ਸਨੌਰ/ਪਟਿਆਲਾ, 27 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਸੂਬੇ ਵਿਚ ਮੁੜ ਅਕਾਲੀ-ਭਾਜਪਾ ਸਰਕਾਰ ਬਣਾਉਣ ਦਾ ਸੱਦਾ ਦਿੰਦਿਆਂ ਵਾਅਦਾ ਕੀਤਾ ਹੈ ਕਿ ਨਵੀਂ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿਚ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਲ ਨਾਲ ਅਨੁਸੂਚਿਤ ਜਾਤੀਆਂ, ਪਛੜੀਆਂ ਸ੍ਰੇਣੀਆਂ ਅਤੇ ਗਰੀਬ ਵਰਗ ਦੇ ਬੇਘਰੇ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ।
ਸਨੌਰ ਹਲਕੇ ਤੋਂ ਪਾਰਟੀ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਅੱਜ ਇਥੇ ਭਾਰੀ ਬਾਰਿਸ਼ ਤੇ ਖਰਾਬ ਮੌਸਮ ਦੇ ਬਾਵਜੂਦ ਹੋਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨਾਲ ਪੰਜਾਬ ਨੂੰ ਤਰੱਕੀ ਦੇ ਨਵੇਂ ਯੁਗ ਵਿਚ ਲਿਜਾਣ ਦਾ ਵਾਅਦਾ ਕਰਨ ਦੇ ਨਾਲ ਨਾਲ ਪਿਛਲੇ 10 ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣ ਪੰਜਾਬ ਨੂੰ ਨਾ ਸਿਰਫ਼ ਮੁਲਕ ਦਾ ਬਲਕਿ ਦੁਨੀਆਂ ਦਾ ਬਿਹਤਰੀਨ ਸੂਬਾ ਬਣਾਉਣ ਦਾ ਸਮਾਂ ਆ ਗਿਆ ਹੈ। ਇਹ ਹੀ ਕਾਰਨ ਹੈ ਕਿ ਸੂਬੇ ਵਿਚ ਲਗਾਤਾਰ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਲਿਆਉਣੀ ਲਾਜ਼ਮੀ ਹੈ।
ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੇ ਨਕਾਰੇ ਹੋਏ ਲੋਕਾਂ ਦਾ ਟੋਲਾ ਹੈ ਜਿਨ੍ਹਾਂ ਦੀ ਆਪਣੇ ਘਰਾਂ ਵਿਚ ਵੀ ਕੋਈ ਪੁਛ-ਪ੍ਰਤੀਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ਆਪੂ ਬਣੇ ਬਹੁਤੇ ਆਗੂਆਂ ਦੀਆਂ ਘਰ ਵਾਲੀਆਂ ਵੀ ਉਨ੍ਹਾਂ ਨਾਲ ਨਹੀਂ ਰਹੀਆਂ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਗੁੰਮਰਾਹਕੁਨ ਅਤੇ ਝੂਠਾ ਪ੍ਰਾਪੇਗੰਡਾ ਕਰਕੇ ਪੰਜਾਬ ਦੀ ਭਾਈਚਾਰਕ ਸਾਂਝ ਵਿਚ ਪਾਟਕ ਪਾ ਕੇ ਆਪਣਾ ਸਿਆਸੀ ਉਲੂ ਸਿੱਧਾ ਕਰਨ ਦੀ ਤਾਕ ਵਿਚ ਹੈ। ਇਸ ਲਈ ਇਸ ਪਾਰਟੀ ਦੇ ਆਗੂਆਂ ਵਲੋਂ ਕੀਤੇ ਜਾ ਰਹੇ ਗੁੰਮਰਾਹਕੁਨ ਅਤੇ ਭੜਕਾਊ ਪ੍ਰਾਪੇਗੰਡੇ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਉਪ ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਕੇਂਦਰ ਦੀ ਸਰਕਾਰ ਨਾਲ ਬਿਨਾਂ ਵਜ੍ਹਾ ਤੋਂ ਵਿੱਢੇ ਗਏ ਟਕਰਾਅ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਗਲਤੀ ਨਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿਚ ਰੁਲਣਗੀਆਂ, ਕਿਉਂਕਿ ਫਸਲਾਂ ਦੀ ਖਰੀਦ ਦੇ ਪੁਖ਼ਤਾ ਪ੍ਰਬੰਧ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾ ਕੀਤੇ ਹੀ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਗੁੰਮਰਾਹਕੁਨ ਪ੍ਰਚਾਰ ਰਾਹੀਂ ਅਸਲੀ ਮੁੱਦਿਆਂ ਅਤੇ ਪੰਜਾਬ ਵਿਚ ਪਿਛਲੇ 10 ਸਾਲਾਂ ਦੌਰਾਨ ਹੋਏ ਲਾਮਿਸਾਲ ਤਰੱਕੀ ਤੋਂ ਲੋਕਾਂ ਦਾ ਧਿਆਨ ਲਾਂਬੇ ਕਰਨਾ ਚਾਹੁੰਦੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਮੁਲਕ ਦਾ ਇਕੋ ਇਕ ਅਜਿਹਾ ਸੂਬਾ ਹੈ ਜਿਥੋਂ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਨੂੰ ਚਹੁੰ ਜਾਂ ਛੇ ਮਾਰਗੀ ਸੜਕਾਂ ਨਾਲ ਜੋੜ ਦਿੱਤਾ ਗਿਆ ਹੈ। ਇਸ ਬਿਹਤਰੀਨ ਸੜਕੀ ਢਾਂਚੇ ਅਤੇ ਨਵੇਂ ਬਣੇ ਹਵਾਈ ਅੱਡਿਆਂ ਨਾਲ ਸੂਬੇ ਦੇ ਵਿਕਾਸ ਨੂੰ ਹੋਰ ਵੀ ਹੁਲਾਰਾ ਮਿਲੇਗਾ।
ਪਾਰਟੀ ਪ੍ਰਧਾਨ ਨੇ ਕਾਂਗਰਸ ਪਾਰਟੀ ਨੂੰ ਪੰਜਾਬ, ਪੰਥ ਅਤੇ ਦੇਸ਼ ਦੁਸ਼ਮਣ ਜਮਾਤ ਗਰਦਾਨਦਿਆਂ ਇਸ ਪਾਰਟੀ ਵਲੋਂ ਪੰਜਾਬ ਨਾਲ ਪੈਰ ਪੈਰ ਉਤੇ ਕੀਤੀ ਗਈ ਵਿਤਕਰੇਬਾਜ਼ੀ ਅਤੇ ਖ਼ਾਲਸਾ ਪੰਥ ਨਾਲ ਕਮਾਈ ਗਈ ਦੁਸ਼ਮਣੀ ਦਾ ਇਤਿਹਾਸ ਵੀ ਦੋਹਰਾਇਆ। ਉਨ੍ਹਾਂ ਕਿਹਾ ਕਿ ਕੋਈ ਵੀ ਅਣਖੀਲਾ ਪੰਜਾਬੀ ਖ਼ਾਸ ਕਰਕੇ ਸਿੱਖ ਇਸ ਖੂਨੀ ਪੰਜੇ ਵਾਲੀ ਪਾਰਟੀ ਨੂੰ ਵੋਟ ਨਹੀਂ ਪਾ ਸਕਦਾ।
ਉਨ੍ਹਾਂ ਹਲਕਾ ਸਨੌਰ ਦੇ ਵੋਟਰਾਂ ਨਾਲ ਵਾਅਦਾ ਕੀਤਾ ਕਿ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸੂਬੇ ਵਿਚ ਤੀਜੀ ਵਾਰ ਬਣ ਰਹੀ ਅਕਾਲੀ-ਭਾਜਪਾ ਸਰਕਾਰ ਵਿਚ ਅਹਿਮ ਜ਼ਿੰਮੇਵਾਰੀ ਅਤੇ ਅਹੁਦਾ ਦਿੱਤਾ ਜਾਵੇਗਾ।
ਪਾਰਟੀ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਕਿ ਨਵੀਂ ਅਕਾਲੀ ਭਾਜਪਾ ਸਰਕਾਰ ਦੇ ਬਣਨ ਦੇ ਇਕ ਸਾਲ ਦੇ ਅੰਦਰ ਅੰਦਰ ਸਮਾਜ ਦੇ ਸਾਰੇ ਵਰਗਾਂ ਨੂੰ ਘਰੇਲੂ ਖਪਤ ਲਈ ਮੁਫ਼ਤ ਬਿਜਲੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਹਲਕੇ ਵਿਚ ਕੋਈ ਵੀ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਹਲਕੇ ਦੇ ਸਾਰੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਨ ਦੇ ਨਾਲ ਨਾਲ ਜਲ ਸਪਲਾਈ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੰਦੂਮਾਜਰਾ ਪਰਿਵਾਰ ਵਲੋਂ ਪਿਛਲੇ ਕਈ ਦਹਾਕਿਆਂ ਤੋਂ ਇਸ ਹਲਕੇ ਦੀ ਕੀਤੀ ਜਾ ਰਹੀ ਸੇਵਾ ਨੂੰ ਧਿਆਨ ਵਿਚ ਰਖਦਿਆਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਜਿਤਾ ਕੇ ਇਸ ਪਰਿਵਾਰ ਨਾਲ ਆਪਣੇ ਸਬੰਧ ਹੋਰ ਵੀ ਪੱਕੇ ਕਰਨ।
ਪਾਰਟੀ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਸਨੌਰ ਵਿਚ ਵਿਸ਼ਵ ਪੱਧਰੀ ਖੇਡ ਸਟੇਡੀਅਮ ਬਣਾ ਕੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਦਾ ਇਕ ਮੈਚ ਇਸ ਕਸਬੇ ਵਿਚ ਜ਼ਰੂਰ ਕਰਵਾਉਣਗੇ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਅਗਲੇ ਪੰਜ ਸਾਲ ਹਲਕੇ ਦਾ ਵਿਕਾਸ ਅਤੇ ਲੋਕਾਂ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ।
ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਹਰਜੀਤ ਸਿੰਘ ਅਦਾਲਤੀਵਾਲਾ ਨੇ ਆਮ ਆਦਮੀ ਪਾਰਟੀ ਉਤੇ ਟਿਕਟਾਂ ਵੇਚਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਤੋਂ ਵੀ ਟਿਕਟ ਲਈ ਸਵਾਂ ਕਰੋੜ ਰੁਪਏ ਮੰਗਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਅੱਠ ਮੁਢਲੇ ਆਗੂਆਂ ਨੂੰ ਛੱਡ ਕੇ ਕੇਜਰੀਵਾਲ ਐਂਡ ਕੰਪਨੀ ਨੇ ਹਲਕੇ ਤੋਂ ਬਾਹਰਲੇ ਅਤੇ ਲੋਕਾਂ ਵਲੋਂ ਤਿੰਨ ਵਾਰੀ ਨਕਾਰੇ ਹੋਏ ਵਿਅਕਤੀ ਹਰਮੇਲ ਸਿੰਘ ਥੂਹੀ ਦੀ ਘਰਵਾਲੀ ਨੂੰ ਟਿਕਟ ਵੇਚ ਦਿੱਤੀ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਨਿਰਾਸ਼ਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਮੈਂਬਰ ਸ਼੍ਰੋਮਣੀ ਕਮੇਟੀ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਬੂਟਾ ਸਿੰਘ ਸ਼ਾਦੀਪੁਰ, ਸੁਖਦਰਸ਼ਨ ਸਿੰਘ ਮਿਹੋਣ, ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਛਿੰਦਰ ਸਿੰਘ ਛਿੰਦੀ ਪ੍ਰਧਾਨ ਨਗਰ ਕੌਂਸਲ ਸਨੌਰ, ਦਵਿੰਦਰ ਸਿੰਘ ਭਾਂਖਰ ਸਰਕਲ ਜਥੇਦਾਰ ਸਨੌਰ, ਪ੍ਰੇਮ ਸਿੰਘ ਸਵਾਈ ਸਿੰਘ ਵਾਲਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ਵਰ ਬਲਬੇੜਾ ਨੇ ਵੀ ਸੰਬੋਧਨ ਕੀਤਾ।
ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਜਤਿੰਦਰ ਕੋਹਲੀ, ਐਡਵੋਕੇਟ ਨਿਸ਼ਾ ਸਰਮਾ, ਕਰਮ ਸਿੰਘ ਸ਼ਹਿਰੀ ਪ੍ਰਧਾਨ, ਕ੍ਰਿਸ਼ਨ ਸਿੰਘ ਸਨੌਰ, ਭੋਲਾ ਸਿੰਘ ਈਸਰਹੇੜੀ, ਤਰਸੇਮ ਸਿੰਘ ਕੋਟਲਾ, ਗੁਰਜੀਤ ਸਿੰਘ ਉਪਲੀ, ਨਰੰਜਣ ਸਿੰਘ ਫੌਜੀ, ਮੋਹਣੀ ਭਾਂਖਰ ਅਤੇ ਹਰਫੂਲ ਸਿੰਘ ਬੋਸਰ ਨੇ ਸਿਰਤੋੜ ਯਤਨ ਕੀਤੇ।