ਚੰਡੀਗੜ੍ਹ, 19 ਜਨਵਰੀ, 2017 : ਕਾਂਗਰਸੀ ਆਗੂ ਚੋਣਾਂ ਲੜਣ ਤੋਂ ਵੱਧ ਇੱਕ ਦੂਜੇ ਨਾਲ ਲੜਾਈ ਵਿਚ ਰੁੱਝੇ ਹੋਏ ਹਨ। ਪਿਛਲੇ ਇੱਕ ਮਹੀਨੇ ਤੋਂ ਉਹ ਟਿਕਟਾਂ ਨੂੰ ਲੈ ਕੇ ਲੜ ਰਹੇ ਸਨ। ਹੁਣ ਟਿਕਟਾਂ ਦਾ ਕੰਮ ਮੁੱਕਿਆਂ ਤਾਂ ਉਹਨਾਂ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਯੁੱਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੁੱਧਵਾਰ ਨੂੰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦੇ ਸੁਫਨੇ ਨਾ ਵੇਖਣ ਦੀ ਦਿੱਤੀ ਸਲਾਹ ਬਾਰੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਬੇਸ਼ੱਕ ਚੋਣ ਪ੍ਰਚਾਰ ਸਭ ਤੋਂ ਪਿਛੜ ਰਹੀ ਹੈ, ਪਰ ਅੰਦਰੂਨੀ ਧੜ੍ਹੇਬਾਜ਼ੀ ਲੜਾਈ ਵਿਚ ਇਹ ਪਾਰਟੀ ਸਭ ਤੋਂ ਅੱਗੇ ਹੈ। ਨਾਮਜ਼ਦਗੀ ਕਾਗਜ਼ ਭਰਨ ਦੀ ਆਖਰੀ ਤਾਰੀਖ ਤੱਕ ਕਾਂਗਰਸ ਤੋਂ ਟਿਕਟਾਂ ਨੂੰ ਲੈ ਕੇ ਛਿੜੇ ਕਾਟੋ-ਕਲੇਸ਼ ਦਾ ਨਿਪਟਾਰਾ ਨਹੀਂ ਹੋਇਆ। ਅਜੇ ਵੀ ਘੱਟੋ ਘੱਟ ਦੋ ਦਰਜਨ ਹਲਕਿਆਂ ਉੱਤੇ ਖੜ੍ਹੇ ਹੋਏ ਬਾਗੀ ਕਾਂਗਰਸੀ ਉਮੀਦਵਾਰਾਂ ਦੀ ਨੀਂਦ ਹਰਾਮ ਕਰ ਰਹੇ ਹਨ।
ਸ਼ ਢੀਂਡਸਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਆਣ ਮਗਰੋਂ ਕਾਂਗਰਸ ਅੰਦਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ਨੂੰ ਲੈ ਕੇ ਘਮਸਾਨ ਸ਼ੁਰੂ ਹੋ ਗਿਆ ਹੈ। ਪਾਰਟੀ ਨੇ ਬੇਸ਼ੱਕ ਚੋਣਾਂ ਵਿਚ ਆਪਣੀ ਪੁਜ਼ੀਸਨ ਸੁਧਾਰਨ ਵਾਸਤੇ ਸਿੱਧੂ ਨੂੰ ਕੁੱੱਛੜ ਵਿਚ ਲਿਆ ਹੈ, ਪਰ ਸਿੱਧੂ ਦੇ ਆਉਂਦੇ ਹੀ ਵੱਡੀ ਕੁਰਸੀਆਂ ਉੱਤੇ ਅੱਖ ਰੱਖਣ ਵਾਲੇ ਆਗੂਆਂ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਅੰਦਰਲੀ ਬੇਚੈਨੀ ਸਾਫ ਦਿਸਣ ਲੱਗੀ ਹੈ। ਉਹਨਾਂ ਕਿਹਾ ਕਿ ਬਾਜਵਾ ਨੇ ਸਿੱਧੂ ਨੂੰ ਸਾਫ ਕਹਿ ਦਿੱਤਾ ਹੈ ਕਿ ਉਹ ਵੱਡੀਆਂ ਕੁਰਸੀਆਂ ਉੱੱਤੇ ਬੈਠਣ ਦੇ ਸੁਫਨੇ ਨਾ ਪਾਲੇ। ਉਹਨਾਂ ਨੇ ਤਾਂ ਸਿੱਧੂ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ ਕਿ ਵਿਅਕਤੀ ਨੂੰ ਪਾਰਟੀ ਦੀ ਲੋੜ ਹੁੰਦੀ ਹੈ, ਪਾਰਟੀ ਨੂੰ ਵਿਅਕਤੀ ਦੀ ਨਹੀਂ।
ਅਕਾਲੀ ਆਗੂ ਨੇ ਕਿਹਾ ਕਿ ਧੜੇਬੰਦੀ ਦੇ ਪੁਰਾਣੇ ਰੋਗ ਤੋਂ ਪੀੜਤ ਕਾਂਗਰਸ ਅੰਦਰ ਪੰਜਾਬ ਦੇ ਆਗੂਆਂ ਦੀ ਵੁੱਕਤ ਲਗਾਤਾਰ ਘਟਦੀ ਜਾ ਰਹੀ ਹੈ। ਟਿਕਟਾਂ ਦੀ ਵੰਡ ਵੇਲੇ ਵੀ ਅਮਰਿੰਦਰ, ਬਾਜਵੇ ਜਾਂ ਭੱਠਲ ਦੀ ਬਹੁਤੀ ਪੁੱਛ-ਦੱਸ ਨਹੀਂ ਹੋਈ। ਉਹਨਾਂ ਕਿਹਾ ਕਿ ਪੰਜਾਬ ਦੀ ਸਿਆਸਤ ਨੂੰ ਸਿੱਧਾ ਰਾਹੁਲ ਗਾਂਧੀ ਕੰਟਰੋਲ ਕਰ ਰਿਹਾ ਹੈ। ਉਸ ਨੂੰ ਸਿੱਖ-ਵਿਰੋਧੀ ਅਤੇ ਪੰਜਾਬ ਵਿਰੋਧੀ ਨਜ਼ਰੀਆ ਵਿਰਸੇ ਵਿਚੋਂ ਮਿਲਿਆ ਹੈ। ਪੰਜਾਬ ਦੇ ਲੋਕ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਨ, ਇਸ ਲਈ ਉਹ ਕਾਂਗਰਸ ਦੁਬਾਰਾ ਉੱਤੇ ਭਰੋਸਾ ਕਰਨ ਦੀ ਗਲਤੀ ਕਦੇ ਵੀ ਨਹੀਂ ਕਰਨਗੇ।