ਨਵੀਂ ਦਿੱਲੀ, 10 ਮਾਰਚ, 2017 : ਪੰਥ ਦੀ ਭਲਾਈ ਦੇ ਕਾਰਜਾਂ ਲਈ ਬਾਦਲ ਪਰਿਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਰਤਿਆ ਹੈ। ਉਕਤ ਖੁਲਾਸਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵਰਲਡ ਪੰਜਾਬੀ ਅੋਰਗੇਨਾਈਜੇਸ਼ਨ ਅਤੇ ਸਨ ਫਾਉੂਂਡੇਸ਼ਨ ਦੇ ਚੇਅਰਮੈਨ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕਮੇਟੀ ਚੋਣਾਂ ਵਿਚ ਪਾਰਟੀ ਦੀ ਜਿਤ ’ਤੇ ਰੱਖੇ ਗਏ ਸਨਮਾਨ ਸਮਾਗਮ ਦੌਰਾਨ ਮਾਂਵਲੰਕਰ ਹਾਲ ਵਿਖੇ ਭਰਵੇਂ ਇਕੱਠ ਸਾਹਮਣੇ ਕੀਤਾ। ਜੀ.ਕੇ. ਨੇ ਕਿਹਾ ਕਿ ਭਾਵੇਂ ਸਾਨੂੰ ਸਾਡੇ 4 ਸਾਲ ਦੌਰਾਨ ਕੀਤੇ ਗਏ ਕਾਰਜਾਂ ਨੇ ਜਿਤਾਇਆ ਹੈ ਕੋਈ ਮਰਜ਼ੀ ਸਾਡੇ ’ਤੇ ਇਲਜਾਮਤਰਾਸੀ ਕਰ ਸਕਦਾ ਹੈ ਪਰ ਸਾਡੇ ਕੰਮਾਂ ਨੂੰ ਨਜ਼ਰਅੰਦਾਜ ਕਰਨਾ ਸੌਖਾ ਨਹੀਂ।
ਲੋਕਾਂ ਵੱਲੋਂ ਬਾਦਲ ਪਰਿਵਾਰ ’ਤੇ ਪੰਥ ਵਿਰੋਧੀ ਹੋਣ ਦੇ ਲਗਾਏ ਜਾਂਦੇ ਆਰੋਪਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਜੀ.ਕੇ. ਨੇ ਪੰਜਾਬ ਦੇ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਜਤਨਾਂ ਸਦਕਾ ਕਮੇਟੀ ਅਤੇ ਪੰਥ ਦੇ ਸਿਰੇ ਚੜ੍ਹੇ ਕਾਰਜਾਂ ਦਾ ਵੀ ਸੰਗਤਾਂ ਸਾਹਮਣੇ ਵੇਰਵਾ ਰੱਖਿਆ। ਜੀ.ਕੇ. ਨੇ ਸਵਾਲਿਆਂ ਲਹਿਜੇ ਵਿਚ ਪੁੱਛਿਆ ਕਿ ਕਿਸੇ ਨੇ ਬੀਤੇ 4 ਸਾਲਾਂ ਦੌਰਾਨ ਕਮੇਟੀ ਦੀਆਂ ਸਟੇਜਾਂ ’ਤੇ ਬਾਦਲ ਪਰਿਵਾਰ ਦੇ ਨਾਲ ਹੀ ਕਿਸੇ ਹੋਰ ਸਿਆਸੀ ਆਗੂ ਨੂੰ ਆਪਣੀ ਸਿਆਸਤ ਲਈ ਸਟੇਜ ਵਰਤਦੇ ਤੱਕਿਆ ਹੈ ”;ਵਸ ਪਰ ਹਾਂ, ਅਸੀਂ ਜਰੂਰ ਬਾਦਲ ਪਰਿਵਾਰ ਨੂੰ ਕੌਮੀ ਕਾਰਜਾਂ ਦੇ ਹੱਲ ਕਰਾਉਣ ਲਈ ਪੂਰੀ ਜਿੰਮੇਵਾਰੀ ਨਾਲ ਇਸਤੇਮਾਲ ਕੀਤਾ ਹੈ। ਅਸੀਂ ਜਦੋਂ ਵੀ ਸਰਕਾਰੀ ਦਰਬਾਰੇ ਗਏ ਤਾਂ ਆਪਣੇ ਲਈ ਪਰਮਿਟ-ਕੋਟਾ ਜਾਂ ਲਾਈਸੰਸ ਲੈਣ ਲਈ ਨਹੀਂ ਸਗੋਂ ਪੰਥਕ ਕਾਰਜਾਂ ਨੂੰ ਹੱਲ ਕਰਨ ਦੀ ਵਕਾਲਤ ਕਰਨ ਗਏ।
ਇਸ ਸਬੰਧੀ ਜੀ.ਕੇ. ਨੇ ਕਾਲੀ ਸੂਚੀ ਚੋਂ 225 ਨਾ ਹਟਣ, ਅਫ਼ਗਾਨੀ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਮਿਲਣ, ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦੀ ਨਾਭਾ ਹਾਊਸ ਵਿਖੇ ਸਥਾਪਨਾ, ਖਾਲਸਾ ਕਾਲਜਾਂ ਨੂੰ ਘਟਗਿਣਤੀ ਅਦਾਰੇ ਵੱਜੋਂ ਮਾਨਤਾ, ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਨੂੰ ਪੰਜਾਬ ਸਰਕਾਰ ਵੱਲੋਂ 10 ਕਰੋੜ ਰੁਪਏ ਦੇਣਾ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਹੋਏ ਪੰਜਾਬ ਸਰਕਾਰ ਦੇ ਸਮਾਗਮਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਜ਼ਰੀ ਭਰਨਾ, ਮਹਿਰੌਲੀ ਵਿਖੇ 7.5 ਏਕੜ ਦਾ ਪਾਰਕ ਦਿਵਾਉਣਾ ਅਤੇ ਲਾਲ ਕਿਲਾ, ਇੰਡੀਆ ਗੇਟ, ਕਨਾਟ ਪਲੈਸ ਤੇ ਕੁਤੁਬਮੀਨਾਰ ਵਿਖੇ ਵੱਡੇ ਸਮਾਗਮ ਕਰਾਉਣ ਦੀ ਮਨਜੂਰੀ ਬਾਦਲ ਪਰਿਵਾਰ ਦੇ ਕਾਰਨ ਮਿਲਣ ਦੀ ਜਾਣਕਾਰੀ ਦਿੱਤੀ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮੰਨਿਆ ਕਿ ਕਮੇਟੀ ਦੇ ਉਸਾਰੂ ਕਾਰਜਾਂ ਅਤੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਯੋਗ ਅਗਵਾਈ ਕਰਕੇ ਸਾਡੇ ਪੱਖ ਵਿਚ ਇੱਕ ਲਹਿਰ ਚਲ ਰਹੀ ਸੀ ਜਦੋਂ ਅਸੀਂ ਇਲਾਕੇ ਦੇ ਵਿਚ ਵੋਟਾਂ ਮੰਗਣ ਲਈ ਘਰ-ਘਰ ਜਾਂਦੇ ਸੀ ਤਾਂ ਮਾਤਾਵਾਂ-ਭੈਣਾਂ ਸਾਡੇ ਬੋਲਣ ਤੋਂ ਪਹਿਲਾ ਹੀ ਕਮੇਟੀ ਦੇ ਚੰਗੇ ਕਾਰਜਾਂ ਦੀ ਤਾਰੀਫ਼ ਸ਼ੁਰੂ ਕਰਕੇ ਸਾਡੀ ਕਮੇਟੀ ਆਉਣ ਵਾਸਤੇ ਗੁਰੂ ਚਰਣਾਂ ’ਚ ਪਾਠ ਤੇ ਅਰਦਾਸ ਕਰਨ ਦਾ ਵੀ ਹਵਾਲਾ ਦਿੰਦੀਆਂ ਸਨ। ਸਿਰਸਾ ਨੇ ਕਿਹਾ ਕਿ ਲੋਕਾਂ ਦੀਆਂ ਉਮੀਦਾਂ ਦਾ ਗ੍ਰਾਫ਼ ਸਾਡੇ ਤੋਂ ਬਹੁਤ ਵੱਡਾ ਹੋ ਗਿਆ ਹੈ ਇਸ ਕਰਕੇ ਹੁਣ ਅਗਲੇ 4 ਸਾਲ ਦੇ ਕੰਮਾਂ ਵਾਸਤੇ ਕਾਰਜ ਖੇਤਰ ਵੱਡਾ ਕਰਨ ਦੀ ਸਾਡੇ ’ਤੇ ਜਿੰਮੇਵਾਰੀ ਆ ਗਈ ਹੈ।
ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਜਿੱਤ ਦਾ ਸਿਹਰਾ ਜੀ.ਕੇ. ਦੇ ਸਿਰ ’ਤੇ ਬੰਨਦੇ ਹੋਏ ਜੀ.ਕੇ. ਨੂੰ ਜਥੇਦਾਰ ਸੰਤੋਖ ਸਿੰਘ ਦਾ ਸੱਚਾ ਪੁੱਤ ਵੀ ਐਲਾਨਿਆ। ਹਿਤ ਨੇ ਕਿਹਾ ਕਿ ਜਿਵੇਂ ਚੰਗਾ ਪੁੱਤ ਆਪਣੇ ਪਿਊ ਦੇ ਕੀਤੇ ਚੰਗੇ ਕਾਰਜਾਂ ਨੂੰ ਹੋਰ ਅਗੇ ਵਧਾਉਂਦਾ ਹੈ ਉਸੇ ਤਰ੍ਹਾਂ ਜੀ.ਕੇ. ਨੇ ਕਮੇਟੀ ਵਿਚ ਕਾਰਜ ਕਰਦੇ ਹੋਏ ਆਪਣੀ ਨੌਜਵਾਨ ਟੀਮ ਦੀ ਇੱਕਜੁਟਤਾ ’ਤੇ ਜੋਸ਼ ਦੇ ਨਾਲ ਉਹ ਮੁਕਾਮ ਹਾਸ਼ਿਲ ਕੀਤਾ ਹੈ ਜਿਸਨੂੰ ਹਾਸ਼ਿਲ ਕਰਨ ਨੂੰ ਹਰ ਕੋਈ ਤਰਸ਼ਦਾ ਹੈ। ਹਿਤ ਨੇ ਇਸ ਜਿੱਤ ਨੂੰ ਟੀਮ ਜੀ.ਕੇ. ਦੀ ਜਿੱਤ ਕਰਾਰ ਦਿੱਤਾ।
ਸਾਹਨੀ ਨੇ ਅਗਲੇ 4 ਸਾਲਾਂ ਲਈ ਜੀ.ਕੇ. ਨੂੰ ਕਈ ਨਿਵੇਕਲੇ ਕਾਰਜ ਕਰਨ ਦੀ ਸਲਾਹ ਦਿੰਦੇ ਹੋਏ ਸਿਵਿਲ ਪ੍ਰੀਖਿਆ ਦੀ ਸਿਖਲਾਈ ਵਾਸਤੇ ਸਿੱਖ ਬੱਚਿਆਂ ਲਈ ਖੁਲਣ ਵਾਲੀ ਨਵੀਂ ਅਕਾਦਮੀ ਲਈ ਪੂਰਨ ਮਾਲੀ ਸਹਿਯੋਗ ਦੇਣ ਦੀ ਵੀ ਪੇਸ਼ਕਸ਼ ਕੀਤੀ। ਸਾਹਨੀ ਨੇ ਬਾਲਾ ਸਾਹਿਬ ਹਸਪਤਾਲ ਵਿਖੇ ਮੈਡੀਕਲ ਕਾਲਜ ਦੇ ਨਾਲ ਹੀ ਨਰਸਿੰਗ ਕਾਲਜ ਆਦਿਕ ਖੋਲਣ ਦੀ ਵੀ ਤਜਵੀਜ਼ ਦਿੱਤੀ। ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਢਸਾ ਨੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਸਾਰੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ।
ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਧਰਮ ਪ੍ਰਚਾਰ ਦੀ ਲਹਿਰ ਨੂੰ ਪਾਰਟੀ ਦਾ ਜਿੱਤ ਦਾ ਮੁਖ ਕਾਰਨ ਦੱਸਦੇ ਹੋਏ ਵਿਰੋਧੀ ਧਿਰ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਅਤੇ ਹੋਰ ਪੰਥਕ ਮਸਲਿਆਂ ’ਤੇ ਅਲਾਪੇ ਨਵੇਂ ਸੁਰ ਨੂੰ ਵੀ ਵਿਰੋਧੀਆਂ ਦੀ ਹਾਰ ਦੇ ਮੁਖ ਕਾਰਨ ਵੱਜੋਂ ਗਿਣਾਇਆ।ਸਟੇਜ ਸਕੱਤਰ ਦੀ ਸੇਵਾ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਨਵੇਂ ਚੁਣੇ ਗਏ ਕਮੇਟੀ ਮੈਂਬਰਾਂ ਦੇ ਨਾਲ ਹੀ ਸਾਬਕਾ ਕਮੇਟੀ ਮੈਂਬਰ ਕੁਲਮੋਹਨ ਸਿੰਘ, ਹਰਦੇਵ ਸਿੰਘ ਧਨੋਆ, ਸਮਰਦੀਪ ਸਿੰਘ ਸੰਨੀ ਅਤੇ ਮੀਡੀਆ ਮੁਖੀ ਪਰਮਿੰਦਰ ਪਾਲ ਸਿੰਘ ਦਾ ਵੀ ਸਨਮਾਨ ਕੀਤਾ ਗਿਆ।
ਨਵੇਂ ਚੁਣੇ ਗਏ ਮੈਂਬਰਾਂ ਵਿਚ ਓਂਕਾਰ ਸਿੰਘ ਥਾਪਰ, ਹਰਮੀਤ ਸਿੰਘ ਕਾਲਕਾ, ਹਰਮਨਜੀਤ ਸਿੰਘ, ਮਹਿੰਦਰ ਪਾਲ ਸਿੰਘ ਚੱਢਾ, ਹਰਿੰਦਰ ਪਾਲ ਸਿੰਘ, ਜਤਿੰਦਰ ਪਾਲ ਸਿੰਘ ਗੋਲਡੀ, ਵਿਕਰਮ ਸਿੰਘ, ਮਨਜੀਤ ਸਿੰਘ ਔਲਖ, ਦਲਜੀਤ ਸਿੰਘ ਸਰਨਾ, ਪਰਮਜੀਤ ਸਿੰਘ ਚੰਢੋਕ, ਭੁਪਿੰਦਰ ਸਿੰਘ ਭੁੱਲਰ, ਗੁਰਮੀਤ ਸਿੰਘ, ਅਮਰਜੀਤ ਸਿੰਘ ਪਿੰਕੀ, ਹਰਜੀਤ ਸਿੰਘ ਪੱਪਾ, ਜਗਦੀਪ ਸਿੰਘ ਕਾਹਲੋ, ਨਿਸ਼ਾਨ ਸਿੰਘ ਮਾਨ, ਗੁਰਮੀਤ ਸਿੰਘ ਮੀਤਾ, ਜਸਮੇਨ ਸਿੰਘ ਨੌਨੀ, ਹਰਜੀਤ ਸਿੰਘ ਜੀ.ਕੇ., ਮਨਮੋਹਨ ਸਿੰਘ ਅਤੇ ਆਤਮਾ ਸਿੰਘ ਲੁਬਾਣਾ ਪ੍ਰਮੁੱਖ ਸਨ। ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਅਨੰਦ ਵੀ ਇਸ ਮੌਕੇ ਮੌਜੂਦ ਸਨ।