ਚੰਡੀਗੜ੍ਹ, 30 ਜਨਵਰੀ, 2017 : ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਲੰਬੀ ਅਤੇ ਪਟਿਆਲਾ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਭੋਲੇ-ਭਾਲੇ ਲੋਕਾਂ ਨੂੰ ਇਹ ਕਹਿ ਕੇ ਗੁਮਰਾਹ ਨਾ ਕਰਨ ਕਿ ਉਹ ਆਖਰੀ ਸਾਹ ਤੱਕ ਉਨਾਂ ਦੇ ਨਾਲ ਰਹਿਣਗੇ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇੱਥੋਂ ਜਾਰੀ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਉਹ ਚੋਣਾਂ ਤੋਂ ਬਾਅਦ ਕਿੱਥੇ ਰਹਿਣਗੇ, ਪਟਿਆਲਾ ਵਿੱਚ ਆਪਣੇ ਪਰਿਵਾਰ ਨਾਲ ਜਾਂ ਲੰਬੀ ਵਿਖੇ ਬਾਦਲ ਦੇ ਪਰਿਵਾਰ ਨਾਲ, ਜਾਂ ਲਾਹੌਰ ਜਿੱਥੇ ਉਸਦੀ ਆਤਮਾ ਮੌਜੂਦ ਹੈ। ਉਨਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕੱਲ ਆਪਣੀਆਂ ਚੋਣ ਮੀਟਿੰਗਾਂ ਵਿੱਚ ਲੰਬੀ ਅਤੇ ਪਟਿਆਲਾ ਵਿਖੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਉਹ ਇਨਾਂ ਦੋਵਾਂ ਥਾਂਵਾ ਉਤੇ ਕਿਤੇ ਵੀ ਰਹਿਣ ਵਾਲੇ ਨਹੀਂ ਹਨ।
ਵੜੈਚ ਨੇ ਪਟਿਆਲਾ ਅਤੇ ਲੰਬੀ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਨਾ ਪਾਉਣ ਲਈ ਕਿਹਾ ਹੈ, ਨਹੀਂ ਤਾਂ ਉਨਾਂ ਨੂੰ ਸਾਰੀ ਜਿੰਦਗੀ ਪਛਤਾਵੇ ਤੋਂ ਬਿਨਾਂ ਕੁੱਝ ਹਾਸਿਲ ਨਹੀਂ ਹੋਣਾ। ਇਹ ਕੈਪਟਨ ਅਮਰਿੰਦਰ ਸਿੰਘ ਦੀ ਆਖਰੀ ਚੋਣ ਹੈ ਅਤੇ ਇਸਤੋ ਬਾਅਦ ਉਹ ਵੋਟਾਂ ਮੰਗਣ ਨਹੀਂ ਆਉਣਗੇ। 2012 ਵਿੱਚ ਕੈਪਟਨ ਨੇ ਪਟਿਆਲਾ ਸੀਟ ਜਿੱਤੀ ਸੀ ਅਤੇ ਉਸਦੇ ਆਪਣੇ ਸ਼ਹਿਰ ਵਿੱਚ “ਵਿਧਾਇਕ ਗਾਇਬ ਹੈ” ਦੇ ਪੋਸਟਰ ਲੱਗੇ ਸਨ। ਉਸਨੇ ਦੋ ਸਾਲ ਵਿੱਚ ਹੀ ਪਟਿਆਲਾ ਸੀਟ ਤੋਂ ਅਸਤੀਫਾ ਦਿੱਤਾ ਅਤੇ ਅੰਮਿ੍ਰਤਸਰ ਤੋਂ ਲੋਕ ਸਭਾ ਚੋਣ ਲੜੀ। ਉਸ ਵੇਲੇ ਕੈਪਟਨ ਨੇ ਅੰਮਿ੍ਰਤਸਰ ਦੇ ਲੋਕਾਂ ਨੂੰ ਕਿਹਾ ਸੀ ਕਿ ਉਹ ਉਨਾਂ ਨਾਲ ਹੈ ਅਤੇ ਸਾਰੀ ਜਿੰਦਗੀ ਇਲਾਕੇ ਦੀ ਸੇਵਾਕ ਕਰੇਗਾ ਅਤੇ ਹੁਣ ਉਸਨੇ ਪਟਿਆਲਾ ਤੋਂ ਚੋਣ ਲੜਨ ਲਈ ਲੋਕ ਸਭਾ ਸੀਟ ਛੱਡ ਦਿੱਤੀ।
ਵੜੈਚ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਉਤੇ ਕਿਵੇਂ ਭਰੋਸਾ ਕਰ ਸਕਦੇ ਹਨ, ਜੋ ਸੀਟਾਂ ਅਤੇ ਪਾਰਟੀਆਂ ਬਦਲਦੇ ਰਹਿੰਦੇ ਹਨ। ਉਹ ਪੈਦਾਇਸ਼ੀ ਕਾਂਗਰਸੀ ਸਨ, ਜਵਾਨੀ ਵੇਲੇ ਅਕਾਲੀ ਅਤੇ ਹੁਣ ਫਿਰ ਕਾਂਗਰਸੀ। ਇਸ ਤੋਂ ਇਲਾਵਾ ਜਦੋਂ ਕਾਂਗਰਸ ਹਾਈਕਮਾਂਡ ਨੇ ਉਨਾਂ ਨੂੰ ਬਦਲ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਪੀਪੀਸੀਸੀ ਮੁਖੀ ਬਣਾਇਆ ਸੀ ਤਾਂ ਉਨਾਂ ਨੇ ਆਪਣੀ ਪਾਰਟੀ ਬਣਾਉਣ ਦਾ ਮਨ ਬਣਾ ਲਿਆ ਸੀ।
ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਮੁੱਦੇ ਨੂੰ ਲੈ ਕੇ ਗੰਭੀਰ ਨਹੀਂ ਹਨ ਅਤੇ ਉਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਾਰੋਕਾਰ ਨਹੀਂ ਹੈ। ਬਾਦਲ ਵੱਲੋਂ ਭਿ੍ਰਸ਼ਟਾਚਾਰ ਦੇ ਕੇਸਾਂ ਵਿੱਚ ਉਸਨੂੰ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ, ਉਨਾਂ ਵੱਲੋਂ ਅਕਾਲੀ-ਭਾਜਪਾ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਬਾਦਲ ਵਿਰੋਧੀ ਵੋਟਾਂ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।