ਮਨਪ੍ਰੀਤ ਸਿੰਘ ਜੱਸੀ
- ਮੁੱਖ ਗ੍ਰੰਥੀ ਸਾਹਿਬ ਤੇ ਰਾਗੀ ਸਿੰਘਾਂ ਵਿਚਲਾ ਵਿਵਾਦ ਹੱਲ ਹੋਣਾ ਚੰਗੀ ਗੱਲ
ਅੰਮ੍ਰਿਤਸਰ, 08 ਸਤੰਬਰ 2020 - ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਨੇ ਪਿੰਡਾਂ ਸ਼ਹਿਰਾਂ ਕਸਬਿਆਂ ਅੰਦਰ ਕੋਰੋਨਾ ਟੈਸਟਾਂ ਵਿਰੁੱਧ ਉੱਠ ਰਹੇ ਵਿਰੋਧ ਸਬੰਧੀ ਚਿੰਤਾ ਜ਼ਹਿਰ ਕਰਦਿਆਂ ਕਿਹਾ ਕਿ ਕਈ ਪਿੰਡਾਂ ਸ਼ਹਿਰਾਂ ਵਿੱਚ ਕੋਰੋਨਾ ਦੇ ਟੈਸਟ ਕਰਨ ਦਾ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਕਈ ਥਾਵਾਂ ਤੇ ਲੋਕਾਂ ਨੇ ਪਿੰਡਾਂ ਦੇ ਬਾਹਰ ਪ੍ਰਮੁੱਖ ਸੜਕਾਂ 'ਤੇ ਬੈਰੀਕੇਡ ਲਾ ਕੇ ਸਿਹਤ ਕਰਮੀਆਂ ਨੂੰ ਪਿੰਡ ਵਿਚ ਨਹੀਂ ਵੜਨ ਦੇ ਰਹੇ। ਕਈ ਥਾਵਾਂ ਤੇ ਸਿਹਤ ਕਰਮੀਆਂ ਨਾਲ ਬਹਿਸ ਤੇ ਹੱਥੋਪਾਈ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਆਸ਼ਾ ਕਰਮੀਆਂ ਦੀਆਂ ਸ਼ਿਕਾਇਤਾਂ ਨਸ਼ਰ ਹੋ ਰਹੀਆਂ ਹਨ ਕਿ ਉਨ੍ਹਾਂ ਨੂੰ ਸਰਵੇ ਕਰਨ ਲਈ ਪਿੰਡਾਂ ਵਿਚ ਨਹੀਂ ਆਉਣ ਦਿੱਤਾ ਜਾ ਰਿਹਾ। ਕਈ ਪਿੰਡਾਂ ਵਿਚ ਲੋਕ ਉਨ੍ਹਾਂ ਨਾਲ ਸਹਿਯੋਗ ਨਹੀਂ ਕਰ ਰਹੇ। ਇਸ ਕਰਕੇ ਨਾ ਤਾਂ ਸਰਵੇ ਸਹੀ ਢੰਗ ਨਾਲ ਹੋ ਰਿਹਾ ਹੈ ਤੇ ਨਾ ਹੀ ਕੋਰੋਨਾ ਦੀ ਰੋਕਥਾਮ ਬਾਰੇ ਉਸਾਰੂ ਉਪਾਅ ਕੀਤੇ ਜਾ ਸਕਦੇ ਹਨ। ਅਜਿਹਾ ਚਲਣ ਬਹੁਤ ਮੰਦਭਾਗਾ ਹੈ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਵਿਚ ਕਈ ਕਿਸਮ ਦੇ ਭਰਮ ਮੌਜੂਦ ਹਨ। ਜੇ ਕੋਰੋਨਾ ਨਿਕਲ ਆਇਆ ਤਾਂ ਸਰਕਾਰ ਉਨ੍ਹਾਂ ਨੂੰ ਚੁੱਕ ਕੇ ਲੈ ਜਾਏਗੀ। ਹਸਪਤਾਲਾਂ ਵਿਚ ਗੁਰਦੇ ਤੇ ਹੋਰ ਅੰਗ ਕੱਢ ਲਏ ਜਾਣਗੇ ਦਾ ਡਰ ਹੈ।ਇਸ ਤਰ੍ਹਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਕਿਸਮ ਦੀ ਗੈਰ ਵਿਸ਼ਵਾਸੀ ਹੋਣੀ ਮਾੜੇ ਨਤੀਜੇ ਕੱਢ ਸਕਦੀ ਹੈ। ਜੇਕਰ ਲੋਕ ਟੈਸਟ ਨਹੀਂ ਕਰਵਾਉਣਗੇ ਤਾਂ ਬਿਮਾਰੀ ਦੀ ਪਛਾਣ ਵਿਚ ਦੇਰੀ ਹੋ ਸਕਦੀ ਹੈ ਤੇ ਬਿਮਾਰੀ ਹੱਥੋਂ ਨਿਕਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕਿਸਮ ਦੇ ਪੈਦਾ ਹੋਏ ਭਰਮਾਂ ਬਾਰੇ ਪਈ ਧੂੜ ਬਾਰੇ ਸਪੱਸ਼ਟੀਕਰਨ ਦੇਵੇ।
ਪਸ਼ਾਸਨਿਕ ਅਧਿਕਾਰੀ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰਕੇ ਲੋੜ ਪੈਣ ਤੇ ਮੀਟਿੰਗਾਂ ਕਰਨ। ਪੰਚਾਇਤਾਂ ਨੂੰ ਸਮਝਾ ਕੇ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਜਿਸ ਢੰਗ ਨਾਲ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਜੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਕਠਿਨ ਪ੍ਰਸਥਿਤੀ ਦਾ ਸਾਹਮਣਾ ਕਰਨ ਲਈ ਲੋਕ ਤੇ ਸਰਕਾਰ ਤਿਆਰ ਰਹਿਣ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹ ਇਕ ਸਿਹਤ ਐਮਰਜੰਸੀ ਹੈ ਤੇ ਇਸਨੂੰ ਗਿਆਨ ਵਿਗਿਆਨ ਦੇ ਪਸਾਰ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸਨੂੰ ਕੇਵਲ ਕਾਨੂੰਨ ਵਿਵਸਥਾ ਨਾਲ ਹੱਲ ਕੀਤਾ ਜਾ ਰਿਹਾ ਹੈ, ਇਹ ਹਾਲਾਤ ਨੂੰ ਹੋਰ ਵਿਗਾੜੇਗਾ। ਉਨ੍ਹਾਂ ਕਿਹਾ ਕਿ ਇਸ ਲਈ ਉਚੇਚੇ ਤੌਰ ਤੇ ਅਵਾਮ ਨਾਲ ਸਾਰਥਕ ਵਾਰਤਾਲਾਪ ਦੀ ਲੋੜ ਹੈ।
ਰਾਗੀਆਂ ਤੇ ਮੁਖ ਗ੍ਰੰਥੀ ਵਿਵਾਦ ਖਤਮ ਹੋਣ ਤੇ ਪ੍ਰਸੰਨਤਾ ਪ੍ਰਗਟਾਈ
ਨਿਹੰਗ ਮੁਖੀ ਬਾਬਾ ਬਲਬੀਲ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਅਤੇ ਰਾਗੀਆਂ ਦਰਮਿਆਨ ਚਲੇ ਵਿਵਾਦ ਦੇ ਖਾਤਮੇ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਦੇਰੀ ਹੋਣੀ ਹੀ ਨਹੀਂ ਸੀ ਚਾਹੀਦੀ। ਚਲੋ ਦੇਰ ਨਾਲ ਸਹੀ, ਇਸ ਦਿਸ਼ਾ ਵਿਚ ਚੰਗਾ ਫੈਸਲਾ ਹੈ। ਦੋਵੇਂ ਧਿਰਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਹਿਮਾਂ ਦਾ ਪ੍ਰਚਾਰ ਪ੍ਰਚਾਰ ਕਰਨ ਵਾਲੀਆਂ ਹਨ। ਇਨ੍ਹਾਂ ਵਿਚ ਕੋਈ ਅਜਿਹੀ ਦੂਰੀ ਨਹੀਂ ਪੈਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਹੀ ਸਨਮਾਨ ਜਨਕ ਹਨ, ਆਪਸੀ ਤਾਲਮੇਲ, ਸਤਿਕਾਰ ਭਾਵਨਾ ਕਾਇਮ ਰੱਖਦਿਆਂ ਫਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਕੀਤਾ ਉਦਮ ਉਪਰਾਲਾ ਚੰਗਾ ਰੰਗ ਲਿਆਇਆ ਹੈ। ਸੰਗਤਾਂ ਦੇਸ਼ ਵਿਦੇਸ਼ ਵਿਚ ਇਸ ਮੰਦਭਾਗੇ ਵਿਵਾਦ ਤੋਂ ਬਹੁਤ ਚਿੰਤਾ ਵਿਚ ਸਨ। ਉਨ੍ਹਾਂ ਦੋਹਾਂ ਧਿਰਾਂ ਨੂੰ ਵਧਾਈ ਦਿੱਤੀ ਹੈ।