ਚੰਡੀਗੜ੍ਹ, 2 ਫਰਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਸਖਤ ਨਿਯਮਾਂ ਦੀ ਪਾਲਣਾ ਕਰਦਿਆਂ ਚੋਣ ਕਮਿਸ਼ਨ ਨੇ ਉਹਨਾਂ ਲੋਕਾਂ ਨੂੰ ਸੂਬੇ ‘ਚੋਂ ਬਾਹਰ ਜਾਣ ਦੇ ਆਦੇਸ਼ ਦਿੱਤੇ ਹਨ ਜਿਹਨਾਂ ਦੀ ਵੋਟ ਪੰਜਾਬ ਦੀ ਨਹੀਂ ਹੈ । ਕਮਿਸ਼ਨ ਨੇ ਉਨ੍ਹਾਂ ਲੋਕਾਂ ਨੂੰ ਵੀਰਵਾਰ ਸ਼ਾਮ ਤੱਕ ਸੂਬੇ ਤੋਂ ਬਾਹਰ ਜਾਣ ਦੇ ਆਦੇਸ਼ ਦੇ ਦਿੱਤੇ ਹਨ। ਚੋਣ ਕਮਿਸ਼ਨ ਦਾ ਇਹ ਆਦੇਸ਼ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਤੇ ਅੰਮ੍ਰਿਤਸਰ ਲੋਕ ਸੀਟ ਵਿੱਚ ਲਾਗੂ ਹੁੰਦਾ ਹੈ। ਚੋਣ ਕਮਿਸ਼ਨ ਦਾ ਇਹ ਆਦੇਸ਼ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਵੀ ਲਾਗੂ ਹੁੰਦਾ ਹੈ ਕਿਉਂਕਿ ਉਹ ਪੰਜਾਬ ਦੇ ਵੋਟਰ ਨਹੀਂ।
ਇਸ ਤੋਂ ਇਲਾਵਾ ਵੱਖ ਵੱਖ ਪਾਰਟੀਆਂ ਲਈ ਚੋਣ ਪ੍ਰਚਾਰ ਕਰ ਰਹੇ ਪੰਜਾਬੀ ਐਨ,ਆਰ.ਆਈਜ਼. ਜਿਨ੍ਹਾਂ ਨੇ ਵਿਦੇਸ਼ੀ ਦਾ ਨਾਗਰਿਕਤਾ ਲਈ ਹੋਈ ਹੈ, ਉਨ੍ਹਾਂ ਨੂੰ ਵੀ ਚੋਣ ਕਮਿਸ਼ਨ ਨੇ ਪੰਜਾਬ ਤੋਂ ਬਾਹਰ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਆਪਣੇ ਆਦੇਸ਼ ਵਿੱਚ ਸੱਪਸ਼ਟ ਕਿਹਾ ਹੈ ਕਿ ਜਿਨ੍ਹਾਂ ਵੋਟਰਾਂ ਦੀ ਪੰਜਾਬ ਵਿੱਚ ਵੋਟ ਨਹੀਂ ਹੈ ਤੇ ਉਹ ਵੱਖ-ਵੱਖ ਪਾਰਟੀਆਂ ਲਈ ਚੋਣ ਪ੍ਰਚਾਰ ਕਰ ਰਹੇ ਹਨ, ਅੱਜ ਸ਼ਾਮੀ ਪੰਜ ਵਜੇ ਤੋਂ ਬਾਅਦ ਉਹ ਸੂਬੇ ਤੋਂ ਬਾਹਰ ਚਲੇ ਜਾਣੇ।
ਇਹ ਹੁਕਮ ਰਾਜਨੀਤਕ ਆਗੂਆਂ ਉੱਤੇ ਵੀ ਲਾਗੂ ਹੁੰਦਾ ਹੈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਵੀ.ਕੇ. ਸਿੰਘ ਨੇ ਆਖਿਆ ਹੈ ਕਿ ਦੂਜਿਆਂ ਸੂਬਿਆਂ ਤੋਂ ਆਏ ਲੋਕਾਂ ਨੂੰ ਪੰਜਾਬ ਤੋਂ ਬਾਹਰ ਕਰਨ ਦੇ ਆਦੇਸ਼ ਪੁਲਿਸ ਤੇ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਤਾਂ ਜੋ ਚੋਣ ਪ੍ਰਕਿਆ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਾ ਹੋ ਸਕੇ। ਇਸ ਦੇ ਨਾਲ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਆਖਿਆ ਹੈ ਕਿ ਸੂਬੇ ਦੀ ਸ਼ਾਂਤੀ ਕਿਸੇ ਵੀ ਢੰਗ ਨਾਲ ਵਿਗੜਨ ਨਹੀਂ ਦਿੱਤੀ ਜਾਵੇਗੀ।