ਚੰਡੀਗੜ੍ਹ, 13 ਜਨਵਰੀ, 2017 : ਲੁਧਿਆਣਾ ਸਮਾਲ ਸਕੇਲ ਇੰਡਸਟਰੀ ਦੇ ਇਕ ਵਫਦ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਮਿੱਲ ਕੇ ਸਰਕਾਰ ਬਣਨ ਤੋਂ ਬਾਅਦ ਸੂਬੇ ਅੰਦਰ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਵਾਸਤੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ।
ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸੂਬੇ ਦੇ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਵਾਸਤੇ ਵਚਨਬੱਧ ਹੈ, ਜਿਨ੍ਹਾਂ ਨੂੰ ਪਹਿਲਾਂ ਬਾਦਲ ਸਰਕਾਰ ਦੀਆਂ ਵਿਅਰਥ ਨੀਤੀਆਂ ਨੇ ਗੋਡਿਆਂ 'ਤੇ ਲਿਆ ਦਿੱਤਾ ਸੀ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਕਦਮ ਨੇ ਹਾਲਾਤਾਂ ਹੋਰ ਬਿਗਾੜ ਦਿੱਤੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੇ ਮੈਨਿਫੈਸਟੋ 'ਚ ਸੂਬੇ ਅੰਦਰ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਨੂੰ ਲੈ ਕੇ ਵਿਸਥਾਰ ਨਾਲ ਪ੍ਰੋਗਰਾਮ ਦਿੱਤਾ ਗਿਆ ਹੈ, ਜਿਸਨੂੰ ਕਾਂਗਰਸ ਸੂਬੇ ਦੀ ਸੱਤਾ 'ਚ ਆਉਣ ਤੋਂ ਬਾਅਦ ਤੁਰੰਤ ਲਾਗੂ ਕਰੇਗੀ। ਇਸ ਲੜੀ ਹੇਠ ਸਰਕਾਰ ਬਣਾਉਣ ਤੋਂ 90 ਦਿਨਾਂ ਅੰਦਰ ਨਵੀਂ ਉਦਯੋਗਿਕ ਨੀਤੀ ਦਾ ਐਲਾਨ ਕਰਨ ਸਮੇਤ ਪਾਰਟੀ ਮੈਨਿਫੈਸਟੋ ਸੂਬੇ ਦੀ ਸਮਾਲ ਸਕੇਲ ਇੰਡਸਟਰੀ ਨੂੰ ਮੁੜ ਪੱਟੜੀ 'ਤੇ ਲਿਆਉਣ ਲਈ ਕਈ ਕਦਮਾਂ ਦਾ ਜ਼ਿਕਰ ਕਰਦਾ ਹੈ।
ਵਫਦ ਨੇ ਬੀਤੇ ਸਮੇਂ ਦੌਰਾਨ ਉਦਯੋਗਾਂ ਨੂੰ ਪਾਰਟੀ ਦੇ ਸਮਰਥਨ ਲਈ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਧੰਨਵਾਦ ਕੀਤਾ ਤੇ ਉਮੀਦ ਪ੍ਰਗਟਾਈ ਕਿ ਖਾਸ ਕਰਕੇ ਸਮਾਲ ਸਕੇਲ ਇੰਡਸਟਰੀ ਨੂੰ ਜ਼ਲਦੀ ਤੋਂ ਜ਼ਲਦੀ ਮੁੜ ਕਾਇਮ ਕੀਤਾ ਜਾਵੇਗਾ, ਜਿਹੜੇ ਹਾਲਾਤ ਬਾਦਲ ਅਗਵਾਈ ਵਾਲੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਮਿੱਲ ਕੇ ਸੂਬੇ ਦੀ ਕਮਾਂਡ ਸੰਭਾਲਣ ਤੋਂ ਪਹਿਲਾਂ ਸਨ।
ਇਸ ਮੌਕੇ ਵਫਦ ਨੇ ਕੈਪਟਨ ਅਮਰਿੰਦਰ ਨੂੰ ਆਪਣਾ ਦੁੱਖ ਸੁਣਾਉਂਦਿਆਂ ਕਿਹਾ ਕਿ ਅਕਾਲੀ ਭਾਜਪ ਗਠਜੋੜ ਨੇ ਉਨ੍ਹਾਂ ਦੀ ਹੋਂਦ ਖਤਰੇ 'ਚ ਪਾ ਦਿੱਤੀ ਹੈ, ਜਿਨ੍ਹਾਂ ਨੇ ਨਾ ਸਿਰਫ ਸਮਾਲ ਸਕੇਲ ਇੰਡਸਟਰੀ ਨੂੰ ਪੂਰੀ ਤਰ੍ਹਾਂ ਕੰਢੇ ਲਗਾ ਦਿੱਤਾ ਹੈ, ਸਗੋਂ ਅਸਲਿਅਤ 'ਚ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਨੂੰ ਲੈ ਕੇ ਚੁੱਕੇ ਗਏ ਕਦਮਾਂ ਨੂੰ ਵਾਪਿਸ ਲੈ ਲਿਆ ਹੈ।
ਜਿਸ 'ਤੇ ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਸੂਬੇ ਅੰਦਰ ਉਦਯੋਗਾਂ ਨੂੰ ਮੁੜ ਖੜ੍ਹਾ ਕਰਨਾ ਉਨ੍ਹਾਂ ਦੇ ਏਜੰਡੇ 'ਚ ਸੱਭ ਤੋਂ ਉਪਰ ਹੈ ਅਤੇ ਉਹ ਇਸਨੂੰ ਪਹਿਲ ਦੇ ਅਧਾਰ 'ਤੇ ਲੈਣਗੇ, ਤਾਂ ਜੋ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਬਗੈਰ ਕਿਸੇ ਦੇਰੀ ਤੋਂ ਦੂਰ ਕੀਤਾ ਜਾ ਸਕੇ ਅਤੇ ਇਕ ਵਾਰ ਫਿਰ ਤੋਂ ਦੇਸ਼ 'ਚ ਸੂਬੇ ਦੀ ਉਦਯੋਗਿਕ ਪ੍ਰਮੁੱਖਤਾ ਨੂੰ ਕਾਇਮ ਕੀਤਾ ਜਾ ਸਕੇ।