ਰੂਪਨਗਰ, 9 ਜਨਵਰੀ, 2017 : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2017 ਨੂੰ ਨਿਰਪੱਖ, ਸਚੱਜੇ ਅਤੇ ਬਿਨ੍ਹਾਂ ਕਿਸੇ ਡਰ ਭੈਅ ਤੋਂ ਨੇਪਰੇ ਚਾੜ੍ਹਨ ਲਈ ਰੂਪਨਗਰ ਜ਼ਿਲ੍ਹੇ ਦੇ ਨਾਲ ਲਗਦੇ ਹਿਮਾਚਲ ਦੇ ਬਾਰਡਰਾਂ ਤੇ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਵਲੋਂ ਨਾਕੇ ਲਗਾਏ ਗਏ ਹਨ ਅਤੇ ਇਸਦੇ ਨਾਲ ਨਾਲ ਇਨ੍ਹਾਂ ਨਾਕਿਆਂ ਤੇ ਸੀ.ਸੀ.ਟੀ.ਵੀ. ਕੈਮਰੇ ਵੀ ਫਿਟ ਕੀਤੇ ਗਏ ਹਨ।
ਇੰਨਾਂ ਨਾਕਿਆਂ ਦੀ ਅੱਜ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਕਰਨੇਸ਼ ਸ਼ਰਮਾਂ ਅਤੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਵਰਿੰਦਰ ਪਾਲ ਸਿੰਘ ਵਲੋਂ ਚੈਕਿੰਗ ਕੀਤੀ ਗਈ। ਇਸ ਮੌਕੇ ਸ਼੍ਰੀ ਰਕੇਸ਼ ਕੁਮਾਰ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ, ਮੈਡਮ ਕੋਮਲ ਐਸ.ਡੀ.ਐਮ. ਨੰਗਲ ਅਤੇ ਡੀ.ਐਸ.ਪੀ. ਸ਼੍ਰੀ ਰਣਧੀਰ ਸਿੰਘ ਅਤੇ ਡੀ.ਐਸ.ਪੀ. ਨੰਗਲ ਗੁਰਦੀਪ ਸਿੰਘ ਗੌਸਲ ਵੀ ਉਨਾਂ ਦੇ ਨਾਲ ਸਨ। ਉਨਾਂ ਪਹਿਲਾਂ ਘਨੌਲੀ ਬੈਰੀਅਰ ਤੇ ਲੱਗਿਆ ਨਾਕਾ, ਦਹਿਣੀ ਦਾ ਅੰਤਰਰਾਜ਼ੀ ਨਾਕਾ ਅਤੇ ਇਸ ਉਪਰੰਤ ਅਜੌਲੀ ਮੋੜ ਵਾਲਾ ਨਾਕਾ (ਨੰਗਲ) ਚੈਕ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇੰਨਾ ਨਾਕਿਆਂ ਤੇ ਪੰਜਾਬ ਤੋਂ ਹਿਮਾਚਲ ਵੱਲ ਅਤੇ ਹਿਮਾਚਲ ਤੋਂ ਪੰਜਾਬ ਵਲ ਆਉਣ ਵਾਲੀਆਂ ਗੱਡੀਆਂ ਨੂੰ ਚੈਕ ਕੀਤਾ ਜਾ ਰਿਹਾ ਹੈ ਤਾਂ ਜੋ ਹਿਮਾਚਲ ਤੋਂ ਪੰਜਾਬ ਵਿੱਚ ਕੋਈ ਗੈਰ ਡਰੱਗ ਜਾਂ ਗੈਰ ਕਾਨੂੰਨੀ ਸ਼ਰਾਬ ਜਾਂ ਹਥਿਆਰ ਅਤੇ ਗੈਰ ਕਨੂੰਨੀ ਰਕਮ ਲੈ ਕੇ ਨਾ ਦਾਖਲ ਹੋ ਸਕੇ। ਉਨਾਂ ਨਾਕਿਆਂ ਤੇ ਖੜ੍ਹੇ ਸੀ.ਏ.ਪੀ.ਐਫ. ਦੇ ਜਵਾਨਾਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੂੰ ਕਿਹਾ ਕਿ ਨਾਕੇ ਤੇ ਚੈਕਿੰਗ ਦੌਰਾਲ ਮੁਸਾਫਿਰਾਂ ਨਾਲ ਹਲੀਮੀ ਨਾਲ ਪੇਸ਼ ਆਇਆ ਜਾਵੇ ਅਤੇ ਕਿਸੇ ਨਾਲ ਕਿਸੇ ਕਿਸਮ ਦੀ ਦੁਰਵਿਵਹਾਰ ਨਾ ਕੀਤਾ ਜਾਵੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਕਿਸਮ ਦੀ ਗੈਰ ਕਨੂੰਨੀ ਸਮਾਨ ਜਾਂ ਫਿਰ ਵੱਡੀ ਮਾਤਰਾ ਵਿੱਚ ਨਕਦੀ ਨਾ ਲੈ ਕੇ ਨਾ ਚੱਲਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕਠਿਨਾਈ ਦਾ ਸਾਹਮਣਾਂ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਨਾਕਿਆਂ ਤੋਂ ਲੰਘਦੀਆਂ ਬੱਤੀਆਂ ਵਾਲੀਆਂ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾਵੇ।
ਇਸ ਮੌਕੇ ਸ਼੍ਰੀ ਵਰਿੰਦਰਪਾਲ ਸਿੰਘ ਸੀਨੀਅਰ ਪੁਲਿਸ ਕਪਤਾਨ ਨੇ ਦਸਿਆ ਕਿ ਚੌਣ ਜ਼ਾਬਤਾ ਲੱਗਣ ਵਾਲੇ ਦਿਨ ਤੋਂ ਹੀ ਰੂਪਨਗਰ ਜ਼ਿਲ੍ਹੇ ਦੇ ਨਾਲ ਹਿਮਾਚਲ ਦੀਆਂ ਸਰਹੱਦਾਂ ਨੂੰ ਸੀਲ ਕਰ ਦਿਤਾ ਗਿਆ ਹੈ ਇਥੇ ਸੀ.ਏ.ਪੀ.ਐਫ. ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇੰਨਾਂ ਸਾਰਿਆਂ ਨਾਕਿਆਂ ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ ਜੋ 24 ਘੰਟੇ ਕੰਮ ਕਰ ਰਹੇ ਹਨ॥ ਇਹ ਨਾਕੇ ਰਾਤ ਭਰ ਕੰਮ ਕਰ ਰਹੇ ਹਨ ਅਤੇ ਲਗਾਤਾਰ ਰਾਤ ਭਰ ਚੱਲਣਗੇ ਅਤੇ ਚਾਰ ਪਹੀਆ ਵਾਹਨ ਕਾਰਾਂ, ਜੀਪਾਂ , ਬਸਾਂ ਆਦਿ ਦੇ ਨਾਲ ਨਾਲ ਦੋ ਪਹੀਆ ਵਾਹਨਾਂ ਨੂੰ ਵੀ ਚੈਕ ਕੀਤਾ ਜਾਵੇਗਾ।