ਚੰਡੀਗੜ੍ਹ, 26 ਜਨਵਰੀ, 2017 : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਵੀਰਵਾਰ ਨੂੰ ਦੋਆਬਾ 'ਚ ਸ਼ੁਰੂ ਹੋਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਮਿਲੇ ਮੱਠੇ ਹੁੰਗਾਰੇ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬੀਆਂ ਨੇ ਇਸ ਵਾਰ ਹੰਕਾਰੀ ਰਾਜੇ ਨੂੰ ਸਬਕ ਸਿਖਾਉਣ ਦਾ ਇਰਾਦਾ ਬਣਾ ਲਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਅਮਰਿੰਦਰ ਸਿੰਘ ਦੋਆਬੇ ਦੇ ਲੋਕਾਂ ਨੂੰ ਮਿਲਣ ਲਈ ਨਹੀਂ ਆਇਆ। ਇਸ ਲਈ ਹੁਣ ਦੁਆਬੇ ਦੇ ਲੋਕ ਵੀ ਉਸ ਦੀਆਂ ਰੈਲੀਆਂ ਵਿਚ ਨਹੀਂ ਆ ਰਹੇ।
ਸਦਾ ਲੋਕਾਂ ਵਿਚ ਰਹਿਣ ਵਾਲੇ ਆਗੂ ਅਤੇ ਜਨਤਾ ਨੂੰ ਕਦੇ ਕਦਾਈ ਸ਼ਕਲ ਦਿਖਾਉਣ ਵਾਲੇ ਆਗੂ ਵਿਚਲਾ ਫਰਕ ਦੱਸਦਿਆਂ ਸ਼ ਬਾਦਲ ਨੇ ਕਿਹਾ ਕਿ ਸਾਡੀਆਂ ਰੈਲੀਆਂ ਦੇਖੋ। ਅੱਜ ਮੀਂਹ ਵਾਲਾ ਮੌਸਮ ਹੋਣ ਦੇ ਬਾਵਜੂਦ ਇਹ ਨੱਕੋ ਨੱਕ ਭਰੀਆਂ ਹੋਈਆਂ ਸਨ। ਇਸ ਦੇ ਉਲਟ ਅੱਜ ਅਮਰਿੰਦਰ ਦੀਆਂ ਸ਼ਾਹਕੋਟ, ਨਕੋਦਰ ਅਤੇ ਕਰਤਾਰਪੁਰ ਵਾਲੀਆਂ ਰੈਲੀਆਂ ਵਿਚ ਸਿਰਫ ਖਾਲੀ ਕੁਰਸੀਆਂ ਉਸ ਦਾ ਮੂੰਹ ਚਿੜ੍ਹਾ ਰਹੀਆਂ ਸਨ। ਇਸ ਵਾਸਤੇ ਅਮਰਿੰਦਰ ਨੇ ਸਥਾਨਕ ਪ੍ਰਬੰਧਕਾਂ ਉੱਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ । ਉਹਨਾਂ ਕਿਹਾ ਕਿ ਦੂਜਿਆਂ ਵਿਚ ਨੁਕਸ ਕੱਢਣ ਦੀ ਥਾਂ ਉਸ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਜਦੋਂ ਤੁਸੀਂ ਲੋਕਾਂ ਨੂੰ ਨਹੀਂ ਮਿਲਦੇ ਤਾਂ ਲੋਕ ਤੁਹਾਨੂੰ ਮਿਲਣ ਵਾਸਤੇ ਕਿਉਂ ਆਉਣ। ਤੁਸੀਂ ਪੰਜਾਬੀਆਂ ਨੂੰ ਦੱਸੋ ਕਿ ਪਿਛਲੇ ਪੰਜ ਸਾਲ ਤੋਂ ਤੁਸੀਂ ਕਿੱਥੇ ਸੀ, ਹਿਮਾਚਲ ਪ੍ਰਦੇਸ਼,ਲਾਹੌਰ ਜਾਂ ਦੁਬਈ ਵਿਚ? ਇਹ ਗੱਲ ਤਾਂ ਪੱਕੀ ਹੈ ਕਿ ਤੁਸੀਂ ਪੰਜਾਬ ਵਿਚ ਨਹੀਂ ਸੀ।
ਬਾਦਲ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਹ ਵੀ ਕਰਤਾਰਪੁਰ ਗਏ ਸੀ। ਮੈਂ ਉੱਥੇ ਪਾਰਟੀ ਉਮੀਦਵਾਰ ਸੇਠ ਸੱਤ ਪਾਲ ਦੇ ਹੱਕ ਵਿਚ ਇਕ ਬਹੁਤ ਵੱਡੀ ਰੈਲੀ ਸੰਬੋਧਨ ਕੀਤਾ ਸੀ। ਇਸ ਦੇ ਉਲਟ ਅੱਜ ਉੱਥੇ ਅਮਰਿੰਦਰ ਦੀ ਰੈਲੀ ਵਿਚ ਕਾਂ ਬੋਲਦੇ ਸਨ। ਇੱਥੋਂ ਤਕ ਕਿ ਜਿਹੜੇ ਲੋਕ ਆਏ ਸਨ, ਉਹ ਵੀ ਕੁੱਝ ਦੇਰ ਬਾਅਦ ਇਹ ਕਹਿ ਕੇ ਉਠ ਗਏ ਕਿ ਉਹਨਾਂ ਨੂੰ ਸਿਰਫ ਦੋ ਘੰਟੇ ਬੈਠਣ ਦੇ ਪੈਸੇ ਮਿਲੇ ਸਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਦਲਿਤ ਭਾਈਚਾਰੇ ਨੇ ਅਮਰਿੰਦਰ ਦਾ ਬਾਈਕਾਟ ਕਰਨ ਦਾ ਫੈਸਲਾ ਕਰ ਲਿਆ ਹੈ। ਦਲਿਤਾਂ ਨੂੰ ਯਾਦ ਹੈ ਕਿ ਅਮਰਿੰਦਰ ਨੇ 2002 ਵਿਚ ਮੁੱਖ ਮੰਤਰੀ ਬਣਨ 'ਤੇ ਸਾਰੀਆਂ ਲੋਕ ਭਲਾਈ ਸਕੀਮਾਂ ਬਦ ਕਰ ਦਿੱਤੀਆਂ ਸਨ। ਇਸ ਦੇ ਉਲਟ ਸ਼ ਪਰਕਾਸ਼ ਸਿੰਘ ਬਾਦਲ ਨੇ 1996 ਵਿਚ ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਸੁਰੂ ਕੀਤੀਆਂ ਸਨ ਅਤੇ 2007 ਵਿਚ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ। ਹੁਣ ਵੀ ਅਸੀਂ ਆਪਣੀਆਂ ਲੋਕ ਭਲਾਈ ਸਕੀਮਾਂ ਦਾ ਦਾਇਰਾ ਵਧਾ ਰਹੇ ਹਾਂ ਅਤੇ ਸਾਰੇ ਨੀਲਾ ਕਾਰਡ ਧਾਰਕਾਂ ਨੂੰ 5 ਕਿਲੋ ਖੰਡ 10 ਰੁਪਏ ਕਿਲੋ ਅਤੇ 2 ਕਿਲੋ ਘਿਓ 25 ਰੁਪਏ ਕਿਲੋ ਦੇਣ ਦਾ ਫੈਸਲਾ ਕੀਤਾ ਹੈ।
ਸ਼ ਬਾਦਲ ਨੇ ਕਿਹਾ ਕਿ ਦਲਿਤ ਅਮਰਿੰਦਰ ਦਾ ਬਾਈਕਾਟ ਕਰਕੇ ਅਕਾਲੀ-ਭਾਜਪਾ ਗਠਜੋੜ ਵਿਚ ਇਸ ਲਈ ਆਪਣਾ ਭਰੋਸਾ ਜਤਾ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਗਠਜੋੜ ਨੇ ਹਮੇਸ਼ਾਂ ਆਪਣੇ ਵਾਅਦੇ ਪੂਰੇ ਕੀਤੇ ਹਨ। ਇਸ ਦੇ ਉਲਟ ਅਮਰਿੰਦਰ ਸਿੰਘ ਵਾਅਦੇ ਪੂਰੇ ਕਰਨਾ ਤਾਂ ਦੂਰ, ਸਾਰੀਆਂ ਲੋਕ ਭਲਾਈ ਸਕੀਮਾਂ ਵੀ ਬੰਦ ਕਰ ਦਿੰਦਾ ਹੈ।