ਕੋਰੋਨਾ ਦਾ ਕਹਿਰ-ਹਸਪਤਾਲ ਚ ਭਰਤੀ ਕੁਰੜ ਵਾਲੀ ਲੜਕੀ ਨੂੰ ਕੀ ਹੋਇਆ !
-ਡਾਕਟਰਾਂ ਤੇ ਲੋਕਾਂ ਨੂੰ ਰਿਪੋਰਟ ਮਿਲਣ ਦਾ ਬੇਸਬਰੀ ਨਾਲ ਇੰਤਜਾਰ
ਹਰਿੰਦਰ ਨਿੱਕਾ
ਬਰਨਾਲਾ 23 ਮਾਰਚ 2020
ਆਈਲੈਟਸ ਸੈਂਟਰ ਮਹਿਲ ਕਲਾਂ ਚ ਨੌਕਰੀ ਕਰਦੀ ਪਿੰਡ ਕੁਰੜ ਦੀ ਰਹਿਣ ਵਾਲੀ ਨੌਜਵਾਨ ਲੜਕੀ ਨੂੰ ਕੋਰੋਨਾ ਵਾਇਰਸ ਅਤੇ ਸਵਾਇਨ ਫਲੂ ਦੀ ਸ਼ੱਕੀ ਮਰੀਜ਼ ਹੋਣ ਕਰਕੇ ਸਿਵਲ ਹਸਪਤਾਲ ਬਰਨਾਲਾ ਵਿੱਚ ਭਰਤੀ ਕੀਤਿਆਂ ਅਤੇ ਜਾਂਚ ਲਈ ਸੈਂਪਲ ਭੇਜ਼ਿਆਂ ਅੱਜ ਦੂਸਰਾ ਦਿਨ ਹੋ ਚੁੱਕਾ ਹੈ। ਪਰੰਤੂ ਦੋ ਦਿਨ ਲੰਘ ਜਾਣ ਤੋਂ ਬਾਅਦ ਵੀ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਕੋਈ ਰਿਪੋਰਟ ਨਾ ਆਉਣ ਕਰਕੇ ਲੜਕੀ ਦੇ ਪਰਿਵਾਰ, ਸਿਹਤ ਵਿਭਾਗ ਦੇ ਅਮਲੇ ਤੇ ਜਿਲ੍ਹੇ ਦੇ ਲੋਕਾਂ ਦੀਆਂ ਕਿਸੇ ਸੰਭਾਵਿਤ ਖਤਰੇ ਨੂੰ ਲੈ ਕੇ ਧੜਕਣਾ ਤੇਜ਼ ਹੋ ਚੁੱਕੀਆਂ ਹਨ। ਹਸਪਤਾਲ ਦੇ ਅਸਥਾਈ ਆਇਸੋਲੇਸ਼ਨ ਵਾਰਡ ਵਿੱਚ ਜੇਰ-ਏ-ਇਲਾਜ਼ ਲੜਕੀ ਦਾ ਇਲਾਜ਼ ਕਰ ਰਹੇ ਡਾਕਟਰਾਂ ਦੇ ਅਨੁਸਾਰ ਲੜਕੀ ਦੀ ਹਾਲਤ ਵਿੱਚ ਪਹਿਲਾਂ ਤੋਂ ਕਾਫੀ ਸੁਧਾਰ ਹੋ ਰਿਹਾ ਹੈ। ਫਿਲਹਾਲ ਕੋਈ ਖਤਰੇ ਵਾਲੀ ਗੱਲ ਨਜ਼ਰ ਨਹੀ ਆ ਰਹੀ। ਫਿਰ ਵੀ ਜਦੋਂ ਤੱਕ ਰਿਪੋਰਟ ਨਹੀਂ ਆ ਜਾਂਦੀ,ਉਦੋਂ ਤੱਕ ਲੜਕੀ ਦੀ ਹਾਲਤ ਨੂੰ ਖਤਰੇ ਤੋਂ ਬਾਹਰ ਵੀ ਨਹੀਂ ਮੰਨਿਆ ਜਾ ਸਕਦਾ।
ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਕੋਰੋਨਾ ਦੇ ਸ਼ੱਕੀ ਮਰੀਜਾਂ ਦੀ ਜਾਂਚ ਰਿਪੋਰਟ ਆਮ ਤੌਰ ਤੇ ਉਸੇ ਦਿਨ ਹੀ ਰਾਤ ਤੱਕ ਜਾਂ ਫਿਰ ਸਵੇਰੇ ਸੰਦੇਹਾਂ ਤੱਕ ਪਹੁੰਚਦੀ ਰਹੀ ਹੈ। ਪਰੰਤੂ ਹੁਣ ਤੱਕ ਰਿਪੋਰਟ ਦਾ ਨਾ ਮਿਲਣਾ ਚਿੰਤਾ ਚ, ਵਾਧਾ ਜਰੂਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਰਿਪੋਰਟ ਨਾ ਪਹੁੰਚਣ ਦਾ ਕਾਰਣ ਐਤਵਾਰ ਦੀ ਛੁੱਟੀ ਹੀ ਹੋਵੇ। ਡਾਕਟਰ ਕੌਸ਼ਲ ਨੇ ਕਿਹਾ ਕਿ ਲੋਕਾਂ ਨੂੰ ਰਿਪੋਰਟ ਦੀ ਦੇਰੀ ਤੋਂ ਘਬਰਾਉਣ ਦੀ ਕੋਈ ਲੋੜ ਨਹੀ ਹੈ। ਉਮੀਦ ਹੈ ਕਿ ਬਾਅਦ ਦੁਪਿਹਰ ਤੱਕ ਰਿਪੋਰਟ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰਾਂ ਲੜਕੀ ਦੀ ਸਿਹਤ ਵਿੱਚ ਪਹਿਲਾ ਨਾਲੋਂ ਸੁਧਾਰ ਹੋ ਰਿਹਾ ਹੈ। ਉਸ ਤੋਂ ਕੋਈ ਖਾਸ ਚਿੰਤਾ ਵਾਲੀ ਗੱਲ ਵੀ ਮਹਿਸੂਸ ਨਹੀ ਹੁੰਦੀ। ਪਰੰਤੂ ਰਿਪੋਰਟ ਆਉਣ ਤੇ ਹੀ ਲੜਕੀ ਨੂੰ ਕੋਰੋਨਾ ਜਾਂ ਸਵਾਈਨ ਫਲੂ ਹੋਣ ਜਾਂ ਨਾ ਹੋਣ ਦਾ ਖੁਲਾਸਾ ਹੋਵੇਗਾ। ਵਰਨਣਯੋਗ ਹੈ ਕਿ ਹੁਣ ਤੱਕ ਕੋਰੋਨਾ ਦੇ ਜਿੰਨ੍ਹੇ ਵੀ ਸ਼ੱਕੀ ਮਰੀਜਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ ਕਿਸੇ ਵੀ ਮਰੀਜ ਦੀ ਰਿਪੋਰਟ ਪਾਜੇਟਿਵ ਨਹੀ ਆਈ ਹੈ। ਯਾਨੀ ਹਾਲੇ ਤੱਕ ਬਰਨਾਲਾ ਜਿਲ੍ਹੇ ਦੇ ਲੋਕਾਂ ਲਈ ਇਹ ਸੁਖਦ ਅਹਿਸਾਸ ਹੈ ਕਿ ਜਿਲ੍ਹੇ ਚ, ਕੋਰੋਨਾ ਵਾਇਰਸ ਦਾ ਹਾਲੇ ਤੱਕ ਕੋਈ ਮਰੀਜ਼ ਨਹੀ ਹੈ। ਹੁਣ ਤੱਕ ਹਸਪਤਾਲ ਵਿੱਚ ਭਰਤੀ ਕੀਤੇ ਸਾਰੇ ਸ਼ੱਕੀ ਮਰੀਜਾਂ ਨੂੰ ਤੰਦਰੁਸਤ ਹੋਣ ਤੋਂ ਬਾਅਦ ਛੁੱਟੀ ਵੀ ਦੇ ਦਿੱਤੀ ਗਈ ਹੈ। ਫਿਰ ਵੀ ਬਚਾਅ ਵਿੱਚ ਹੀ ਬਚਾਉ ਹੈ।
-ਹੁਣ 22 ਏਕੜ ਇਲਾਕੇ ਨੂੰ ਸੀਲ ਕਰਨ ਦੀ ਲੋੜ ਨਹੀਂ
ਡਾਕਟਰ ਕੌਸ਼ਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ ਦੇ ਕਾਰਣ ਸੀਲ ਕੀਤੇ 22 ਏਕੜ ਇਲਾਕੇ ਨੂੰ ਸੀਲ ਨਾ ਕਰਨ ਬਾਰੇ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਸ਼ੱਕੀ ਸਮਝੇ ਜਾ ਰਹੇ ਵਿਅਕਤੀਆਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਕਿਸੇ ਹੋਰ ਦੇ ਸੰਪਰਕ ਵਿੱਚ ਨਹੀਂ ਆਉਣ ਦੀ ਸਲਾਹ ਇਹਤਿਆਤ ਦੇ ਤੌਰ ਤੇ ਦਿੱਤੀ ਗਈ ਹੈ।