ਚੰਡੀਗੜ੍ਹ, 28 ਜਨਵਰੀ, 2017 : ਅੱਜ ਇਥੇ ਪੰਜਾਬ ਭਵਨ ਵਿਖੇ ਸੂਬੇ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਸਮੀਖਿਆ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿਚ ਮੁੱਖ ਚੋਣ ਅਫਸਰ, ਪੰਜਾਬ ਸ੍ਰੀ ਵੀ ਕੇ ਸਿੰਘ, ਡਾਇਰੈਕਟਰ ਜਨਰਲ ਸੀ ਆਰ ਪੀ ਐਫ, ਸ੍ਰੀ ਦੂਰਗਾ ਪ੍ਰਸਾਦ ਕੌੜੇ, ਡੀ ਜੀ ਪੀ ਪੰਜਾਬ ਸ੍ਰੀ ਸੁਰੇਸ਼ ਅਰੋੜਾ, ਵਧੀਕ ਡੀ ਬੀ ਐਸ ਐਫ ਸ੍ਰੀ ਕੇ ਐਨ ਚੌਬੇ, ਵਧੀਕ ਡੀ ਜੀ ਪੀ ਅਤੇ ਪੁਲਿਸ ਨੋਡਲ ਅਫਸਰ ਚੋਣ, ਪੰਜਾਬ ਸ੍ਰੀ ਵੀ ਕੇ ਭਾਵਰਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਨ•ਾਂ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਕੇਂਦਰੀ ਪੁਲਿਸ ਬਲ ਦੇ ਹੋਰ ਅਧਿਕਾਰੀ ਵੀ ਮੀਟਿੰਗ ਵਿਚ ਹਾਜ਼ਰ ਸਨ।
ਇਸ ਮੀਟਿੰਗ ਵਿਚ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀ ਤੈਨਾਤੀਆਂ ਸਬੰਧੀ ਵਿਸ਼ੇਸ਼ ਤੌਰ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਫੈਸਲਾ ਕੀਤਾ ਗਿਆ ਕਿ ਚੋਣਾਂ ਲਈ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ।
ਇਸ ਮੀਟਿੰਗ ਵਿਚ ਦੂਜੇ ਏਜੰਡੇ ਅਧੀਨ ਹੋਰ ਸੂਬਿਆਂ ਤੋਂ ਆਏ ਸੁਰੱਖਿਆ ਬਲ ਲਈ ਕੀਤੇ ਗਏ ਰਹਿਣ ਸਬੰਧੀ ਸੁਖਾਵੇਂ ਪ੍ਰਬੰਧਾਂ ਬਾਰੇ ਵੀ ਵਿਸ਼ੇਸ਼ ਤੌਰ ਤੇ ਵਿਚਾਰ ਕੀਤਾ ਗਿਆ।
ਮੀਟਿੰਗ ਵਿਚ ਮੈਡੀਕਲ ਐਮਰਜੰਸੀ ਸਬੰਧੀ ਇਹ ਫੈਸਲਾ ਲਿਆ ਗਿਆ ਕੀ ਲੋੜਪੈਣ 'ਤੇ ਭਾਰਤੀ ਚੋਣ ਕਮਿਸ਼ਨ ਦੀ ਨੀਤੀ ਅਧੀਨ ਡਿਊਟੀ ਤੇ ਤੈਨਾਤ ਪੁਲਿਸ ਅਫਸਰਾਂ ਨੂੰ ਕੈਸ਼ਲੈਸ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਇਆ ਕਰਵਾਈਆਂ ਜਾਣ ਜਿਸਦਾ ਸਾਰਾ ਖਰਚਾ ਚੋਣ ਮਸ਼ੀਨਰੀ ਵਲੋਂ ਚੁੱਕਿਆ ਜਾਵੇਗਾ। ਜੇਕਰ ਜ਼ਰੂਰਤ ਪੈਂਦੀ ਹੈ ਤਾਂ ਜਖਮੀ/ਬਿਮਾਰ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਲਈ ਹਵਾਈ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ।