ਬੁਢਲਾਡਾ, 24 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅੰਦਰ ਵੱਧ ਰਹੀਆਂ ਧਰਮ ਦੀ ਦੁਰਵਰਤੋਂ ਤੇ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਦੇ ਸ਼ਿਕੰਜੇ ਤੋਂ ਅਜ਼ਾਦ ਕਰਵਾਉਣ ਦਾ ਵਾਅਦਾ ਕੀਤਾ ਹੈ।
ਬੁਢਲਾਡਾ ਵਿਖੇ ਮੰਗਲਵਾਰ ਨੂੰ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਨੇ ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੂੰ ਵੀ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਵੱਲੋਂ ਉਨ੍ਹਾਂ ਦੇ ਸਾਲੇ ਦੀ ਝੂਠੇ ਬਿੱਲਾਂ ਦੇ ਭ੍ਰਿਸ਼ਟਾਚਾਰ ਦੇ ਕੇਸ 'ਚ ਸ਼ਮੂਲਿਅਤ ਪਾਉਣ ਨੂੰ ਲੈ ਕੇ ਨਿਸ਼ਾਨੇ 'ਤੇ ਲਿਆ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਆਪ ਅਗਵਾਈ ਦੇ ਅਸਲੀ ਰੰਗ ਸਾਹਮਣੇ ਆ ਗਏ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਇਮਾਨਦਾਰੀ ਦੇ ਮਖੌਟੇ ਤੇ ਸਾਫ ਸੁਥਰੇ ਸ਼ਾਸਨ ਦੇ ਵਾਅਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ, ਪਰ ਹੁਣ ਜਨਤਾ ਨੂੰ ਇਨ੍ਹਾਂ ਵਿਖਾਵਿਆਂ ਨਾਲ ਧੋਖਾ ਨਹੀਂ ਦਿੱਤਾ ਜਾ ਸਕਦਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੇ ਆਪ ਨੂੰ ਪਹਿਲਾਂ ਹੀ ਖਾਰਿਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਬਣ ਚੁੱਕੀ ਇਕ ਚਿੱਠੀ ਦਾ ਜ਼ਿਕਰ ਕੀਤਾ, ਜਿਸਨੂੰ ਖ਼ਬਰਾਂ ਮੁਤਾਬਿਕ ਸੀਨੀਅਰ ਆਪ ਆਗੂ ਸੰਜੈ ਸਿੰਘ ਨੇ ਕੇਜਰੀਵਾਲ ਨੂੰ ਲਿੱਖਿਆ ਹੈ ਅਤੇ ਆਪ ਮੁਖੀ ਤੋਂ ਪੰਜਾਬ 'ਚ ਉਨ੍ਹਾਂ ਦੀਆਂ ਚੋਣ ਗਤੀਵਿਧੀਆਂ ਨੂੰ ਘੱਟ ਕਰਦਿਆਂ ਸਥਾਨਕ ਆਗੂਆਂ ਨੂੰ ਇਸਦੀ ਕਮਾਂਡ ਸੰਭਾਲਣ ਦੀ ਇਜ਼ਾਜਤ ਦੇਣ ਵਾਸਤੇ ਕਿਹਾ ਹੈ। ਕੈਪਟਨ ਅਮਰਿੰਦਰ ਨੇ ਬਾਅਦ 'ਚ ਕੁਝ ਪੱਤਰਕਾਰਾਂ ਨੂੰ ਦੱਸਿਆ ਕਿ ਭਾਵੇਂ ਸੰਜੈ ਸਿੰਘ ਵੱਲੋਂ ਬਾਅਦ 'ਚ ਚਿੱਠੀ ਨੂੰ ਲੈ ਕੇ ਇਨਕਾਰ ਕਰ ਦਿੱਤਾ ਗਿਆ ਹੈ, ਲੇਕਿਨ ਜ਼ਮੀਨੀ ਹਕੀਕਤਾਂ ਦੇ ਮੱਦੇਨਜ਼ਰ, ਉਕਤ ਚਿੱਠੀ ਬਾਰੇ ਪੰਜਾਬ ਅੰਦਰ ਆਪ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਨਾਕਾਰਾਤਮਕ ਖੂਫੀਆ ਸੂਚਨਾਵਾਂ ਸੱਚਾਈ ਪ੍ਰਤੀਤ ਹੁੰਦੀਆਂ ਹਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਤੇ ਬਾਦਲ 'ਚ ਕੋਈ ਅੰਤਰ ਨਹੀਂ ਹੈ, ਜਿਹੜੇ ਦੋਵੇਂ ਚੋਰ ਹਨ। ਉਨ੍ਹਾਂ ਨੇ ਸੂਬੇ ਅੰਦਰ ਧਰਮ ਦੀ ਵੱਧ ਰਹੀ ਦੁਰਵਰਤੋਂ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ। ਇਸ ਬਾਰੇ ਉਨ੍ਹਾਂ ਨੇ ਸੂਬੇ 'ਚ ਪਵਿੱਤਰ ਧਰਮ ਗ੍ਰੰਥਾਂ ਦੀਆਂ ਵੱਧ ਰਹੀਆਂ ਬੇਅਦਬੀਆਂ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ, ਜਿਹੜੀਆਂ ਸਪੱਸ਼ਟ ਤੌਰ 'ਤੇ ਅਕਾਲੀਆਂ ਵੱਲੋਂ ਸੰਪ੍ਰਦਾਇਕ ਅਧਾਰ 'ਤੇ ਲੋਕਾਂ ਨੁੰ ਵੰਡਦਿਆਂ ਵੋਟਾਂ ਹਾਸਿਲ ਕਰਨ ਦੀ ਕੋਸ਼ਿਸ਼ ਪ੍ਰਤੀਤ ਹੁੰਦੀਆਂ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਐਸ.ਜੀ.ਪੀ.ਸੀ ਨੂੰ ਬਾਦਲ ਅਗਵਾਈ ਵਾਲੇ ਅਕਾਲੀਆਂ ਦੀ ਸਿਆਸੀ ਦਖਲ ਤੋਂ ਅਜ਼ਾਦ ਕਰਵਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਐਸ.ਜੀ.ਪੀ.ਸੀ 'ਚ ਬਾਦਲ ਖਿਲਾਫ ਖੜ੍ਹੇ ਹੋਣ ਵਾਲਿਆਂ ਨੂੰ ਉਨ੍ਹਾਂ ਦਾ ਪੂਰਾ ਸਮਰਥਨ ਰਹੇਗਾ।
ਇਸੇ ਤਰ੍ਹਾਂ, ਪੰਜਾਬ ਅੰਦਰ ਅੱਤਵਾਦ 'ਤੇ ਸੀ.ਆਈ.ਏ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਸੂਬੇ 'ਚ ਉਗਰਵਾਦ ਨੂੰ ਹਵਾ ਦੇਣ ਵਾਸਤੇ ਜ਼ਮੀਨ ਤਿਆਰ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ। ਉਹ ਬਾਦਲ 'ਤੇ 1984 ਦੇ ਹਮਲੇ ਤੋਂ ਬਾਅਦ ਭੱਜ ਜਾਣ ਲਈ ਵਰ੍ਹੇ, ਜਿਸਨੇ ਸੂਬੇ ਅੰਦਰ ਤਨਾਅ ਪੈਦਾ ਕਰ ਦਿੱਤਾ ਸੀ ਤੇ ਅੱਤਵਾਦ ਨੂੰ ਹਵਾ ਦੇਣ ਦਾ ਕਾਰਨ ਬਣਿਆ।
ਕੈਪਟਨ ਅਮਰਿੰਦਰ ਨੇ ਇਨ੍ਹਾਂ ਚੋਣਾਂ ਦੌਰਾਨ ਬਾਦਲ ਨੂੰ ਉਨ੍ਹਾਂ ਦੇ ਘਰ ਲੰਬੀ 'ਚ ਪੂਰੀ ਤਰ੍ਹਾਂ ਕੁੱਟਣ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟ ਤੇ ਅਪਰਾਧੀ ਬਾਦਲਾਂ ਤੋਂ ਅਜ਼ਾਦੀ ਪਾਉਣ ਦਾ ਵਕਤ ਆ ਗਿਆ ਹੈ, ਜਿਨ੍ਹਾਂ ਨੇ ਬੇਰੁਜ਼ਗਾਰੀ ਤੋਂ ਨਸ਼ਿਆਂ, ਉਦਯੋਗਿਕ ਤੇ ਖੇਤੀਬਾੜੀ ਖੇਤਰ ਦੀ ਬਰਬਾਦੀ, ਮਾਫੀਆ ਰਾਜ ਆਦਿ ਰਾਹੀਂ ਸੂਬੇ ਨੂੰ ਸਮੱਸਿਆਵਾਂ ਦੇ ਭੰਵਰ 'ਚ ਉਲਝਾ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਨੌਜ਼ਵਾਨਾਂ ਨੂੰ ਨਸ਼ਿਆਂ ਤੇ ਬੇਰੁਜ਼ਗਾਰੀ ਦੇ ਨਾਜ਼ੁਕ ਹਾਲਾਤਾਂ ਤੋਂ ਬਾਹਰ ਕੱਢਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਹਰੇਕ ਪਰਿਵਾਰ 'ਚ ਇਕ ਨੌਕਰੀ ਦੇਣਾ ਸੁਨਿਸ਼ਚਿਤ ਕਰਨਗੇ ਅਤੇ ਨੌਜ਼ਵਾਨਾਂ ਨੂੰ ਰੋਜ਼ਗਾਰ ਦੇ ਕੇ ਨਸ਼ਿਆਂ ਤੋਂ ਦੂਰੀ ਬਣਾਉਣ 'ਚ ਸਹਾਇਤਾ ਕਰਨਗੇ।
ਇਸ ਦੌਰਾਨ ਜਦੋਂ ਕੈਪਟਨ ਅਮਰਿੰਦਰ ਨੇ ਪੁੱਛਿਆ ਕਿ ਕੀ ਤੁਸੀਂ ਚਿੱਟਾ ਬਣਾਉਣ ਵਾਲੇ ਲੰਬੂ ਨੂੰ ਜਾਣਦੇ ਹੋ? ਜਿਸ 'ਤੇ ਭੀੜ ਤੋਂ ਖੁਦ ਬ ਖੁਦ ਜਵਾਬ ਆਇਆ, ਮਜੀਠੀਆ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਉਤਸਾਹਿਤ ਲੋਕਾਂ ਵਿੱਚ ਕਿਹਾ ਕਿ ਮਜੀਠੀਆ ਨੂੰ ਹੁਣ ਚਿੱਟੇ ਲਈ ਜਾਣਿਆ ਜਾਂਦਾ ਹੈ, ਅਤੇ ਉਹ ਪੰਜਾਬ ਤੋਂ ਚਿੱਟੇ ਨੂੰ ਬਾਹਰ ਕਰ ਦੇਣਗੇ।
ਉਨ੍ਹਾਂ ਨੇ ਭੀੜ ਨੂੰ ਕਿਹਾ ਕਿ ਉਹ ਨੌਜ਼ਵਾਨਾਂ ਨੂੰ ਸੂਬੇ ਦੀ ਤਰੱਕੀ ਦੀ ਅਗਵਾਈ ਕਰਨ ਦਾ ਮੌਕਾ ਦੇਣਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਇਨ੍ਹਾਂ ਚੋਣਾਂ ਤੋਂ ਬਾਅਦ ਸਿਆਸਤ ਦੇ ਅਖਾੜੇ ਨੂੰ ਛੱਡਣ ਦਾ ਫੈਸਲਾ ਕੀਤਾ ਹੈ ਅਤੇ ਇਹ ਉਨ੍ਹਾਂ ਦੀਆਂ ਆਖਿਰੀ ਚੋਣਾਂ ਹੋਣਗੀਆਂ।
ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਆਪਣੇ ਤੇ ਪੰਜਾਬ ਦੇ ਭਵਿੱਖ ਦੇ ਹਿੱਤ 'ਚ ਕਾਂਗਰਸ ਉਮੀਦਵਾਰ ਰਣਜੀਤ ਕੌਰ ਭੱਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ।