ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰ: ਸੀਤਲ ਸਿੰਘ ਚਾਚੋਵਾਲੀ ਸਮੇਤ ਸੈਂਕੜੇ ਪਰਿਵਾਰਾਂ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ 'ਤੇ ਸਵਾਗਤ ਕਰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ ਤੇ ਹੋਰ।
ਜੈਂਤੀਪੁਰ/ ਮਜੀਠਾ , 13 ਜਨਵਰੀ 2017: ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ 2012 'ਚ ਬੀ ਐੱਸ ਪੀ ਵੱਲੋਂ ਹਲਕਾ ਮਜੀਠਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਦਲਿਤ ਸ੍ਰ: ਸੀਤਲ ਸਿੰਘ ਚਾਚੋਵਾਲੀ ਸਮੇਤ ਸੈਂਕੜੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਕੇ ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਸ: ਬਿਕਰਮ ਸਿੰਘ ਮਜੀਠੀਆ ਦੀ ਚੋਣ ਮੁਹਿੰਮ ਨੂੰ ਤਕੜਾ ਹੁਲਾਰਾ ਦਿੱਤਾ ਹੈ। ਚਾਚੋਵਾਲੀ ਵਿਖੇ ਕੀਤੇ ਗਏ ਪ੍ਰਭਾਵਸ਼ਾਲੀ ਰੈਲੀ ਦੌਰਾਨ ਸ: ਮਜੀਠੀਆ ਨੇ ਦਲਿਤ ਭਾਈਚਾਰੇ ਦੇ ਆਗੂਆਂ ਦਾ ਪਾਰਟੀ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਹਨਾਂ ਕਿਹਾ ਕਿ ਦ੍ਰਿੜ੍ਹ ਇਰਾਦੇ ਵਾਲੇ ਦਲਿਤ ਆਗੂ ਸੀਤਲ ਸਿੰਘ ਚਾਚੋਵਾਲੀ ਵੱਲੋਂ ਅਕਾਲੀ ਦਲ ਵਿੱਚ ਆਉਣ ਨਾਲ ਪੂਰੇ ਮਜੀਠੇ ਹਲਕੇ ਵਿੱਚ ਹੀ ਉਹਨਾਂ ਨੂੰ ਚੰਗਾ ਹੁੰਗਾਰਾ ਮਿਲੇਗਾ। ਉਹਨਾਂ ਕਿਹਾ ਕਿ ਸ: ਚਾਚੋਵਾਲੀ ਦਲਿਤ ਵਰਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਉਜਾਗਰ ਕਰ ਦੇ ਰਹੇ ਹਨ। ਇਸ ਮੌਕੇ ਸ: ਚਾਚੋਵਾਲੀ ਨੇ ਕਿਹਾ ਕਿ ਉਸ ਨੇ 25 ਸਾਲ ਬੀ ਐੱਸ ਪੀ ਵਿੱਚ ਰਹਿ ਕੇ ਦਲਿਤ ਸਮਾਜ ਦੀ ਸੇਵਾ ਕੀਤੀ ਹੈ ਅਤੇ ਹੁਣ ਉਹ ਸ: ਪ੍ਰਕਾਸ਼ ਸਿੰਘ ਬਾਦਲ ਦੀਆਂ ਦਲਿਤ ਭਾਈਚਾਰੇ ਪੱਖੀ ਨੀਤੀਆਂ ਅਤੇ ਸ: ਮਜੀਠੀਆ ਵੱਲੋਂ ਇਮਾਨਦਾਰੀ ਨਾਲ ਹਲਕੇ ਵਿੱਚ ਕਰਾਏ ਗਏ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿੱਚ ਆਏ ਹਨ । ਉਹਨਾਂ ਕਿਹਾ ਕਿ ਜੋ ਵੀ ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਸ ਨੂੰ ਉਹ ਤਨ ਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਲ ਦੇ ਰੋਡ ਸ਼ੋਅ ਨੂੰ ਸਫਲ ਕਰਨ ਅਤੇ ਇਲਾਕਾ ਵਾਸੀਆਂ ਵੱਲੋਂ ਆਪ ਮੁਹਾਰੇ ਸੜਕਾਂ ਤੇ ਉਤਰ ਕੇ ਉਹਨਾਂ ਨੂੰ ਪਿਆਰ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਰੋਡ ਸ਼ੋਅ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ 12 ਸਾਲਾਂ ਦੌਰਾਨ ਅਜਿਹਾ ਸ਼ੋਅ ਕਦੀ ਨਹੀਂ ਦੇਖਿਆ, ਹਰ ਸੜਕ 'ਤੇ ਅਕਾਲੀ ਭਾਜਪਾ ਵਰਕਰਾਂ ਦਾ ਉਤਰ ਆਉਣਾ ਮੇਰੇ ਅਤੇ ਮੇਰੇ ਪਰਿਵਾਰ ਲਈ ਮਾਣ ਵਾਲੀ ਗਲ ਹੈ। ਮੈ ਇਹਨਾਂ ਲੋਕਾਂ ਦੀ ਇਮਾਨਦਾਰੀ ਅਤੇ ਮਿਹਨਤ ਨਾਲ ਹੋਰ ਵਧੀਆ ਸੇਵਾ ਕਰਨ ਲਈ ਪਾਬੰਦ ਹਾਂ। ਕਾਂਗਰਸ ਦੀ ਚੋਣ ਮੈਨੀਫੈਸਟੋ 'ਤੇ ਬੋਲਦਿਆਂ ਸ: ਮਜੀਠੀਆ ਨੇ ਕਿਹਾ ਕਿ ਕੈਪਟਨ ਝੂਠ ਦੇ ਆਸਰੇ ਸਤਾ ਚਾਹੁੰਦਾ ਹੈ ।ਕੈਪਟਨ ਅੱਜ ਕਿਸਾਨ ਅਤੇ ਦਲਿਤ ਸਮਾਜ ਹਿਤੈਸ਼ੀ ਬਣਨ ਦਾ ਢੌਂਗ ਰਜ ਰਿਹਾ ਹੈ ਪਰ ਪੰਜਾਬ ਦੇ ਲੋਕ ਉਸ ਦੀ ਤਾਸੀਰ ਨੂੰ ਚੰਗੀ ਤਰਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਹੈ ਜਿਸ ਨੇ ਮੁੱਖ ਮੰਤਰੀ ਹੁੰਦਿਆਂ ਸ: ਬਾਦਲ ਵੱਲੋਂ ਦਲਿਤ ਵਰਗ ਨੂੰ ਦਿੱਤਿਆਂ ਗਈਆਂ ਸਹੂਲਤਾਂ ਉਹਨਾਂ ਤੋਂ ਖੋਹ ਲਈਆਂ ਸਨ ਅਤੇ ਵਿਧਾਨ ਸਭਾ ਵਿੱਚ ਸ਼ਗਨ ਸਕੀਮ ਬਾਰੇ ਕਿਹਾ ਸੀ ਕਿ 'ਮੇਰੀ ਸਰਕਾਰ ਨਾਨਿਆਂ ਮਾਮਿਆਂ ਦੀ ਨਹੀਂ'' ।
ਉਹਨਾਂ ਕਿਹਾ ਕਿ ਕੈਪਟਨ ਨੇ ਮੌਜੂਦਾ ਚੋਣਾਂ ਨੂੰ ਉਸ ਲਈ ਆਖਰੀ ਚੋਣ ਹੋਣ ਦਾ ਐਲਾਨ ਕੀਤਾ ਹੋਇਆ ਹੈ ਭਾਵ ਉਹ ਅੱਗੇ ਤੋਂ ਚੋਣ ਨਹੀਂ ਲੜਨਗੇ, ਅਜਿਹੀ ਗਲ ਹੈ ਤਾਂ ਉਹ ਲੋਕ ਕਚਹਿਰੀ 'ਚ ਮੁੜ ਕੇ ਨਹੀਂ ਆਉਣ ਲੱਗੇ ਫਿਰ ਉਹ ਕਿਸੇ ਤਰਾਂ ਵੀ ਲੋਕਾਂ ਨੂੰ ਜਵਾਬ ਦੇਹ ਨਹੀਂ ਹੋ ਸਕਦਾ ਜਿਨ੍ਹਾਂ ਮਰਜ਼ੀ ਝੂਠ ਬੋਲ ਲਿਆ ਜਾਵੇ। ਉਹਨਾਂ ਕਿਹਾ ਕਿ ਕੈਪਟਨ ਨੇ ਲੋਕ ਸਭਾ 'ਚ ਅੰਮ੍ਰਿਤਸਰ ਦੀ ਵਕਾਲਤ ਨਾ ਕਰ ਕੇ ਮਾਝੇ ਨਾਲ ਧੋਖਾ ਕੀਤਾ ਹੈ।
ਇਸ ਮੌਕੇ ਜੋਧ ਸਿੰਘ ਸਮਰਾ, ਬਲਕਾਰ ਸਿੰਘ ਚਾਚੋਵਾਲੀ, ਜੋਗਾ ਸਿੰਘ ਮੈਂਬਰ, ਜਤਿੰਦਰ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਸਰਪੰਚ ਕੋਮਲ ਸਰੂਪ ਸਿੰਘ,ਬੂਟਾ ਸਿੰਘ ਤਲਵੰਡੀ, ਬਲਦੇਵ ਸਿੰਘ, ਸ਼ਮਸ਼ੇਰ ਸਿੰਘ ਅਠਵਾਲ, ਲਖਵਿੰਦਰ ਸਿੰਘ ਮਜੀਠਾ, ਕੈਪਟਨ ਗੁਰਬਖ਼ਸ਼ ਸਿੰਘ, ਪ੍ਰਭ ਸ਼ਰਨ ਸਿੰਘ ਚਾਚੋਵਾਲੀ, ਜਗਬੀਰ ਸਿੰਘ ਬਾਊ, ਸੰਤੋਖ ਸਿੰਘ ਮੈਂਬਰ, ਮੇਜਰ ਸਿੰਘ ਚਾਚੋਵਾਲੀ, ਸੁਖਦੇਵ ਸਿੰਘ ਸੈਕਟਰੀ, ਸ਼ਮਸ਼ੇਰ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।