ਬਟਾਲਾ, 28 ਜਨਵਰੀ, 2017 : ''ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਬਟਾਲਾ ਸ਼ਹਿਰ ਦੇ ਬੰਦ ਪਏ ਸੈਂਕੜੇ ਉਦਯੋਗਾਂ ਨੂੰ ਮੁੜ ਸਥਾਪਤ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।'' ਇਹ ਵਾਅਦਾ ਅੱਜ ਵਿਧਾਨ ਸਭਾ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਸ਼ਹਿਰ ਦੇ ਨਹਿਰੂ ਗੇਟ ਇਲਾਕੇ ਵਿਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਦੌਰਾਨ ਉਨ੍ਹਾਂ ਆਖਿਆ ਕਿ ਅੱਜ ਦੀ ਸਿਆਸਤ ਲੋਟੂ ਤੇ ਲਾਲਚੀ ਨੇਤਾਵਾਂ ਕਰਕੇ ਕੁਰਾਹੇ ਪੈ ਚੁੱਕੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਸਮਾਰਟ ਫੋਨ ਤੇ ਸੁਖਬੀਰ ਸਿੰਘ ਬਾਦਲ ਪਾਣੀ ਵਾਲੀਆਂ ਬੱਸਾਂ ਚਲਾਉਣ ਦੇ ਵਾਅਦਿਆਂ ਵਿਚ ਪੰਜਾਬ ਦੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮਾਰੇ ਲੋਕਾਂ ਨੂੰ ਭਰਮਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏਗੀ, ਜਿਸ ਦੇ ਨਾਲ ਲੋਕ ਖੁਦ ਸਮਾਰਟ ਫੋਨ ਵੀ ਖਰੀਦ ਸਕਣਗੇ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਦਲਿਤਾਂ ਨੂੰ 400 ਯੂਨਿਟ ਬਿਜਲੀ ਮੁਫਤ, ਵਿਧਵਾ ਤੇ ਬਜ਼ੁਰਗ ਪੈਨਸ਼ਨਾਂ 2500-2500 ਰੁਪਏ ਅਤੇ ਸ਼ਗਨ ਸਕੀਮ 51000 ਰੁਪਏ ਦਿੱਤੇ ਜਾਣਗੇ। ਮੁਫਤ ਆਟਾ-ਦਾਲ ਗਰੀਬ ਲੋਕਾਂ ਨੂੰ ਉੱਚ ਕੁਆਲਿਟੀ ਦਾ ਦਿੱਤਾ ਜਾਵੇਗਾ। ਪੰਜਾਬ ਦੇ ਕਿਸਾਨਾਂ ਨੂੰ ਫਸਲਾਂ ਦੇ ਵਾਜਬ ਭਾਅ ਦਿੱਤੇ ਜਾਣਗੇ ਤੇ ਕਿਸਾਨਾਂ ਦਾ ਬਜ਼ੁਰਗਾਂ ਜਿੰਨਾ ਸਤਿਕਾਰ ਕੀਤਾ ਜਾਵੇਗਾ। ਬਟਾਲਾ ਸ਼ਹਿਰ ਦਾ ਸੁੰਦਰੀਕਰਨ ਕਰਕੇ ਦੁਨੀਆ ਦੇ ਨਕਸ਼ੇ 'ਤੇ ਲਿਆਂਦਾ ਜਾਵੇਗਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਇੰਚਾਰਜ ਜ਼ਿਲ੍ਹਾ ਗੁਰਦਾਸਪੁਰ ਸ਼ੈਰੀ ਕਲਸੀ, ਵਿਨੋਦ ਸਹਿਗਲ, ਅਵਤਾਰ ਸੰਧੂ, ਬਲਜਿੰਦਰ ਫ਼ੌਜੀ, ਸੋਨੂੰ ਢਿੱਲੋਂ, ਜਗਜੀਤ ਚੀਮਾ, ਗੁਰਨਾਮ ਸਿੰਘ, ਜੋਏ ਗਿੱਲ, ਗੋਪੀ ਬੋਪਾਰਾਏ, ਸੁਖਜਿੰਦਰ ਸਿੰਘ ਦਾਬਾਂਵਾਲ, ਹਰਪਾਲ ਰਾਏ, ਰਾਕੇਸ਼ ਮਹਿਤਾ, ਭਗਤ ਸਿੰਘ ਲੁਬਾਣਾ ਅਤੇ ਮੈਨੇਜਰ ਰਤਨ ਸਿੰਘ ਆਦਿ ਆਪ ਵਾਲੰਟੀਅਰ ਵੀ ਹਾਜ਼ਰ ਸਨ।