ਜੈਂਤੀਪੁਰ / ਮਜੀਠਾ, 21 ਜਨਵਰੀ, 2017 : ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੋਕ ਕੇਜਰੀਵਾਲ ਅਤੇ ਕਾਂਗਰਸ ਪਾਰਟੀ ਦੇ ਲਿਫਾਫੇਬਾਜ਼ਾਂ ਨੂੰ ਨਕਾਰਦਿਆਂ ਪੰਜਾਬ 'ਚ ਵਿਕਾਸ ਤੇ ਖੁਸ਼ਹਾਲੀ ਲਿਆਉਣ ਵਾਲੇ ਅਕਾਲੀ ਭਾਜਪਾ ਗੱਠਜੋੜ ਨੂੰ ਭਾਰੀ ਜਿੱਤ ਦਿਵਾਉਣਗੇ।
ਸ: ਮਜੀਠੀਆ ਪਿੰਡ ਦਿਆਲਗੜ੍ਹ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ ਨੇ ਕਿਹਾ ਕਿ ਅੱਸੀ ਵਿਕਾਸ, ਭਾਈਚਾਰਕ ਸਾਂਝ, ਸੋਸ਼ਲ ਵੈੱਲਫੇਅਰ ਸਕੀਮਾਂ ਦੀਆਂ ਪ੍ਰਾਪਤੀਆਂ ਆਦਿ ਸਾਰਥਿਕ ਏਜੰਡੇ ਨੂੰ ਲੋਕਾਂ 'ਚ ਜਾ ਰਹੇ ਹਾਂ ਜਦ ਕਿ ਵਿਰੋਧੀਆਂ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ। ਉਹ ਝੂਠੀਆਂ ਗੱਲਾਂ ਤੇ ਲਾਰਿਆਂ 'ਚ ਵੋਟ ਬਟੋਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਕੋਲ ਵਿਕਾਸ ਦਾ ਮੁੱਦਾ ਹੁੰਦਾ ਤਾਂ ਦੇਸ਼ ਭਰ 'ਚ ਅੱਜ ਉਸ ਦਾ ਸਫਾਇਆ ਨਾ ਹੋਇਆ ਹੁੰਦਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਜਾਣਦਾ ਹੈ ਕਿ ਲੋਕ ਵਿਕਾਸ ਦੇ ਮੁੱਦੇ 'ਤੇ ਉਸ 'ਤੇ ਵਿਸ਼ਵਾਸ ਨਹੀਂ ਕਰਨਗੇ। ਉਹਨਾਂ ਕਿਹਾ ਕਿ ਹੈਰਾਨੀ ਦੀ ਗਲ ਹੈ ਕਿ ਨਿੱਜੀ ਮੁਫ਼ਾਦ ਲਈ ਪਾਰਟੀਆਂ ਬਦਲਣ ਵਾਲੇ ਜ਼ਮੀਰ ਵਿਹੂਣੇ ਲੋਕ ਵਿਚਾਰਧਾਰਾ ਦੇ ਨਾਲ ਨਾਲ ਹੋਰ ਬਹੁਤ ਕੁੱਝ ਬਦਲ ਲੈਂਦੇ ਹਨ। ਜਿਸ ਰਾਹੁਲ ਨੂੰ ਪੱਪੂ ਕਿਹਾ ਜਾਂਦਾ ਸੀ ਉਸੇ ਦੇ ਪੈਰੀਂ ਡਿਗਣਾ, ਸੋਨੀਆ ਨੂੰ ਮੁਨੀ ਤੋਂ ਵੱਧ ਬਦਨਾਮ ਕਰਾਰ ਦੇਣ ਵਾਲਾ ਅੱਜ ਉਸ ਲਈ ਮਾਂ ਬਣ ਗਈ ਹੈ। ਉਨਾਂ ਕਿਹਾ ਜਿਸ ਪਾਰਟੀ ਨੇ ਮਾਣ ਦਿੱਤਾ ਉਸ ਨਾਲ ਵਿਸ਼ਵਾਸਘਾਤ ਕਰਨ ਵਾਲਿਆਂ ਤੇ ਕੋਈ ਯਕੀਨ ਨਹੀਂ ਕਰੇਗਾ। ਇਸ ਮੌਕੇ ਸ: ਮਜੀਠੀਆ ਨੇ ਕਿਸਾਨੀ ਲਈ ਪਾਣੀਆਂ ਦੀ ਰਾਖੀ ਕਰਨ, ਮਜ਼ਦੂਰ ਅਤੇ ਗਰੀਬ ਵਰਗ ਲਈ ਆਟਾ ਦਾਲ, ਸ਼ਗਨ ਸਕੀਮ, ਸਿਹਤ ਬੀਮਾ ਯੋਜਨਾਵਾਂ ਅਤੇ ਵਪਾਰ ਤੇ ਸਨਅਤ ਨੂੰ ਪ੍ਰਫੁਲਿਤ ਕਰਨ ਸੰਬੰਧੀ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦਿਆਂ ਤਕੜੀ ਅਤੇ ਲੋਕ ਸਭਾ ਲਈ ਕਮਲ ਦੇ ਫੁੱਲ ਨੂੰ ਭਾਰੀ ਗਿਣਤੀ 'ਚ ਵੋਟ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤਲਬੀਰ ਸਿੰਘ ਗਿੱਲ, ਮੈਨੇਜਰ ਸੁਲਖਣ ਸਿੰਘ ਭੰਗਾਲੀ, ਸਰਪੰਚ ਮਹਿੰਦਰ ਸਿੰਘ, ਹਰਬੰਸ ਸਿੰਘ, ਅਜੀਤ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਮੁਖਤਾਰ ਸਿੰਘ ਤੇ ਸਰਬਜੀਤ ਸਿੰਘ ਆਦਿ ਮੌਜੂਦ ਸਨ।