ਚੰਡੀਗੜ੍ਹ, 20 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੂੰ ਵਿਦੇਸ਼ਾਂ ਵਿੱਚੋਂ ਅੱਤਵਾਦੀ ਜਥੇਬੰਦੀਆਂ ਵੱਲੋਂ ਫੰਡ ਭੇਜਣ ਬਾਰੇ ਬਿਆਨ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਸੂਤੇ ਫਸ ਗਏ ਹਨ। ‘ਆਪ’ ਨੇ ਇਸ ਮੁੱਦੇ ‘ਤੇ ਸੁਖਬੀਰ ਬਾਦਲ ਨੂੰ ਘੇਰਦਿਆਂ ਕਿਹਾ ਹੈ ਕਿ ਇਹ ਬਿਆਨ ਦੇ ਕੇ ਪਰਵਾਸੀ ਪੰਜਾਬੀਆਂ ਦਾ ਅਪਮਾਣ ਕੀਤਾ ਹੈ। ‘ਆਪ’ ਦੇ ਕੌਮੀ ਜਨਰਲ ਸਕੱਤਰ ਸੰਜੇ ਸਿੰਘ ਤੇ ਸੀਨੀਅਰ ਆਗੂ ਕੰਵਰ ਸੰਧੂ ਨੇ ਸੁਖਬੀਰ ਦੀ ਉਸ ਟਿੱਪਣੀ ਦੀ ਸਖਤ ਅਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੂਰੇ ਐਨ.ਆਰ.ਆਈ. ਭਾਈਚਾਰੇ ਨੂੰ ਅੱਤਵਾਦੀ ਦੱਸਿਆ ਹੈ। ਕੈਨੇਡਾ ਤੋਂ ਪੰਜਾਬ ਵਿੱਚ ਪ੍ਰਚਾਰ ਲਈ ਪਹੁੰਚੇ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ। ਇਸ ਲਈ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਪਰਵਾਸੀ ਭਾਰਤੀਆਂ ਬਾਰੇ ਉਨ੍ਹਾਂ ਦੀ ਦੂਸ਼ਣਬਾਜ਼ੀ ਬੇਬੁਨਿਆਦ ਹੈ। ਉਨਾਂ ਨੇ ਪਰਵਾਸੀ ਪੰਜਾਬੀਆਂ ਦਾ ਵੱਡਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਵਾਸੀਆਂ ਨੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਹਮਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੋਸ਼ ਲਾ ਰਹੇ ਹਨ ਕਿ ਆਮ ਆਦਮੀ ਪਾਰਟੀ ਅੱਤਵਾਦੀਆਂ ਕੋਲੋਂ ਫੰਡ ਲੈ ਰਹੀ ਹੈ। ਸੰਜੇ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਪੰਜਾਬ ਵਿੱਚ 100 ਤੋਂ ਜ਼ਿਆਦਾ ਸੀਟਾਂ ਉੱਤੇ ਜਿੱਤ ਹਾਸਲ ਕਰੇਗੀ ਤੇ ਦੋਵੇਂ ਬਾਦਲ ਲੰਬੀ ਤੇ ਜਲਾਲਾਬਾਦ ਤੋਂ ਵੱਡੇ ਫਰਕ ਨਾਲ ਹਾਰਣਗੇ।
abp sanjha ਤੋਂ ਧੰਨਵਾਦ ਸਾਹਿਤ