ਚੰਡੀਗੜ੍ਹ, 26 ਮਾਰਚ, 2017 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 24 ਘੰਟਿਆਂ ਵਿੱਚ ਵਾਪਰੇ ਦੋ ਵੱਡੇ ਸੜਕ ਹਾਦਸਿਆਂ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਟਰੈਫਿਕ ਅਥਾਰਟੀ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਤੇਜ਼ ਰਫਤਾਰ ਨਾਲ ਚੱਲਣ ਵਾਲੇ ਵਾਹਨਾਂ ਖਾਸ ਕਰਕੇ ਬੱਸਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਉਨ•ਾਂ ਨੇ ਟਰਾਂਸਪੋਰਟ ਵਿਭਾਗ ਨੂੰ ਜਨਤਕ ਵਾਹਨਾਂ ਵਿੱਚ ਸਪੀਡ ਗਵਰਨਰ ਲਾਉਣ ਦੀ ਸੰਭਾਵਨਾ ਤਲਾਸ਼ਣ ਦੀ ਵੀ ਹਦਾਇਤ ਕੀਤੀ।
ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਅਤੇ ਟਰੈਫਿਕ ਪੁਲੀਸ ਨੂੰ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸੂਬਾ ਪੱਧਰੀ ਮਿਹੰਮ ਵਿੱਢਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਹਾਦਸਿਆਂ ਵਿੱਚ ਹੋਈਆਂ ਮੌਤਾਂ 'ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਟਰੈਫਿਕ ਪੁਲੀਸ ਨੂੰ ਤੇਜ਼ ਰਫਤਾਰ ਤੇ ਵਾਧੂ ਸਵਾਰੀਆਂ ਵਾਲੇ ਵਾਹਨਾਂ ਦੇ ਨਾਲ-ਨਾਲ ਉਨ•ਾਂ ਵਾਹਨਾਂ ਦੇ ਖਿਲਾਫ ਵੀ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ ਜਿਹੜੇ ਵਾਹਨ ਗੈਰ-ਕਾਨੂੰਨੀ ਤਬਦੀਲੀਆਂ ਕਰਕੇ ਜਨਤਕ ਟਰਾਂਸਟਪੋਰਟ ਵਜੋਂ ਸੂਬਾ ਭਰ ਵਿੱਚ ਕੰਮ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਵਿਭਾਗ ਨੂੰ ਬੱਸਾਂ ਤੇ ਟਰੱਕਾਂ ਵਿੱਚ ਸਪੀਡ ਗਵਰਨਰ ਲਾਉਣ ਦੀ ਸੰਭਾਵਨਾ ਤਲਾਸ਼ਣ ਲਈ ਆਖਿਆ ਹੈ ਕਿਉਂਕਿ ਸੂਬੇ ਵਿੱਚ ਬਹੁਤੇ ਸੜਕ ਹਾਦਸੇ ਦਾ ਕਾਰਨ ਇਹ ਵਾਹਨ ਹੀ ਬਣਦੇ ਹਨ।
ਇਸੇ ਤਰ•ਾਂ ਲੋਕ ਨਿਰਮਾਣ ਵਿਭਾਗ ਨੂੰ ਵੀ ਸੂਬੇ ਦੇ ਸਾਰੇ ਮੁੱਖ ਮਾਰਗਾਂ, ਸੜਕਾਂ ਅਤੇ ਸੰਪਰਕ ਸੜਕਾਂ 'ਤੇ ਨਿਰਧਾਰਤ ਸਪੀਡ ਦੇ ਮੁਤਾਬਕ ਸਪੀਡ ਬ੍ਰੇਕਰ ਬਣਾਉਣ ਦੇ ਨਾਲ-ਨਾਲ ਹੋਰ ਜ਼ਰੂਰੀ ਕਦਮ ਚੁੱਕਣ ਲਈ ਆਖਿਆ ਹੈ ਤਾਂ ਜੋ ਸੜਕੀ ਹਾਦਸੇ ਘਟਾਏ ਜਾ ਸਕਣ।
ਇਨ•ਾਂ ਮਾਮਲਿਆਂ 'ਤੇ ਕਿਸੇ ਵੀ ਤਰ•ਾਂ ਦੀ ਢਿੱਲ ਨਾ ਵਰਤਣ ਦੀ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਸਬੰਧਤ ਅਫਸਰਾਂ ਨੂੰ ਬੱਸ ਪਰਮਿਟਾਂ ਨੂੰ ਮੁੜ ਘੋਖਣ ਦੀ ਪ੍ਰਕ੍ਰਿਆ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਹਨ ਤਾਂ ਜੋ ਗੈਰ-ਕਾਨੂੰਨੀ ਬੱਸਾਂ 'ਤੇ ਰੋਕ ਲਾਈ ਜਾ ਸਕੇ। ਇਹ ਘੋਖ ਪ੍ਰਕ੍ਰਿਆ ਜੋ ਸ਼ੁਰੂ ਹੋ ਚੁੱਕੀ ਹੈ, ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਔਰਬਿਟ ਬੱਸਾਂ ਵੀ ਸ਼ਾਮਲ ਹਨ ਜੋ ਸੜਕੀ ਸੁਰੱਖਿਆ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਕਾਰਨ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਰਹੀਆਂ ਹਨ।
ਇੱਥੇ ਇਹ ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਬਰਨਾਲਾ ਵਿਖੇ ਜਿਸ ਸੜਕ ਹਾਦਸੇ ਵਿੱਚ ਚਾਰ ਲੋਕ ਮਾਰੇ ਗਏ ਸਨ, ਉਸ ਵਿੱਚ ਵੀ ਤੇਜ਼ ਰਫਤਾਰ ਔਰਬਿਟ ਬੱਸ ਸ਼ਾਮਲ ਸੀ। ਇਸੇ ਤਰ•ਾਂ ਐਤਵਾਰ ਨੂੰ ਮੌੜ ਮੰਡੀ ਦੇ ਨੇੜੇ ਉਸ ਵੇਲੇ ਚਾਰ ਹੋਰ ਵਿਅਕਤੀਆਂ ਦੀ ਮੌਤ ਗਈ ਸੀ ਜਦੋਂ ਇਕ ਦੁੱਧ ਕੰਟੇਨਰ ਦੀ ਟਰੈਕਸ ਕਰੂਜ਼ਰ ਨਾਲ ਟੱਕਰ ਹੋ ਗਈ ਜਿਸ ਵਿੱਚ 18 ਵਿਅਕਤੀ ਸਵਾਰ ਸਨ।
ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਮੰਤਰੀ ਮੰਡਲ ਵੱਲੋਂ ਲਏ ਗਏ ਫੈਸਲੇ ਅਨੁਸਾਰ ਸੂਬੇ ਵਿੱਚ ਛੇਤੀ ਹੀ ਸੜਕ ਸੁਰੱਖਿਆ ਅਥਾਰਟੀ ਦਾ ਗਠਨ ਕੀਤਾ ਜਾਵੇਗਾ ਜੋ ਸੂਬੇ ਵਿੱਚ ਹੁੰਦੇ ਸੜਕ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਕਰੇਗੀ ਅਤੇ ਇਸ ਅਥਾਰਟੀ ਨੂੰ ਬਣਾਉਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਅਥਾਰਟੀ ਜੋ ਪੂਰੇ ਖਿੱਤੇ ਵਿੱਚ ਆਪਣੀ ਤਰ•ਾਂ ਦੀ ਪਹਿਲੀ ਅਥਾਰਟੀ ਹੋਵੇਗੀ, ਦੀਆਂ ਸਿਫਾਰਸ਼ਾਂ ਨੂੰ ਪਹਿਲ ਦੇ ਆਧਾਰ 'ਤੇ ਰੱਖ ਕੇ ਸੂਬੇ ਨੂੰ ਸੜਕੀ ਹਾਦਸਿਆਂ ਤੋਂ ਮੁਕਤ ਕੀਤਾ ਜਾਵੇਗਾ।