ਜਲੰਧਰ, 9 ਜਨਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਜਲੰਧਰ 'ਚ ਪੈਂਦੇ ਵਿਧਾਨ ਸਭਾ ਹਲਕਿਆਂ ਲਈ ਚੋਣ ਕਮਿਸ਼ਨ ਵੱਲੋੋਂ ਤਾਇਨਾਤ ਕੀਤੇ ਗਏ ਅਵੇਅਰਨੈਸ ਅਬਜ਼ਰਵਰ ਸ੍ਰੀ ਅਨਿੰਦਿਆ ਸੇਨਗੁਪਤਾ ਵੱਲੋਂ ਅੱਜ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਵੋਟਰ ਜਾਗਰੂਕਤਾ ਅਤੇ ਪੋਲਿੰਗ ਬੂਥਾਂ ਨਾਲ ਜੁੜੇ ਹੋਰ ਪਹਿਲੂਆਂ ਦਾ ਜਾਇਜ਼ਾ ਲਿਆ ਗਿਆ।
ਸ੍ਰੀ ਸੇਨਗੁਪਤਾ ਵੱਲੋੋਂ ਇਸ ਦੌਰਾਨ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ, ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਅਤੇ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਵਿੱਚ ਪੈਂਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਬੂਥ ਪੱਧਰੀ ਅਫਸਰਾਂ ਪਾਸੋੋਂ ਵੋਟਰ ਜਾਗਰੂਕਤਾ, ਵੋਟ ਦੇ ਮਹੱਤਵ ਤੇ ਇਸਦੀ ਵਰਤੋੋਂ ਕਰਨ ਲਈ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਸਵੀਪ ਤਹਿਤ ਹੋਏ ਕੰਮਾਂ ਦੀ ਜਾਣਕਾਰੀ ਲਈ ਗਈ।
ਸ੍ਰੀ ਸੇਨਗੁਪਤਾ ਨੇ ਇਸ ਮੌਕੇ ਬੂਥ ਪੱਧਰੀ ਅਫਸਰਾਂ ਨੂੰ ਕਿਹਾ ਕਿ ਉਹ ਸਕੂਲੀ ਵਿਦਿਆਰਥੀਆਂ ਰਾਹੀਂ ਅਤੇ ਮਾਪਿਆਂ ਨੂੰ ਸਿੱਧੇ ਰੂਪ ਵਿੱਚ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਨ ਤਾਂ ਜੋ ਇਸ ਲੋਕਤੰਤਰੀ ਪ੍ਰਕ੍ਰਿਆ ਵਿੱਚ ਵੱਧ ਤੋੋਂ ਵੱਧ ਲੋਕ ਅਤੇ ਖਾਸਕਰ ਨੌਜਵਾਨ ਵੋਟਰ ਭਾਗੀਦਾਰ ਬਣ ਸਕਣ। ਇਸ ਮੌਕੇ ਉਨ੍ਹਾਂ ਸਬੰਧਤ ਰਿਟਰਨਿੰਗ ਅਫਸਰਾਂ ਪਾਸੋੋਂ ਵੀ ਸਵੀਪ ਗਤੀਵਿਧੀਆਂ, ਪੋਲਿੰਗ ਬੂਥਾਂ ਦੇ ਪ੍ਰਬੰਧਾਂ ਤੇ ਹੋਰ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਇਸ ਤੋੋਂ ਪਹਿਲਾਂ ਸ੍ਰੀ ਸੇਨਗੁਪਤਾ ਵੱਲੋੋਂ ਪੇਡ ਨਿਊਜ਼ 'ਤੇ ਨਜ਼ਰਸਾਨੀ, ਇਸ਼ਤਿਹਾਰਾਂ ਦੀ ਅਗਾਊੰ ਪ੍ਰਵਾਨਗੀ ਲਈ ਸਥਾਪਤ ਕੀਤੇ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਸੈੱਲ ਦਾ ਦੌਰਾ ਕੀਤਾ ਗਿਆ। ਇਸ ਦੇ ਨਾਲ ਹੀ ਸਥਾਪਤ ਕੀਤੇ ਗਏ ਸ਼ਿਕਾਇਤ ਸੈੱਲ, ਫੈਸਿਲੀਟੇਸ਼ਨ ਸੈੱਲ ਦਾ ਵੀ ਦੌਰਾ ਕਰਕੇ ਇਥੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਇੰਚਾਰਜ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਸ੍ਰੀ ਗੁਰਮੀਤ ਸਿੰਘ, ਰਿਟਰਨਿੰਗ ਅਫਸਰ ਸ੍ਰੀ ਹਰਬੀਰ ਸਿੰਘ, ਸ੍ਰੀ ਰਾਜੀਵ ਵਰਮਾ ਤੇ ਸ੍ਰੀ ਬਰਜਿੰਦਰ ਸਿੰਘ, ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਸੁਰਜੀਤ ਲਾਲ, ਸਵੀਪ ਦੇ ਨੋਡਲ ਅਫਸਰ ਸ੍ਰੀ ਸੰਦੀਪ ਕੁਮਾਰ, ਸ੍ਰੀ ਭੁਪਿੰਦਰ ਪਾਲ ਸਿੰਘ ਅਤੇ ਸ੍ਰੀ ਮਨਜੀਤ ਮੈਣੀ ਤੋੋਂ ਇਲਾਵਾ ਹੋਰ ਹਾਜ਼ਰ ਸਨ।