ਚੰਡੀਗੜ੍ਹ, 20 ਮਾਰਚ, 2017 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਅਤੇ ਭਿ੍ਰਸ਼ਟਾਚਾਰ ਖਿਲਾਫ਼ ਕਰੜਾ ਰੁਖ ਅਖਤਿਆਰ ਕਰਦਿਆਂ ਸੂਬਾ ਪ੍ਰਸ਼ਾਸਨ ਦੀ ਪਹਿਲੀ ਮੀਟਿੰਗ ਦੌਰਾਨ ਭਿ੍ਰਸ਼ਟਾਚਾਰ, ਨਸ਼ੇ ਅਤੇ ਅਪਰਾਧ ਤੋਂ ਮੁਕਤ ਸਮਾਜ ਬਣਾਉਣ ਲਈ ਜ਼ਿਲਾ ਪੁਲੀਸ ਮੁਖੀਆਂ ਅਤੇ ਡਿਪਟੀ ਕਮਿਸ਼ਨਰਾਂ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਵੱਡੇ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਨੂੰ ਕਾਬੂ ਕਰਨ ਦੇ ਹੁਕਮ ਦਿੱਤੇ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਸ਼ੇ, ਭਿ੍ਰਸ਼ਟਾਚਾਰ ਅਤੇ ਹੋਰ ਮਾਫੀਆ ਨਾਲ ਕਰੜੇ ਹੱਥੀਂ ਨਿਪਟਣ ਦੇ ਲਏ ਫੈਸਲੇ ਤੋਂ ਦੋ ਦਿਨ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰਿਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਕਿ ਨਸ਼ੇ, ਭਿ੍ਰਸ਼ਟਾਚਾਰ, ਮਾਫੀਆ ਨੂੰ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ। ਪ੍ਰਸ਼ਾਸਨਿਕ ਸੁਧਾਰਾਂ ਬਾਰੇ ਅਧਿਕਾਰੀਆਂ ਨਾਲ ਆਪਣੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਇਸ ਮਾਮਲੇ ’ਤੇ ਕੋਈ ਵੀ ਢਿੱਲ ਨਾਲ ਵਰਤੇ ਜਾਣ ਦੀ ਤਾੜਨਾ ਕੀਤੀ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਭਿ੍ਰਸ਼ਟਾਚਾਰ, ਗੈਰ-ਕਾਨੂੰਨੀ ਖਣਨ, ਗੈਰ-ਕਾਨੂੰਨੀ ਆਵਾਜਾਈ, ਝੂਠੇ ਕੇਸ ਦਰਜ ਕਰਨ, ਐਫ.ਆਈ.ਆਰ ਦਰਜ ਨਾ ਕਰਨ, ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਗੁੰਡਾਗਰਦੀ ਅਤੇ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦੇ ਮਾਮਲਿਆਂ ਵਿਚ ਜ਼ਿਲਾ ਪ੍ਰਸ਼ਾਸਨ ਦੇ ਉਚ ਅਧਿਕਾਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ ਅਤੇ ਇਸ ਵਿੱਚ ਅਣਗਹਿਲੀ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ।