← ਪਿਛੇ ਪਰਤੋ
ਅੰਮ੍ਰਿਤਸਰ, 14 ਫ਼ਰਵਰੀ, 2017 : ਆਮ ਆਦਮੀ ਪਾਰਟੀ ਦੇ ਕਾਨੂੰਨੀ ਸੈੱਲ ਦੇ ਮੁੱਖੀ ਅਤੇ ਵਿਧਾਨ ਸਭਾ ਹਲਕਾ ਮਜੀਠਾ ਤੋਂ ਆਪ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਮਜੀਠਾ ਹਲਕੇ ਦੇ ਪੁਲਿਸ ਅਧਿਕਾਰੀਆਂ ਨੂੰ ਸੱਤਾਧਾਰੀਆਂ ਦੇ ਇਸ਼ਾਰਿਆਂ 'ਤੇ ਵਿਰੋਧੀਆਂ ਅਤੇ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣਾ ਬੰਦ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਪੁਲਿਸ ਅਫ਼ਸਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਲਕੇ 'ਚ ਧੱਕੇਸ਼ਾਹੀ ਤੇ ਦਬਾਅ ਦਾ ਦੌਰ ਖ਼ਤਮ ਹੋ ਚੁੱਕਾ ਹੈ। ਇੱਕ ਬਿਆਨ ਰਾਹੀਂ ਸ਼ੇਰਗਿੱਲ ਨੇ ਕਿਹਾ ਕਿ ਮਜੀਠਾ ਪੁਲਿਸ ਵੱਲੋਂ ਚੋਣ ਜਾਬਤੇ ਦੌਰਾਨ ਵੀ ਕਈ ਜਗ੍ਹਾ 'ਤੇ ਵਿਰੋਧੀਆਂ ਤੇ ਖ਼ਾਸ ਕਰਕੇ ਆਪ ਵਾਲੰਟੀਅਰਾਂ ਨੂੰ ਡਰਾਉਣ-ਧਮਕਾਉਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ। ਹਲਕੇ ਦੇ 28 ਬੂਥਾਂ 'ਤੇ 9 ਫ਼ਰਵਰੀ ਨੂੰ ਮੁੜ-ਮਤਦਾਨ ਹੋਣ ਦੌਰਾਨ ਵੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਬਾਅ ਹੇਠ ਬਾਬੋਵਾਲ ਪਿੰਡ ਦੇ ਬੂਥ 'ਤੋਂ 10 ਆਪ ਵਾਲੰਟੀਅਰਾਂ ਨੂੰ ਨਜਾਇਜ਼ ਤੌਰ 'ਤੇ ਪੁਲਿਸ ਨੇ ਹਿਰਾਸਤ 'ਚ ਲਿਆ ਸੀ ਜਿਨ੍ਹਾਂ ਨੂੰ ਉਹਨਾਂ (ਸ਼ੇਰਗਿੱਲ) ਵੱਲੋਂ ਸਾਰਾ ਮਾਮਲਾ ਫ਼ੌਰਨ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਅਤੇ ਹੋਰ ਆਪ ਆਗੂਆਂ ਦੇ ਜਬਰਦਸਤ ਵਿਰੋਧ ਕਾਰਨ 1 ਘੰਟੇ ਦੇ ਅੰਦਰ-ਅੰਦਰ ਛੁਡਵਾ ਕੇ ਮੁੜ ਬਾਬੋਵਾਲ ਬੂਥ 'ਤੇ ਪਹੁੰਚਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਪਿੰਡ ਕੋਟਲਾ ਸੈਦਾਂ ਤੋਂ ਆਪ ਦੇ ਪੋਲਿੰਗ ਏਜੰਟ ਜੁਗਰਾਜ ਸਿੰਘ ਨੂੰ ਮਾਮੂਲੀ ਮਾਮਲੇ 'ਚ ਕੱਥੂਨੰਗਲ ਪੁਲਿਸ ਨੇ ਹਿਰਾਸਤ 'ਚ ਲੈ ਕੇ ਪ੍ਰੇਸ਼ਾਨ ਕਰਨ ਦਾ ਯਤਨ ਕੀਤਾ ਜਦ ਕਿ ਸਾਰਾ ਮਸਲਾ ਮੁੜ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨੋਟਿਸ 'ਚ ਆਉਣ ਉਪਰੰਤ ਨਿਬੇੜਾ ਹੋ ਗਿਆ। ਐਡਵੋਕੇਟ ਸ਼ੇਰਗਿੱਲ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ ਮੰਤਰੀਆਂ, ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਦੇ ਇਸ਼ਾਰਿਆਂ 'ਤੇ ਨੱਚਣ ਵਾਲੇ ਪੁਲਿਸ ਅਫ਼ਸਰ ਤੇ ਕਰਮਚਾਰੀ ਕੰਧ 'ਤੇ ਲਿਖਿਆ ਪੜ੍ਹ ਲੈਣ ਅਤੇ ਹਲਕੇ 'ਚ ਕਾਨੂੰਨ ਦਾ ਰਾਜ ਕਾਇਮ ਕਰਨ ਵਿੱਚ ਬਣਦਾ ਯੋਗਦਾਨ ਪਾਉਣ। ਸ਼ੇਰਗਿੱਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਧੱਕੇਸ਼ਾਹੀਆਂ ਦਾ ਖ਼ਾਤਮਾ ਕੀਤਾ ਜਾਵੇਗਾ ਅਤੇ ਇਮਾਨਦਾਰ ਅਫ਼ਸਰਾਂ ਨੂੰ ਜ਼ਿੰਮੇਵਾਰ ਅਹੁਦਿਆਂ 'ਤੇ ਤੈਨਾਤ ਕਰਕੇ ਹਰ ਪੱਧਰ 'ਤੇ ਇਨਸਾਫ਼ ਬਹਾਲ ਕਰਵਾਉਣਾ ਯਕੀਨੀ ਬਣਾਇਆ ਜਾਣਾ ਸਰਕਾਰ ਦੀ ਪਰਮਅਗੇਤ ਹੋਵੇਗੀ।
Total Responses : 267