ਚੰਡੀਗੜ੍ਹ, 7 ਜਨਵਰੀ, 2017 : ਸ਼ਿਕਾਗੋ ਵਾਸੀ ਮੁਨੀਸ਼ ਰਾਇਜ਼ਾਦਾ, ਸਾਬਕਾ ਕੋ-ਕਨਵੀਨਰ ਐਨਆਰਆਈ ਸੈਲ, ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਅਗਲੇ ਹਫਤੇ ਤੋਂ 'ਚੰਦਾ ਬੰਦ ਸੱਤਿਆਗ੍ਰਹਿ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਦੀ ਸ਼ੁਰੂਆਤ 24 ਦਸੰਬਰ 2016 ਤੋਂ ਦਿੱਲੀ ਵਿਚ ਰਾਜਘਾਟ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਦੌਰਾਨ ਪਿਛਲੇ 10 ਦਿਨਾਂ ਵਿਚ ਇਸ ਮੁਹਿੰਮ ਤਹਿਤ 70,000 ਪਰਚੇ ਵੰਡੇ ਗਏ ਹਨ ਅਤੇ 15000 ਤੋਂ ਵੱਧ ਲੋਕਾਂ ਨੇ ਇਹ ਸਹੁੰ ਚੁਕਾਈ ਗਈ ਹੈ ਕਿ ਜਦ ਤਕ ਆਪ ਆਪਣੇ ਚੰਦਿਆਂ ਦੀ ਸੂਚੀ ਜਨਤਕ ਨਹੀਂ ਕਰਦੀ, ਉਹ ਇਸ ਪਾਰਟੀ ਨੂੰ ਕੋਈ ਚੰਦਾ ਨਹੀਂ ਦੇਣਗੇ।
ਪੇਸ਼ੇ ਵਜੋਂ ਡਾਕਟਰ ਅਤੇ ਆਮ ਆਦਮੀ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਮੁਨੀਸ਼ ਰਾਇਜ਼ਾਦਾ ਨੇ ਇਹ ਸੱਤਿਆਗ੍ਰਹਿ ਉਸ ਸਮੇਂ ਤੋਂ ਸ਼ੁਰੂ ਕੀਤਾ ਸੀ, ਜਦੋਂ ਆਮ ਆਦਮੀ ਪਾਰਟੀ ਨੇ ਆਪਣੇ ਚੰਦਿਆਂ ਦਾ ਵੇਰਵਾ ਜਨਤਕ ਕਰਨ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਆਪ ਨੂੰ ਇਸ ਦੇ ਫਾਊਂਡੇਸ਼ਨ ਡੇਅ (26 ਨਵੰਬਰ) ਉੱਤੇ ਪੱਤਰ ਲਿਖ ਕੇ ਇੱਕ ਹਫਤੇ ਦੇ ਅੰਦਰ ਪਾਰਟੀ ਦੇ ਚੰਦੇ ਜਨਤਕ ਕਰਨ ਦੀ ਅਪੀਲ ਕੀਤੀ ਸੀ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੀ ਵੈਬਸਾਇਟ ਤੋਂ ਚੰਦਿਆਂ ਦੀ ਸੂਚੀ ਜੂਨ 2016 ਵਿਚ ਉਤਾਰ ਲਈ ਸੀ। ਦਰਅਸਲ ਪਾਰਟੀ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਤਿੰਨ ਨੋਟਿਸ ਜਾਰੀ ਹੋਏ ਸਨ,ਜਿਹਨਾਂ ਰਾਂਹੀਂ ਹਿਸਾਬ ਕਿਤਾਬ ਵਿਚਲੇ ਫਰਕ ਬਾਰੇ ਪੁੱਛਿਆ ਗਿਆ ਸੀ। ਇੱਕ ਨੋਟਿਸ ਵਿਚ ਪੁੱਛਿਆ ਗਿਆ ਹੈ ਕਿ ਆਪ ਦੀ ਵੈਬਸਾਇਟ ਉੱਤੇ ਪਾਏ ਗਏ ਵੇਰਵੇ ਚੋਣ ਕਮਿਸ਼ਨ ਦੇ ਰਿਕਾਰਡ ਨਾਲ ਮੇਲ ਨਹੀਂ ਖਾਂਦੇ, ਕਿਰਪਾ ਕਰੇ ਇਸ ਦੇ ਦਸਤਾਵੇਜ਼ੀ ਸਬੂਤ ਪੇਸ਼ ਕਰੋ।
ਰਾਇਜ਼ਾਦਾ ਨੇ ਦੱਸਿਆ ਕਿ ਆਪ ਇਹ ਦਾਅਵਾ ਕਰਕੇ ਬਣਾਈ ਗਈ ਸੀ ਕਿ ਇਹ ਜਨਤਾ ਦੇ ਫੰਡ ਨਾਲ ਬਣਾਈ ਜਾਣ ਵਾਲੀ ਪਾਰਟੀ ਹੋਵੇਗੀ ਅਤੇ ਇਹ ਈਮਾਨਦਾਰੀ ਨਾਲ ਸਾਰੇ ਚੰਦਿਆਂ ਦੇ ਵੇਰਵਾ ਜਨਤਾ ਦੇ ਸਾਹਮਣੇ ਰੱਖੇਗੀ। ਪਾਰਟੀ ਦੇ ਇਸ ਮੁੁੱਢਲੇ ਸਿਧਾਂਤ ਕਰਕੇ ਹੀ ਹਜ਼ਾਰਾਂ ਲੋਕੀ ਇਸ ਪਾਰਟੀ ਵੱਲ ਆਕਰਸ਼ਿਤ ਹੋਏ ਸਨ।
ਰਾਇਜ਼ਾਦਾ ਨੇ ਆਪਣਾ ਅਮਰੀਕਾ ਵਿਚਲਾ ਡਾਕਟਰੀ ਦਾ ਕਰੀਅਰ ਛੱਡ ਕੇ 2013 ਤੋਂ 2015 ਤੱਕ ਆਪਣਾ ਪੂਰਾ ਸਮਾਂ ਭਾਰਤ ਵਿਚ ਰਹਿ ਕੇ ਇਸ ਪਾਰਟੀ ਦੇ ਲੇਖੇ ਲਾਇਆ। ਉਹਨਾਂ ਪਾਰਟੀ ਅੰਦਰ ਵਿਭਿੰਨ ਅਹੁਦਿਆਂ ਉੱਤੇ ਕੰਮ ਕੀਤਾ। ਨਵੰਬਰ 2015 ਵਿਚ ਜਨਤਾ ਵਿਚ ਜਾ ਕੇ ਮੁੱਦੇ ਉਠਾਉਣ ਦੇ ਦੋਸ਼ ਵਿਚ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ।
ਰਾਇਜ਼ਾਦਾ ਦੀਆਂ 4 ਮੁੱਖ ਮੰਗਾਂ ਹਨ:
ਸਾਰੇ ਚੰਦਿਆਂ ਦੇ ਵੇਰਵੇ ਜਨਤਕ ਕੀਤੇ ਜਾਣ।
ਚੰਦਿਆਂ ਦੇ ਵੇਰਵੇ ਰਸੀਦ ਨੰਬਰ ਨਾਲ ਨਹੀਂ ਨਾਵਾਂ ਦੇ ਨਾਲ ਲੱਭਣਯੋਗ ਹੋਣ।
2014 ਤੋਂ ਬਾਅਦ ਦੀਆਂ ਲਾਪਤਾ ਬੈਲੈਂਸ ਸ਼ੀਟਾਂ ਨੂੰ ਜਨਤਕ ਕੀਤਾ ਜਾਵੇ।
ਪਾਰਟੀ ਦੁਆਰਾ 2014 ਵਿਚ ਹਾਸਿਲ ਕੀਤੇ 2 ਕਰੋੜ ਰੁਪਏ ਦੇ ਜਾਅਲੀ ਚੰਦਿਆਂ ਦੀ ਜਾਂਚ ਕਰਵਾਈ ਜਾਵੇ।
ਕੇਜਰੀਵਾਲ ਨੇ ਸੱਤਾ ਵਿਚ ਆਉਣ ਤੇ ਇਸ ਦੀ ਜਾਂਚ ਕਰਵਾਉਣ ਦਾ ਵਾਅਦਾ ਕੀਤਾ ਸੀ।
ਰਾਇਜ਼ਾਦਾ ਦਾ ਮੰਨਣਾ ਹੈ ਕਿ ਪਾਰਟੀ ਨੂੰ ਦਿੱਤੇ ਗਏ ਚੰਦੇ ਲੁਕੋ ਕੇ ਆਪ ਅਜਿਹੀਆਂ ਕਿਆਸਰਾਈਆਂ ਨੂੰ ਜਨਮ ਦੇ ਰਹੀ ਹੈ ਕਿ ਇਹ ਕਾਲੇ ਧਨ ਦਾ ਇਸਤੇਮਾਲ ਕਰ ਰਹੀ ਹੈ। ਇਸ ਲਈ ਇਹ ਸਹੀ ਮੌਕਾ ਹੈ ਕਿ ਕੇਜਰੀਵਾਲ ਸਾਰੇ ਚੰਦਿਆਂ ਨੂੰ ਜਨਤਕ ਕਰਕੇ ਪਾਰਟੀ ਅੰਦਰ ਲੁਕੋਏ ਗਏ ਸਾਰੇ ਪੈਸਿਆਂ ਦੀ ਨੋਟਬੰਦੀ ਕਰ ਦੇਵੇ।
ਰਾਇਜ਼ਾਦਾ ਦਾ ਕਹਿਣਾ ਹੈ ਕਿ ਜਦ ਤਕ ਚੰਦਿਆਂ ਦੇ ਮੁੱਦੇ ਉੱਤੇ ਪਾਰਟੀ ਆਪਣਾ ਨਜ਼ਰੀਆ ਸਪੱਸ਼ਟ ਨਹੀਂ ਕਰਦੀ, ਵਲੰਟੀਅਰਾਂ, ਮੈਂਬਰਾਂ ਅਤੇ ਸਮਰਥਕਾਂ ਕੋਲ ਸੱਿਤਆਗ੍ਰਹਿ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।
ਸੰਪਰਕ:
ਡਾਕਟਰ ਮੁਨੀਸ਼ ਰਾਇਜ਼ਾਦਾ
987 370 3054 (ਭਾਰਤ)
+1 217 720 9331 (ਅਮਰੀਕਾ)
pedia333@gmail.com