ਚੰਡੀਗੜ੍ਹ, 12 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੇ ਅੱਜ ਚੋਣ ਕਮਿਸ਼ਨ ਕੋਲ ਵੱਖ-ਵੱਖ ਅਸਾਮੀਆਂ ਦੀ ਹੋਈ ਗੈਰਕਾਨੂੰਨੀ ਭਰਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਵਾਈਸ ਪ੍ਰੈਜੀਡੈਂਟ ਗੌਰਵ ਰਾਏ ਨੇ ਕਿਹਾ ਹੈ ਕਿ ਆਦਰਸ਼ ਚੋਣ ਜਾਬਤਾ ਲੱਗਿਆ ਹੋਣ ਦੇ ਬਾਵਜੂਦ 4 ਜਨਵਰੀ 2017 ਨੂੰ ਵੱਖ-ਵੱਖ ਆਈਟੀਆਈਜ ਵਿੱਚ 234 ਡਾਟਾ ਐਂਟਰੀ ਓਪਰੇਟਰ ਲਗਾਏ ਗਏ ਹਨ, ਜਦਕਿ 112 ਹੈਲਪਰ (ਕਲਾਸ 4) ਭਰਤੀ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਨਾਂ ਭਰਤੀਆਂ ਦੇ ਨਿਯੁਕਤੀ ਪੱਤਰਾਂ ਨੂੰ ਪਿਛਲੀ ਤਾਰੀਖਾਂ ਵਿੱਚ ਵਿਖਾਇਆ ਗਿਆ ਹੈ ਅਤੇ 4-1-2017 ਤੇ ਹੋਰ ਪਿਛਲੀਆਂ ਤਾਰੀਖਾਂ ਵਿੱਚ ਜੁਆਇਨ ਕਰਨ ਦੀ ਇਜਾਜਤ ਦਿੱਤੀ ਗਈ ਸੀ।
ਰਾਏ ਨੇ ਦੱਸਿਆ ਕਿ ਵੱਖ-ਵੱਖ ਆਈਟੀਆਈਜ ਵਿੱਚ ਇਹ ਭਰਤੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਵਿੱਚ ਆਈਟੀਆਈ ਪਟਿਆਲਾ, ਲਾਲੜੂ, ਮੋਹਾਲੀ, ਬਸੀ ਬਠਾਣਾਂ, ਜੀਰਕਪੁਰ, ਮੋਰਿੰਡਾ, ਖਰੜ, ਨੰਗਲ, ਰੋਪੜ ਅਤੇ ਆਨੰਦਪੁਰ ਸਾਹਿਬ ਸ਼ਾਮਿਲ ਹਨ। ਇਹ ਸਾਰੀ ਘਪਲੇਬਾਜੀ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਜਰੀਏ ਕੀਤੀ ਜਾ ਰਹੀ ਹੈ। ਡਾਟਾ ਐਂਟਰੀ ਓਪਰੇਟਰਾਂ ਨੂੰ 12 ਹਜਾਰ ਰੁਪਏ ਮਹੀਨਾ ਅਤੇ ਹੈਲਪਰਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਦੇਣਾ ਨਿਸ਼ਚਿਤ ਕੀਤਾ ਗਿਆ ਹੈ।
ਗੌਰਵ ਰਾਏ ਨੇ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਹੈ ਕਿ ਇਹ ਭਰਤੀਆਂ ਵਿਭਾਗ ਵੱਲੋਂ ਸਿੱਧੀਆਂ ਨਾ ਕਰਕੇ ਪ੍ਰਾਈਵੇਟ ਆਉਟਸੋਰਸਿੰਗ ਫਰਮਾਂ ਰਾਹੀਂ ਕੀਤੀਆਂ ਗਈਆਂ ਹਨ ਅਤੇ ਇਨਾਂ ਫਰਮਾਂ ਦੇ ਨਾਂਅ ਵੀ ਚੋਣ ਕਮਿਸ਼ਨ ਨੂੰ ਦੱਸੇ ਗਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਫਰਮਾਂ ਪੰਜਾਬ ਤੋਂ ਬਾਹਰ ਦੀਆਂ ਹਨ। ਉਨਾਂ ਸ਼ੱਕ ਜਤਾਇਆ ਕਿ ਵਿਭਾਗ ਜਾਂ ਬੋਰਡ ਦਾ ਹੀ ਕੋਈ ਅਧਿਕਾਰੀ ਹੀ ਇਨਾਂ ਫਰਮਾਂ ਜਰੀਏ ਇਹ ਘਪਲਾ ਕਰ ਰਿਹਾ ਹੈ।
ਗੌਰਵ ਰਾਏ ਨੇ ਕਿਹਾ ਕਿ ਇਨਾਂ ਭਰਤੀਆਂ ਲਈ ਕੰਪਨੀਆਂ ਵੱਲੋਂ ਪਿਛਲੀਆਂ ਤਾਰੀਖਾਂ ਵਾਲੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਅਤੇ ਆਈਟੀਆਈਜ ਵੱਲੋਂ ਪਿਛਲੀਆਂ ਤਾਰੀਖਾਂ ਵਿੱਚ ਜੁਆਇੰਗ ਦਰਸਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਜਿਆਦਾਤਰ ਉਮੀਦਵਾਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਹਨ। ਉਨਾਂ ਕਿਹਾ ਕਿ ਭਰਤੀ ਪ੍ਰਕਿਰਿਆ ਵਿੱਚ ਕੋਈ ਪਾਰਦਸ਼ਤਾ ਨਹੀਂ ਰੱਖੀ ਗਈ ਅਤੇ ਇਨਾਂ ਭਰਤੀਆਂ ਬਾਰੇ ਕੋਈ ਜਨਤਕ ਨੋਟਿਸ ਕਿਸੇ ਅਖਬਾਰ ਜਾਂ ਰੋਜਗਾਰ ਦਫਤਰ ਵਿੱਚ ਵੀ ਨਹੀਂ ਦਿੱਤਾ ਗਿਆ।
ਗੌਰਵ ਰਾਏ ਨੇ ਕਿਹਾ ਕਿ ਇਸ ਸਭ ਨੂੰ ਧਿਆਨ ਵਿੱਚ ਰੱਖ ਕੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਇਨਾਂ ਗੈਰਕਾਨੂੰਨੀ ਭਰਤੀਆਂ ਨੂੰ ਤੁਰੰਤ ਰੋਕਿਆ ਜਾਵੇ।