ਰੂਪਨਗਰ, 9 ਜਨਵਰੀ, 2017 : ਵਿਧਾਨ ਸਭਾ ਚੋਣਾਂ-2017 ਲਈ ਚੋਣ ਕਮਿਸ਼ਨ ਵਲੋਂ ਰਾਜਨੀਤਿਕ ਪਾਰਟੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਜਾਰੀ ਕੀਤੀਆਂ ਐਪ ਦਾ ਵੱਧ ਤੋਂ ਵੱਧ ਇਸਤੇਮਾਲ ਕਰਦੇ ਹੋਏ ਇਸ ਦਾ ਲਾਹਾ ਲਿਆ ਜਾਵੇ। ਇਹ ਪ੍ਰੇਰਣਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕਰਨੇਸ਼ ਸ਼ਰਮਾ ਨੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਤੇ ਆਮ ਲੋਕਾਂ ਨੂੰ ਕਰਦਿਆਂ ਕਿਹਾ ਕਿ ਕਮਿਸ਼ਨ ਵਲੋਂ ਲਈ ਸੁਵਿਧਾ, ਸਮਾਧਾਨ ਤੇ ਸੁਗਮ ਨਾਮ ਹੇਠ ਤਿੰਨ ਐਪ ਜਾਰੀ ਕੀਤੀਆਂ ਗਈਆਂ ਹਨ।ਜਿੰਨਾਂ ਨਾਲ ਵੋਟਰਾਂ ਨੂੰ ਵੀ ਲਾਭ ਮਿਲੇਗਾ।
ਉਨ੍ਹਾਂ ਦੱਸਿਆ ਕਿ ਇਹ ਤਿੰਨੋ ਐਪ ਵਿਧਾਨ ਸਭਾ ਚੋਣਾਂ-2017 ਨੂੰ ਮੁੱਖ ਰੱਖ ਕੇ ਹੀ ਤਿਆਰ ਕੀਤੀਆਂ ਗਈਆਂ ਹਨ ਜੋ ਕਿ ਚੋਣਾਂ ਸਬੰਧੀ ਵੱਖ-ਵੱਖ ਕੰਮਾਂ ਲਈ ਵਰਤੀਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਸੁਵਿਧਾ ਐਪ ਰਾਹੀਂ ਉਮੀਦਵਾਰ ਅਤੇ ਰਾਜਨੀਤਿਕ ਪਾਰਟੀਆਂ 24 ਘੰਟੇ ਅੰਦਰ-ਅੰਦਰ ਲਾਊਡ ਸਪੀਕਰ, ਰੈਲੀਆਂ, ਰੈਲੀ ਦਾ ਸਥਾਨ, ਹੈਲੀਕਾਪਟਰ ਜਾਂ ਜਹਾਜ ਦੀ ਲੈਡਿੰਗ, ਚੋਣ ਖੇਤਰ ਵਿੱਚ ਚੱਲਣ ਵਾਲੀਆਂ ਗੱਡੀਆਂ, ਬੈਨਰ ਅਤੇ ਝੰਡਿਆਂ ਆਦਿ ਸਬੰਧੀ ਪ੍ਰਵਾਨਗੀ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੋਣ ਅਧਿਕਾਰੀ ਨੂੰ ਜੇਕਰ ਪ੍ਰਵਾਨਗੀ ਦੇਣ ਵਿੱਚ ਕੋਈ ਦਿੱਕਤ ਪੇਸ਼ ਆਉਂਦੀ ਹੋਵੇਗੀ ਤਾਂ ਉਸ ਦਾ ਕਾਰਨ ਵੀ ਆਨ ਲਾਈਨ ਕਰਨਾ ਜ਼ਰੂਰੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਸਮਾਧਾਨ ਐਪ 'ਤੇ ਚੋਣਾਂ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਅਤੇ ਇਸ ਐਪ 'ਤੇ ਦਸਤਾਵੇਜਾਂ ਨਾਲ ਸ਼ਿਕਾਇਤ ਅਪਲੋਡ ਕਰਨ ਉਪਰੰਤ ਇੱਕ ਕੋਡ ਜਾਰੀ ਕੀਤਾ ਜਾਵੇਗਾ ਜਿਸ ਨਾਲ ਕੀਤੀ ਗਈ ਸ਼ਿਕਾਇਤ 'ਤੇ ਹੋਈ ਕਾਰਵਾਈ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਪਾਸ ਵੀ ਇੱਕ ਅਲਰਟ ਮੈਸੇਜ ਪਹੁੰਚ ਜਾਵੇਗਾ ਅਤੇ ਸ਼ਿਕਾਇਤ ਕਰਨ ਵਾਲੇ ਸ਼ਿਕਾਇਤ ਕਰਤਾ ਦੇ ਮੋਬਾਇਲ 'ਤੇ ਵੀ ਐਸ.ਐਮ.ਐਸ. ਭੇਜਿਆ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਸੁਗਮ ਐਪ ਦਾ ਇਸਤੇਮਾਲ ਵਿਧਾਨ ਸਭਾ ਚੋਣਾਂ ਦੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਗੱਡੀਆਂ ਦੇ ਬੰਦੋਬਸਤ ਲਈ ਕੀਤਾ ਜਾਵੇਗਾ।