਰ ਨੂੰ ਦੋਨਾਂ ਪਾਰਟੀਆਂ ਉਪਰ ਰਾਸ਼ਟਰ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਨੂੰ ਲੈ ਕੇ ਵਰ੍ਹੇ ਅਤੇ ਦਲਿਤਾਂ, ਕਿਸਾਨਾਂ, ਬਿਜਨੇਸਮੈਨਾਂ, ਨੌਜ਼ਵਾਨਾਂ ਤੇ ਔਰਤਾਂ ਸਮੇਤ ਸੂਬੇ ਦੀ ਅਬਾਦੀ ਦੇ ਹਰੇਕ ਵਰਗ ਦੀਆਂ ਅੱਖਾਂ 'ਚੋਂ ਅੱਥਰੂ ਪੂੰਝਦਿਆਂ, ਪ੍ਰਦੇਸ਼ 'ਚ ਨਵਾਂ ਸਵੇਰਾ ਲਿਆਉਣ ਦਾ ਵਾਅਦਾ ਕੀਤਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਇਸ ਤੋਂ ਪਹਿਲਾਂ ਬਾਦਲਾਂ ਨੇ ਪੰਜਾਬ ਦੇ ਪਾਣੀ ਦੇ ਹੱਕਾਂ ਨੂੰ ਹਰਿਆਣਾ ਨੁੰ ਵੇਚ ਦਿੱਤਾ ਸੀ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਆਪ ਨੂੰ ਵੋਟ ਦੇਣਾ ਪੰਜਾਬ ਲਈ ਅਤਿ ਜ਼ਰੂਰੀ ਪਾਣੀ ਨੂੰ ਗੁਆਂਢੀ ਸੂਬੇ ਨੂੰ ਦੇਣ ਦੀ ਦਿਸ਼ਾ 'ਚ ਸੂਬੇ ਨੂੰ ਸੋਕੇ 'ਚ ਧਕੇਲਣ ਸਮਾਨ ਹੋਵੇਗਾ, ਕਿਉਂਕਿ ਇਕ ਹਰਿਆਣਵੀ ਹੋਣ ਕਾਰਨ ਕੇਜਰੀਵਾਲ ਕਦੇ ਵੀ ਪੰਜਾਬ ਦੇ ਲੋਕਾਂ ਦਾ ਪੱਖ ਨਹੀਂ ਲੈਣਗੇ।
ਪ੍ਰਦੇਸ਼ ਕਾਂਗਰਸ ਦੇ ਆਗੂ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਪੁਨਰਗਠਨ ਵੇਲੇ ਉਹ ਕੰਡੂਖੇਡਾ 'ਚ ਰਹੇ ਸਨ, ਤਾ ਜੋ ਭਾਸ਼ਾ ਦੇ ਅਧਾਰ 'ਤੇ ਜਨਮਤ ਸੰਗ੍ਰਹਿ ਕਰਵਾ ਕੇ ਪਿੰਡ ਦੇ ਭਵਿੱਖ ਦਾ ਫੈਸਲਾ ਕੀਤਾ ਜਾ ਸਕੇ, ਅਤੇ ਇਸੇ ਤਰ੍ਹਾਂ ਉਨ੍ਹਾਂ ਨੇ ਐਸ.ਵਾਈ.ਐਲ ਦੇ ਮੁੱਦੇ 'ਤੇ ਸੂਬੇ ਦੇ ਹਿੱਤਾਂ ਲਈ ਲੜਾਈ ਜ਼ਾਰੀ ਰੱਖਣ ਦਾ ਵਾਅਦਾ ਵੀ ਕੀਤਾ। ਇਸ ਲੜੀ ਹੇਠ, ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਅਦਾਲਤਾਂ ਦੇ ਆਦੇਸ਼ਾਂ ਦੀ ਉਲੰਘਣਾ ਵੀ ਕਰ ਦੇਣਗੇ ਅਤੇ ਜੇਲ੍ਹ ਚਲੇ ਜਾਣਗੇ, ਲੇਕਿਨ ਇਕ ਬੂੰਦ ਪਾਣੀ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ। ਉਨ੍ਹਾਂ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੇਜਰੀਵਾਲ ਦੀਆਂ ਜੜ੍ਹਾਂ ਹਰਿਆਣਾ 'ਚ ਹਨ ਅਤੇ ਉਸਦੀ ਸੋਚ ਹਿਟਲਰ ਵਾਂਗ ਹੈ, ਜਿਹੜੇ ਪੰਜਾਬ ਦੇ ਪਾਣੀਆਂ ਦੀ ਰਾਖੀ ਨਹੀਂ ਕਰ ਸਕਦੇ।
ਇਸ ਦੌਰਾਨ, ਵਿਧਾਨ ਸਭਾ ਚੋਣਾਂ 'ਚ ਵਿਰੋਧੀਆਂ ਨੂੰ ਬਾਹਰ ਕਰਨ ਦਾ ਭਰੋਸਾ ਪ੍ਰਗਟਾਉਂਦਿਆਂ, ਕੈਪਟਨ ਅਮਰਿੰਦਰ ਨੇ ਦਿੜਬਾ, ਸੰਗਰੂਰ ਤੇ ਅਹਿਮਦਗੜ੍ਹ (ਅਮਰਗੜ੍ਹ) 'ਚ ਲੜੀਵਾਰ ਪਬਲਿਕ ਮੀਟਿੰਗਾਂ ਦੌਰਾਨ, ਕਾਂਗਰਸ ਨੂੰ ਪੰਜਾਬ ਦੇ ਚੇਹਰਾ ਬਦਲਣ ਲਾਇਕ ਬਣਾਉਣ ਵਾਸਤੇ ਵੋਟਰਾਂ ਨੂੰ ਪਾਰਟੀ ਲਈ ਹਾਊਸ 'ਚ ਦੋ ਤਿਹਾਈ ਬਹੁਮਤ ਪੁਖਤਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੀ ਦੌੜ 'ਚ ਅਕਾਲੀ ਤੇ ਆਪ ਆਪਸ 'ਚ ਦੂਜੇ ਸਥਾਨ 'ਤੇ ਰਹਿਣ ਲਈ ਲੜ ਰਹੇ ਹਨ, ਜਦਕਿ ਕਾਂਗਰਸ ਪਹਿਲਾਂ ਤੋਂ ਹੀ ਸਾਫ ਤੌਰ 'ਤੇ ਜੇਤੂ ਬਣ ਕੇ ਉਭਰਨ ਲੱਗੀ ਹੈ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਬਤੌਰ ਮੁੱਖ ਮੰਤਰੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੂਬੇ ਅੰਦਰ ਪੂਰੀ ਤਰ੍ਹਾਂ ਨਾਲ ਸੰਪ੍ਰਦਾਇਕ ਏਕਤਾ ਸੀ। ਉਹ ਵੱਡੀ ਗਿਣਤੀ 'ਚ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਬਾਦਲ ਉਪਰ ਵਰ੍ਹੇ ਤੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਧਰਮ ਦੇ ਅਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰਨ ਦੇ ਗੁਨਾਹਾਂ ਲਈ ਇਨ੍ਹਾਂ ਨੂੰ ਸਜ਼ਾ ਭੁਗਤਣੀ ਪਵੇਗੀ। ਜਿਸ 'ਤੇ, ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਕਿ ਸੂਬੇ ਅੰਦਰ ਸੰਪ੍ਰਦਾਇਕ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ 'ਚੋਂ ਕਿਸੇ ਨੂੰ ਵੀ ਨਹੀਂ ਬਖਸ਼ਣਗੇ, ਜਿਸਦੇ ਦਿਮਾਗ 'ਚ ਹਾਲੇ ਤੱਕ ਪੁਰਾਣੇ ਸੰਪ੍ਰਦਾਇਕ ਤਨਾਅ ਦੇ ਜ਼ਖਮ ਤਾਜ਼ਾ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਇਸੇ ਦੁਨੀਆਂ 'ਚ ਭੁਗਤਣੀ ਪਵੇਗੀ ਅਤੇ ਪੰਜਾਬ ਦੇ ਲੋਕਾਂ ਉਪਰ ਕੀਤੇ ਗਏ ਅੱਤਿਆਚਾਰਾਂ ਦੀ ਸਜ਼ਾ ਨੂੰ ਭੁਗਤੇ ਬਗੈਰ ਉਹ ਅਗਲੀ ਦੁਨੀਆਂ 'ਚ ਨਹੀਂ ਜਾ ਸਕਣਗੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਹਰੇਕ ਪਰਿਵਾਰ 'ਚੋਂ ਇਕ ਵਿਅਕਤੀ ਨੂੰ ਨੌਕਰੀ ਦੇਣ ਤੋਂ ਇਲਾਵਾ, ਇਹ ਪੁਖਤਾ ਕਰਨ ਦਾ ਵਾਅਦਾ ਵੀ ਦੁਹਰਾਇਆ ਕਿ ਉਹ ਬਾਦਲ ਸ਼ਾਸਨ 'ਚ ਸੂਬੇ ਤੋਂ ਬਾਹਰ ਚਲੇ ਗਏ ਉਦਯੋਗਾਂ ਨੂੰ ਮੁੜ ਖੜ੍ਹਾ ਕਰਨਗੇ।
ਇਸੇ ਤਰ੍ਹਾਂ, ਆਟਾ ਦਾਲ ਸਕੀਮ ਦਾ ਦਾਇਰਾ ਵਧਾਉਂਦਿਆਂ, ਉਸ 'ਚ ਖੰਡ ਤੇ ਚਾਹ ਦੀ ਪੱਤੀ ਜੋੜਨ ਤੇ ਸ਼ਗਨ ਸਕੀਮ ਦੀ ਰਾਸ਼ੀ ਨੂੰ 51,000 ਰੁਪਏ ਤੱਕ ਵਧਾਉਣ ਦਾ ਐਲਾਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਸੂਬੇ ਦੇ ਸਰਵਪੱਖੀ ਵਿਕਾਸ ਲਈ ਤੱਤਪਰ ਹੈ।
ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਇਹ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਥਾਨਕ ਸਮੱਸਿਆਵਾਂ ਨੂੰ ਉਨ੍ਹਾਂ ਦੀ ਸਰਕਾਰ ਪਹਿਲ ਦੇ ਅਧਾਰ 'ਤੇ ਹੱਲ ਕਰੇਗੀ, ਜਿਸ 'ਚ ਉਨ੍ਹਾਂ ਨੇ ਅਮਰਗੜ੍ਹ 'ਚ ਇਕ ਸਕੂਲ, ਹਸਪਤਾਲ, ਰੇਲਵੇ ਓਵਰਬ੍ਰਿਜ ਤੇ ਬੱਸ ਸਰਵਿਸ ਸਮੇਤ ਸੰਗਰੂਰ 'ਚ ਇਕ ਕਾਲਜ਼ ਸਥਾਪਤ ਕਰਨ ਦੀ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਵੀ ਕੀਤਾ। ਉਨ੍ਹਾਂ ਨੇ ਪਰਲ ਗਰੁੱਪ ਸਕੈਮ ਦੇ ਪੀੜਤਾਂ ਨੂੰ ਨਿਆਂ ਦਿਲਾਉਣ ਲਈ ਇਸਦੀ ਡੂੰਘਾਈ ਨਾਲ ਜਾਂਚ ਕਰਵਾਉਣ ਦਾ ਵਾਅਦਾ ਵੀ ਕੀਤਾ।
ਉਹ ਸੂਬੇ ਅੰਦਰ ਖੇਤੀ ਸੰਕਟ ਦਾ ਜ਼ਿਕਰ ਕਰਦਿਆਂ, ਬਾਦਲ ਸਰਕਾਰ 'ਤੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਤਨਖਾਹਾਂ ਦੀਆ ਅਦਾਇਗੀਆਂ ਵਾਸਤੇ ਨਾ ਸਿਰਫ ਅਹਿਮ ਜਾਇਦਾਦਾਂ, ਸਗੋਂ ਆਉਣ ਵਾਲੇ ਸੱਤ ਸਾਲਾਂ ਤੱਕ ਮੰਡੀ ਬੋਰਡ ਦੀ ਕਮਾਈ ਨੂੰ ਵੀ ਗਹਿਣੇ ਰੱਖ ਦਿੱਤਾ ਹੈ। ਉਨ੍ਹਾਂ ਨੇ ਲੋਨ ਮੁਆਫੀ ਲਈ ਵਚਨਬੱਤਾ ਪ੍ਰਗਟਾਉਣ ਤੋਂ ਇਲਾਵਾ, ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਆਉਣ 'ਤੇ ਛੋਟੇ ਖੇਤਾਂ 'ਚ ਖੇਤੀ ਨੂੰ ਲਾਭਦਾਇਕ ਧੰਧਾ ਬਣਾਉਣ ਲਈ ਫਸਲ ਪੈਟਰਨ 'ਚ ਬਦਲਾਅ ਦੀ ਲੋੜ 'ਤੇ ਵੀ ਜ਼ੋਰ ਦਿੱਤਾ।
ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਫਸਲ ਵੇਚਣ 'ਚ ਆਉਣ ਵਾਲੀ ਸਮੱਸਿਆ ਨੂੰ ਲੈ ਕੇ ਬਾਦਲ ਦੀ ਨਿੰਦਾ ਕੀਤੀ ਤੇ ਕਿਹਾ ਕਿ ਆਕਲੀ ਸਰਕਾਰ ਕੇਂਦਰ ਸਰਕਾਰ ਤੋਂ ਫਸਲ ਦੀ ਖ੍ਰੀਦ ਬਦਲੇ ਹਾਸਿਲ ਕੀਤੀ ਰਕਮ ਨੂੰ ਵਾਪਿਸ ਅਦਾ ਕਰਨ 'ਚ ਅਸਫਲ ਰਹੀ ਹੈ, ਜਿਸ ਕਾਰਨ ਕੇਂਦਰ ਸਰਕਾਰ ਨੇ ਹੋਰ ਵੱਧ ਪੈਸੇ ਉਧਾਰ ਦੇਣ ਤੋਂ ਇਨਕਾਰ ਕਰ ਦਿੱਤਾ।
ਕੈਪਟਨ ਅਮਰਿੰਦਰ ਪੁਲਿਸ ਮੁਲਾਜਮਾਂ ਸਮੇਤ ਕਰਮਚਾਰੀਆਂ ਨੂੰ ਪ੍ਰੇਸ਼ਾਨ ਤੇ ਪ੍ਰਤਾੜਤ ਕਰਨ ਨੂੰ ਲੈ ਕੇ ਵੀ ਬਾਦਲਾਂ ਉਪਰ ਵਰ੍ਹੇ ਤੇ ਪਾਰਟੀ ਮੈਨੀਫੈਸਟੋ ਮੁਤਾਬਿਕ ਉਨ੍ਹਾਂ ਦੀ ਭਲਾਈ ਪੁਖਤਾ ਕਰਨ ਦਾ ਵਾਅਦਾ ਕੀਤਾ।
ਸੰਗਰੂਰ ਤੋਂ ਪਾਰਟੀ ਉਮੀਦਵਾਰ ਵਿਜੈ ਇੰਦਰ ਸਿੰਗਲਾ ਦੇ ਨਾਲ ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪੰਜਾਬ ਵਾਸਤੇ ਮੁੜ ਖੜ੍ਹਾ ਹੋਣ ਦਾ ਆਖਿਰੀ ਮੌਕਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪਾਰਟੀ ਉਮੀਦਵਾਰਾਂ, ਦਿੜਬਾ 'ਚ ਅਜਾਇਬ ਸਿੰਘ ਰਤੌਲ ਤੇ ਅਮਰਗੜ੍ਹ 'ਚ ਸੁਰਜਤੀ ਸਿੰਘ ਧੀਮਾਨ ਲਈ ਲੋਕਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ, ਤਾਂ ਜੋ ਪੰਜਾਬ ਨੂੰ ਵਿਕਾਸ ਤੇ ਤਰੱਕੀ ਦੇ ਮਾਰਗ 'ਤੇ ਮੁੜ ਲਿਆਇਆ ਜਾ ਸਕੇ।