ਚੰਡੀਗੜ੍ਹ, 21 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਉਹਨਾਂ ਦੇ 'ਧੋਖਾ ਦੇਣ' ਦੇ ਸੁਭਾਅ ਲਈ ਜ਼ੋਰਦਾਰ ਨਿਖੇਧੀ ਕੀਤੀ ਅਤੇ ਸਵਾਲ ਕੀਤਾ ਕਿ ਜਦੋਂ ਉਹਨਾਂ ਨੇ ਆਪ ਦੀ ਟਿਕਟ 'ਤੇ ਜਿੱਤੇ ਮੈਂਬਰ ਪਾਰਲੀਮੈਂਟ ਤੇ ਆਪਣੀ ਹੀ ਸੂਬਾ ਇਕਾਈ ਦੇ ਕਨਵੀਨਰ ਨਾਲ ਧੋਖਾ ਕੀਤਾ ਹੈ ਤਾਂ ਫਿਰ ਸੂਬੇ ਦੀ ਆਮ ਜਨਤਾ ਉਹਨਾਂ 'ਤੇ ਵਿਸ਼ਵਾਸ ਕਿਵੇਂ ਕਰ ਸਕਦੀ ਹੈ ?
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਸੂਬੇ ਦੇ ਲੋਕਾਂ ਅੱਗੇ ਇਹ ਵੱਡੇ ਵੱਡੇ ਵਾਅਦੇ ਕਰ ਰਹੇ ਹਨ ਕਿ ਜੇਕਰ ਆਪ ਨੂੰ ਸੂਬੇ ਵਿਚ ਬਹੁਮਤ ਹਾਸਲ ਹੋਇਆ ਤਾਂ ਮੁੱਖ ਮੰਤਰੀ ਭਾਵੇਂ ਕੋਈ ਵੀ ਹੋਵੇ, ਹਰ ਵਾਅਦੇ ਨੂੰ ਪੂਰਾ ਕਰਨਾ ਉਹ ਯਕੀਨੀ ਬਣਾਉਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਚਾਰ ਸੰਸਦੀ ਹਲਕਿਆਂ ਦੇ ਲੋਕਾਂ ਨੇ ਉਹਨਾਂ ਦੀ ਪਾਰਟੀ ਦੇ ਪ੍ਰਤੀਨਿਧਾਂ ਨੂੰ ਸੰਸਦ ਲਈ ਪ੍ਰਤੀਨਿਧ ਚੁਣ ਕੇ ਭੇਜਿਆ ਸੀ ਜਿਸ ਵਿਚੋਂ ਦੋ ਮੈਂਬਰਾਂ ਨਾਲ ਸ੍ਰੀ ਕੇਜਰੀਵਾਲ ਨੇ ਇਸ ਲਈ ਧੋਖਾ ਕੀਤਾ ਕਿ ਉਹ ਉਹਨਾਂ ਦੀ ਭ੍ਰਿਸ਼ਟ ਕੰਮਕਾਜੀ ਸ਼ੈਲੀ ਅਤੇ ਇਮਾਨਦਾਰੀ ਨਾਲ ਕੰਮ ਦੀ ਵਚਨਬੱਧਤਾ ਨਾ ਹੋਣ ਦਾ ਵਿਰੋਧ ਕਰਦੇ ਸਨ।
ਸ੍ਰੀ ਸਿਰਸਾ ਨੇ ਹੋਰ ਕਿਹਾ ਕਿ ਸਿਰਫ ਇਹੀ ਨਹੀਂ ਬਲਕਿ ਸ੍ਰੀ ਕੇਜਰੀਵਾਲ ਨੇ ਆਪਣੀ ਹੀ ਪਾਰਟੀ ਦੇ ਉਸ ਕਨਵੀਨਰ ਨਾਲ ਧੋਖਾ ਕੀਤਾ ਜਿਸਨੇ ਲਗਾਤਾਰ ਤਿੰਨ ਸਾਲ ਪਾਰਟੀ ਦਾ ਪੰਜਾਬ ਵਿਚ ਆਧਾਰ ਤਿਆਰ ਕਰਨ ਵਾਸਤੇ ਦਿਨ ਰਾਤ ਇਕ ਕਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦੇ ਆਗੂਆਂ ਨੂੰ ਧੋਖਾ ਦੇਣ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਨੇ ਦੋ ਵਾਰ ਦਿੱਲੀ ਦੇ ਲੋਕਾਂ ਨੂੰ ਧੋਖਾ ਦਿੱਤਾ। ਪਹਿਲੀ ਵਾਰ ਧੋਖਾ ਉਦੋਂ ਦਿੱਤਾ ਜਦੋਂ ਉਹਨਾਂ ਨੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾ ਲਈ ਜਦਕਿ ਉਹਨਾਂ ਨੇ ਆਪਣੇ ਬੱਚਿਆਂ ਦੀ ਸਹੁੰ ਚੁੱਕੀ ਸੀ ਕਿ ਉਹ ਕਿਸੇ ਨਾਲ ਵੀ ਗਠਜੋੜ ਨਹੀਂ ਕਰਨਗੇ। ਉਹਨਾਂ ਕਿਹਾ ਕਿ ਇਹੀ ਨਹੀਂ ਬਲਕਿ ਉਹਨਾਂ ਨੇ ਸ਼ੀਲਾ ਦੀਕਸ਼ਿਤ ਖਿਲਾਫ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਕਾਰਵਾਈ ਨਾ ਕਰ ਕੇ ਦੂਜੀ ਵਾਰ ਧੋਖਾ ਦਿੱਤਾ। ਇਸੇ ਤਰ•ਾਂ ਉਹਨਾਂ ਨੇ ਪੰਜਾਬ ਦੀਆਂ ਮੌਜੂਦਾ ਚੋਣਾਂ ਲਈ ਵੀ ਸਿਆਸੀ ਗਠਜੋੜ ਕਰ ਲਿਆ ਜਦਕਿ ਉਹ ਫਿਰ ਭੁੱਲ ਗਏ ਕਿ ਉਹਨਾਂ ਨੇ ਗਠਜੋੜ ਨਾ ਕਰਨ ਲਈ ਆਪਣੇ ਬੱਚਿਆਂ ਦੀ ਸਹੁੰ ਚੁੱਕੀ ਹੈ। ਉਹਨਾ ਕਿਹਾ ਕਿ ਜੇਕਰ ਕੋਈ ਵਿਅਕਤੀ ਸ੍ਰੀ ਕੇਜਰੀਵਾਲ ਵੱਲੋਂ ਅੰਨਾ ਹਜ਼ਾਰੇ ਨਾਲ ਧੋਖਾ ਕਰਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੀਤੇ ਧੋਖਿਆਂ ਦੀ ਸੂਚੀ ਬਣਾਵੇ ਤਾਂ ਇਸਨੂੰ ਪੂਰਾ ਕਰਨ ਵਿਚ ਕਈ ਮਹੀਨੇ ਲੱਗੇ ਜਾਣਗੇ।
ਅਕਾਲੀ ਆਗੂ ਨੇ ਕਿਹਾ ਕਿ ਭਾਵੇਂ ਸ੍ਰੀ ਕੇਜਰੀਵਾਲ 'ਬ੍ਰਾਂਡ ਕੇਜਰੀਵਾਲ' ਨੂੰ ਵੇਚਣ ਦੇ ਯਤਨ ਕਰ ਰਹੇ ਹਨ ਪਰ ਕੌੜੀ ਸੱਚਾਈ ਇਹੀ ਹੈ ਕਿ ਲੋਕਾਂ ਨੇ ਪਹਿਲਾਂ ਹੀ ਮਹਿਸੂਸ ਕਰ ਲਿਆ ਹੈ ਕਿ ਇਹ 'ਬ੍ਰਾਂਡ ਕੇਜਰੀਵਾਲ' ਨਹੀਂ ਬਲਕਿ 'ਬ੍ਰਾਂਡ ਧੋਖਾ' ਹੈ। ਉਹਨਾਂ ਕਿਹਾ ਕਿ ਜੋ ਵਿਅਕਤੀ ਆਪਣੇ ਬੱਚਿਆਂ ਦੀ ਸਹੁੰ ਚੁੱਕ ਕੇ ਵੀ ਧੋਖੇਬਾਜ਼ੀ ਕਰ ਸਕਦਾ ਹੈ, ਉਹ ਕਿਸੇ ਵੀ ਤਰ•ਾਂ ਦਾ ਧੋਖਾ ਦੇਸਕਦਾ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਆਪਣੇ ਇਸ ਗੈਰ ਸਾਧਾਰਣ ਸੁਭਾਅ ਬਦਲੇ ਪੰਜਾਬੀਆਂ ਹੱਥੋਂ ਕਰਾਰੀ ਹਾਰ ਦਾ ਸੁਆਦ ਚੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ।