ਚੰਡੀਗੜ੍ਹ, 15 ਜਨਵਰੀ, 2017 : ਟਿਕਟਾਂ ਦੀ ਵੰਡ ਮਗਰੋਂ ਬਹੁਤੇ ਹਲਕਿਆਂ ਵਿਚ ਕਾਂਗਰਸ ਪਾਰਟੀ ਅੰਦਰ ਕੁੱਕੜ-ਯੁੱਧ ਸ਼ੁਰੂ ਹੋ ਚੁੱਕਿਆ ਹੈ। ਟਿਕਟਾਂ ਲੈਣ ਵਾਲੇ ਉਮੀਦਵਾਰਾਂ ਨੂੰ ਤਿੰਨ-ਤਿੰਨ ਬਾਗੀਆਂ ਨੇ ਘੇਰਾ ਪਾਇਆ ਹੋਇਆ ਹੈ। ਜਿਸ ਨੂੰ ਵੇਖ ਕੇ ਲੱਗਦਾ ਹੈ ਕਿ 4 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਬਹੁਤੇ ਕਾਂਗਰਸੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਬੁਲਾਰੇ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਅੰਦਰ ਸੱਤਾ ਦੀ ਲਾਲਸਾ ਦਾ ਆਲਮ ਇਹ ਹੈ ਕਿ ਬਾਪੂ ਆਪਣੇ ਪੁੱਤ ਦੇ ਖਿਲਾਫ ਖੜ੍ਹਾ ਹੋ ਗਿਆ ਹੈ ਅਤੇ ਇੱਕ ਭਰਾ ਦੂਜੇ ਭਰਾ ਦਾ ਵਿਰੋਧ ਕਰ ਰਿਹਾ ਹੈ। ਇਸ ਤੋਂ ਇਲਾਵਾ ਚਾਚੇ-ਭਤੀਜੇ ਅਤੇ ਮਾਮੇ-ਭਾਣਜੇ ਆਦਿ ਸਾਰੇ ਸਕੇ ਰਿਸ਼ਤੇਦਾਰ ਇਕ ਦੂਜੇ ਦੀਆਂ ਜੜ੍ਹਾਂ ਵੱਢਣ ਵਿਚ ਜੁਟੇ ਹਨ। ਅਜਿਹੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਦਾ ਕੁੱਝ ਨਹੀਂ ਸੰਵਾਰ ਸਕਦੀ, ਜਿਸ ਦੇ ਆਗੂ ਆਪਣੇ ਪਰਿਵਾਰਾਂ ਨੂੰ ਸਬਕ ਸਿਖਾਉਣ ਵਿਚ ਰੁੱਝੇ ਹੋਣ।
ਸ਼ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਦੀ ਤੀਜੀ ਸੂਚੀ ਆਉਣ ਮਗਰੋਂ ਦਰਜਨ ਤੋਂ ਵਧੇਰੇ ਹਲਕਿਆਂ ਵਿਚ ਬਾਗੀਆਂ ਨੇ ਬਗਾਵਤ ਦੇ ਝੰਡੇ ਚੁੱਕ ਲਏ ਹਨ। ਰੋਪੜ , ਜਗਰਾਂਓ, ਭਦੌੜ , ਜਲੰਧਰ ਪੱਛਮੀ, ਜਲੰਧਰ ਉੱਤਰੀ, ਜਲੰਧਰ ਛਾਉਣੀ, ਭੁਲੱਥ, ਖੇਮਕਰਨ, ਡੇਰਾ ਬਾਬਾ ਨਾਨਕ, ਬਟਾਲਾ, ਸਾਹਨੇਵਾਲ, ਤਲਵੰਡੀ ਸਾਬੋ, ਬੰਗਾ ਅਤੇ ਸੁਨਾਮ ਹਲਕਿਆਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਉਹਨਾਂ ਦੇ ਸਕੇ ਸੰਬੰਧੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਤਕੜੀ ਟੱਕਰ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਚੋਣ ਮੈਦਾਨ ਕਾਂਗਰਸ ਦੀ ਹਾਲਤ ਇੰਨੀ ਪਤਲੀ ਹੋ ਚੁੱਕੀ ਹੈ,ਕਿ ਉਸ ਨੂੰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਵੱਧ ਆਪਣੇ ਬਾਗੀਆਂ ਦਾ ਡਰ ਸਤਾ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੱਲੋਂ ਦਲਬਦਲੂਆਂ ਨੂੰ ਦਿੱਤੀ ਜਾ ਰਹੀ ਪਹਿਲ ਕਰਕੇ ਪੁਰਾਣੇ ਕਾਂਗਰਸੀ ਪਰਿਵਾਰਾਂ ਨੇ ਪਾਰਟੀ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਸਾਬਕਾ ਮੁੱਖ ਮੰਤਰੀ ਸ਼ ਬੇਅੰਤ ਸਿੰਘ ਦੀ ਬੇਟੀ ਬੀਬੀ ਗੁਰਕੰਵਲ ਕੌਰ ਵੱਲੋਂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਜਾਣ ਦੀ ਵਜ੍ਹਾ ਇਹ ਦੱਸੀ ਗਈ ਹੈ ਕਿ ਸੀਨੀਅਰ ਆਗੂਆਂ ਦੁਆਰਾ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਕਰਕੇ ਉਸ ਨੂੰ ਕਾਂਗਰਸ ਅੰਦਰ ਘੁਟਣ ਮਹਿਸੂਸ ਹੋ ਰਹੀ ਸੀ।
ਉਹਨਾਂ ਕਿਹਾ ਕਿ ਦਲਦਬਦਲੂਆਂ ਅਤੇ ਪਾਰਟੀ ਵਫਾਦਾਰਾਂ ਦੋਵਾਂ ਨੂੰ ਇੱਕ ਤੱਕੜੀ ਵਿਚ ਰੱਖਣਾ ਕਾਂਗਰਸ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਇੱਕ ਪਾਸੇ ਉਹ ਟਿਕਟਾਂ ਦੇ ਐਲਾਨ ਵਿਚ ਪਛੜ ਰਹੀ ਹੈ, ਜਿਸ ਕਰਕੇ ਉਸ ਦੀ ਚੋਣ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ ਅਤੇ ਦੂਜੇ ਪਾਸੇ ਜਿੰਨੀਆਂ ਵੀ ਟਿਕਟਾਂ ਐੋਲਾਨੀਆਂ ਹਨ, ਬਹੁਤੀਆਂ ਥਾਵਾਂ ਉੱਤੇ ਬਾਗੀਆਂ ਨੇ ਸਿਰ ਚੁੱਕ ਲਏ ਹਨ।
ਸ਼ ਚੰਦੂਮਾਜਰਾ ਨੇ ਕਿਹਾ ਕਿ ਅਮਰਿੰਦਰ ਸਿੰਘ ਵਿਧਾਨ ਸਭਾ ਹਲਕਾ ਲੰਬੀ ਤੋਂ ਚੋਣ ਲੜਣ ਦੀ ਵਿਉਂਤ ਇਸ ਲਈ ਬਣਾ ਰਿਹਾ ਹੈ, ਕਿਉਂਕਿ ਪਟਿਆਲਾ ਦੀ ਸੀਟ ਜਿੱਤਣਾ ਉਸ ਲਈ ਮੁਸ਼ਕਿਲ ਹੋ ਗਿਆ ਹੈ। ਉਹ ਸੋਚਦਾ ਹੈ ਕਿ ਜੇਕਰ ਉਹ ਆਪਣੇ ਜ਼ੱਦੀ ਹਲਕੇ ਤੋਂ ਹਾਰਦਾ ਹੈ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ। ਜੇਕਰ ਉਹ ਲੰਬੀ ਤੋਂ ਹਾਰਦਾ ਹੈ ਤਾਂ ਲੋਕ ਇਹ ਸਮਝ ਲੈਣਗੇ ਕਿ ਬਾਹਰਲਾ ਹਲਕਾ ਹੋਣ ਕਰਕੇ ਹਾਰ ਗਿਆ।